ਹੁਣ ਘਰ-ਦੁਕਾਨ ਤੋਂ ਚੁੱਕੇ ਜਾਣਗੇ ਪਾਰਸਲ, ਡਾਕਘਰ ਨੇ ਸ਼ੁਰੂ ਕੀਤੀ ਪਿਕਅੱਪ ਵੈਨ ਸੇਵਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਉਦਯੋਗਪਤੀਆਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਹੁਣ ਵੱਧ ਗਿਣਤੀ ਵਿਚ ਪਾਰਸਲ ਡਾਕਘਰ ਤੱਕ ਪਹੁੰਚਾਉਣ ਲਈ ਉਥੇ ਆਉਣ ਦੀ ਲੋੜ ਨਹੀਂ
Publish Date: Tue, 15 Sep 2026 07:11 PM (IST)
Updated Date: Tue, 15 Sep 2026 07:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਉਦਯੋਗਪਤੀਆਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਹੁਣ ਵੱਧ ਗਿਣਤੀ ਵਿਚ ਪਾਰਸਲ ਡਾਕਘਰ ਤੱਕ ਪਹੁੰਚਾਉਣ ਲਈ ਉਥੇ ਆਉਣ ਦੀ ਲੋੜ ਨਹੀਂ ਪਵੇਗੀ। ਅੰਮ੍ਰਿਤਸਰ ਡਾਕਘਰ ਵੱਲੋਂ ਪਾਰਸਲ ਪਿਕਅੱਪ ਵੈਨ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦਾ ਸ਼ੁਭ ਆਰੰਭ ਅੰਮ੍ਰਿਤਸਰ ਡਾਕਘਰ ਮੁੱਖ ਦਫ਼ਤਰ ਨਿਊ ਰਿਆਲਟੋ ਦੇ ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸਜ਼ ਚਰਨਜੀਤ ਸਿੰਘ ਨੇ ਹਰੀ ਝੰਡੀ ਵਿਖਾ ਕੇ ਵੈਨ ਨੂੰ ਰਵਾਨਾ ਕਰਕੇ ਕੀਤਾ। ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਈ ਅਜਿਹੇ ਖਪਤਕਾਰ ਹਨ, ਜਿਨ੍ਹਾਂ ਦੇ ਰੋਜ਼ਾਨਾ ਕਾਫ਼ੀ ਗਿਣਤੀ ਵਿਚ ਪਾਰਸਲ ਆਉਂਦੇ-ਜਾਂਦੇ ਹਨ। ਕਈ ਖਪਤਕਾਰਾਂ ਦੇ ਪਾਰਸਲ ਅੰਮ੍ਰਿਤਸਰ ਤੋਂ ਕਾਫ਼ੀ ਦੂਰ ਸਥਿਤ ਖੇਤਰਾਂ ਵਿਚ ਵੀ ਪਹੁੰਚਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਪਾਰਸਲ ਡਾਕਘਰ ਤੱਕ ਲਿਆਉਣ ਵਿਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਅਤੇ ਵਪਾਰੀਆਂ ਦੀ ਮੰਗ ਨੂੰ ਦੇਖਦੇ ਹੋਏ ਪਾਰਸਲ ਪਿਕਅੱਪ ਵੈਨ ਸੇਵਾ ਸ਼ੁਰੂ ਕੀਤੀ ਗਈ ਹੈ। ਖਪਤਕਾਰਾਂ ਵੱਲੋਂ ਸੂਚਨਾ ਮਿਲਦੇ ਹੀ ਵੈਨ ਨੂੰ ਨਿਰਧਾਰਤ ਥਾਂ ਤੇ ਪਾਰਸਲ ਲੈਣ ਲਈ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਡਾਕ ਵਿਭਾਗ ਨਾਲ ਕੰਮ ਕਰ ਰਹੇ ਖਪਤਕਾਰਾਂ ਦਾ ਵਟਸਐਪ ਗਰੁੱਪ ਬਣਾਇਆ ਗਿਆ ਹੈ। ਨਵੀਂ ਸੇਵਾ ਲੈਣ ਵਾਲੇ ਖਪਤਕਾਰਾਂ ਨੂੰ ਵੀ ਇਸ ਗਰੁੱਪ ਨਾਲ ਜੋੜਿਆ ਜਾਵੇਗਾ। ਗਰੁੱਪ ਵਿੱਚ ਲਿਖਤੀ ਸੰਦੇਸ਼ ਪ੍ਰਾਪਤ ਹੁੰਦੇ ਹੀ ਵੈਨ ਦੇ ਕਰਮਚਾਰੀ ਪਾਰਸਲ ਲੈਣ ਲਈ ਸਬੰਧਤ ਥਾਂ ਤੇ ਪਹੁੰਚ ਜਾਣਗੇ। ਚਰਨਜੀਤ ਸਿੰਘ ਨੇ ਕਿਹਾ ਕਿ ਪਾਰਸਲ ਚੁੱਕਣ ਲਈ ਖਪਤਕਾਰਾਂ ਤੋਂ ਕੋਈ ਵਾਧੂ ਫ਼ੀਸ ਨਹੀਂ ਲਈ ਜਾਵੇਗੀ। ਪਾਰਸਲ ਲਈ ਡਾਕ ਵਿਭਾਗ ਵੱਲੋਂ ਨਿਰਧਾਰਤ ਦਰਾਂ ਹੀ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਸਹੂਲਤ ਵਿਸ਼ੇਸ਼ ਤੌਰ ਤੇ ਉਦਯੋਗਪਤੀਆਂ ਅਤੇ ਵਪਾਰੀਆਂ ਲਈ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ। ਅੰਮ੍ਰਿਤਸਰ ਤੋਂ ਦੂਰ ਰਹਿਣ ਵਾਲੇ ਖਪਤਕਾਰਾਂ ਨੂੰ ਵੀ ਇਸ ਸੇਵਾ ਦਾ ਕਾਫ਼ੀ ਫ਼ਾਇਦਾ ਮਿਲੇਗਾ।