ਘਰਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਨਹੀਂ ਮਿਲੀ, ਮੁਰੰਮਤ ਦੀ ਚਿੰਤਾ ’ਚ ਡੁੱਬੇ ਲੋਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੁਲਤਾਨਵਿੰਡ-ਚਾਟੀਵਿੰਡ ਨਹਿਰ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੰਪਨੀ ਖਿਲਾਫ ਐਫਆਈਆਰ ਦਰਜ ਕਰਨ ਲਈ ਨਹਿਰੀ ਵਿਭਾਗ ਨੇ ਪੁਲਿਸ ਨੂੰ
Publish Date: Tue, 22 Sep 2026 07:27 PM (IST)
Updated Date: Tue, 22 Sep 2026 07:30 PM (IST)
ਅਕਤੂਬਰ ਦੇ ਮੱਧ ਚ ਪਾਈਪ ਪਾਉਣ ਦੀ ਮਨਜ਼ੂਰੀ ਸੀ, ਜਲਦਬਾਜ਼ੀ ਨਾਲ ਹੋਇਆ ਨਹਿਰ ਨੂੰ ਨੁਕਸਾਨ, ਕੰਪਨੀ ਖਿਲਾਫ ਕੇਸ ਦਰਜ ਕਰਨ ਲਈ ਲਿਖਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੁਲਤਾਨਵਿੰਡ-ਚਾਟੀਵਿੰਡ ਨਹਿਰ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੰਪਨੀ ਖਿਲਾਫ ਐਫਆਈਆਰ ਦਰਜ ਕਰਨ ਲਈ ਨਹਿਰੀ ਵਿਭਾਗ ਨੇ ਪੁਲਿਸ ਨੂੰ ਲਿਿਖਆ ਹੈ, ਪਰ ਅੱਜ ਤੱਕ ਪੁਲਿਸ ਵੱਲੋਂ ਸਬੰਧਤ ਕੰਪਨੀ ਖਿਲਾਫ ਐਫਆਈਆਰ ਦਰਜ ਨਹੀਂ ਹੋ ਸਕੀ। ਉੱਥੇ ਹੀ ਦੂਜੇ ਪਾਸੇ ਨਹਿਰ ਦੇ ਪਾਣੀ ਨਾਲ ਘਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਨੂੰ ਲੈ ਕੇ ਲੋਕਾਂ ਨੂੰ ਚਿੰਤਾ ਸਤਾ ਰਹੀ ਹੈ, ਕਿਉਂਕਿ ਉਨ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਲਈ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਸੂਚਨਾ ਵੀ ਨਹੀਂ ਮਿਲੀ ਹੈ ਅਤੇ ਲੋਕ ਖਸਤਾਹਾਲ ਘਰਾਂ ਚ ਹੀ ਰਹਿਣ ਲਈ ਮਜਬੂਰ ਹੋ ਰਹੇ ਹਨ। ਵਿਭਾਗ ਨੇ ਮੁਰੰਮਤ ਲਈ ਅਕਤੂਬਰ ਤੱਕ ਆਰਜ਼ੀ ਪ੍ਰਬੰਧ ਹੀ ਕੀਤਾ ਸੁਲਤਾਨਵਿੰਡ-ਚਾਟੀਵਿੰਡ ਨਹਿਰ ਦੇ ਹੇਠੋਂ ਪਾਈਪ ਕੱਢਣ ਲਈ ਨਹਿਰੀ ਵਿਭਾਗ ਨੇ ਨਿੱਜੀ ਕੰਪਨੀ ਨੂੰ ਅਕਤੂਬਰ ਦੇ ਮੱਧ ਚ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਸੀ। ਕੰਪਨੀ ਦੀ ਲਾਪ੍ਰਵਾਹੀ ਕਾਰਨ ਨਹਿਰ ਨੂੰ ਨੁਕਸਾਨ ਪਹੁੰਚਿਆ ਹੈ। ਨਹਿਰੀ ਵਿਭਾਗ ਦੀ ਮਨਜ਼ੂਰੀ ਅਤੇ ਸ਼ਰਤਾਂ ਦੀ ਪ੍ਰਵਾਹ ਨਾ ਕਰਦਿਆਂ ਡੇਢ ਮਹੀਨਾ ਪਹਿਲਾਂ ਹੀ ਨਹਿਰੀ ਪਾਣੀ ਪ੍ਰੋਜੈਕਟ ਦੀ ਪਾਈਪ ਪਾਉਣ ਦਾ ਕੰਮ ਕੰਪਨੀ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਲਾਕੇ ਚ ਪਾਣੀ ਨੇ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਸਨ। ਫਿਲਹਾਲ ਨਹਿਰੀ ਵਿਭਾਗ ਵੱਲੋਂ ਨੁਕਸਾਨੀ ਗਈ ਨਹਿਰ ਦੇ ਹਿੱਸੇ ਦੀ ਮੁਰੰਮਤ ਲਈ ਅਕਤੂਬਰ ਤੱਕ ਆਰਜ਼ੀ ਪ੍ਰਬੰਧ ਹੀ ਕੀਤਾ ਗਿਆ ਹੈ, ਤਾਂ ਜੋ ਨਹਿਰ ਦੇ ਪਾਣੀ ਦਾ ਵਹਾਅ ਦੁਬਾਰਾ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੇ। ਨਹਿਰੀ ਵਿਭਾਗ ਨੇ ਨਹਿਰੀ ਪਾਣੀ ਪ੍ਰੋਜੈਕਟ ਦਾ ਕੰਮ ਕਰ ਰਹੀ ਕੰਪਨੀ ਨੂੰ ਕਿਹਾ ਸੀ ਕਿ ਜਦੋਂ ਨਹਿਰ ਦਾ ਪਾਣੀ ਬੰਦ ਹੋਵੇਗਾ, ਤਾਂ ਕੰਪਨੀ ਆਪਣੀ ਪਾਈਪ ਨਹਿਰ ਦੇ ਹੇਠੋਂ ਕੱਢ ਸਕਦੀ ਹੈ। ਜਦਕਿ ਕੰਪਨੀ ਨੇ ਨਹਿਰ ਸੁੱਕਣ ਤੋਂ ਪਹਿਲਾਂ ਹੀ ਕੰਮ ਕਰਕੇ ਹਾਲਾਤ ਖਰਾਬ ਕਰ ਦਿੱਤੇ। ਭਰਪਾਈ ਲਈ ਕੌਣ ਅੱਗੇ ਆਵੇਗਾ, ਇਹ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਨਹਿਰੀ ਪਾਣੀ ਪ੍ਰੋਜੈਕਟ ਤਹਿਤ ਸੁਲਤਾਨਵਿੰਡ-ਚਾਟੀਵਿੰਡ ਨਹਿਰ ਦੇ ਹੇਠੋਂ ਪਾਈਪ ਪਾਉਣ ਤੋਂ ਬਾਅਦ ਪਾਣੀ ਦਾ ਵਹਾਅ ਲੋਕਾਂ ਦੇ ਘਰਾਂ ਵੱਲ ਹੋ ਗਿਆ ਸੀ, ਜਿਸ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਚ ਉਨ੍ਹਾਂ ਦੇ ਘਰਾਂ ਦੇ ਫਰਸ਼ ਆਦਿ ਵੀ ਧੱਸ ਗਏ ਹਨ। ਸਥਾਨਕ ਨਿਵਾਸੀ ਜਰਨੈਲ ਸਿੰਘ ਮੁਤਾਬਕ ਉਨ੍ਹਾਂ ਨੇ ਘਰ ਸੰਵਾਰਨ ਦੇ ਮਕਸਦ ਨਾਲ ਹਫ਼ਤਾ ਪਹਿਲਾਂ ਹੀ ਨਵੀਆਂ ਟਾਈਲਾਂ ਲਗਵਾਈਆਂ ਸਨ। ਪਾਣੀ ਦੇ ਰਿਸਾਅ ਨਾਲ ਜ਼ਮੀਨ ਧੱਸਣ ਕਾਰਨ ਸਾਰੀਆਂ ਟਾਈਲਾਂ ਖਰਾਬ ਹੋ ਗਈਆਂ ਹਨ, ਜਿਨ੍ਹਾਂ ਨੂੰ ਲਗਵਾਉਣ ਲਈ 70 ਹਜ਼ਾਰ ਰੁਪਏ ਖਰਚ ਆਇਆ ਸੀ। ਜਦਕਿ ਮਨਦੀਪ ਕੌਰ ਮੁਤਾਬਕ ਮੁਸ਼ਕਿਲ ਨਾਲ ਇਕ ਸਾਲ ਪਹਿਲਾਂ ਮਕਾਨ ਖਰੀਦਿਆ ਸੀ, ਜੋ ਜ਼ਮੀਨ ਦੇ ਹੇਠਾਂ ਪਾਣੀ ਦਾ ਰਿਸਾਅ ਹੋਣ ਕਾਰਨ ਫਰਸ਼ ਪੰਜ ਫੁੱਟ ਬੈਠ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਘਰ ਦੇ ਅੰਦਰ ਜਾਣ ਤੋਂ ਵੀ ਡਰ ਲੱਗਦਾ ਹੈ, ਕਿਉਂਕਿ ਪਾਣੀ ਦੇ ਰਿਸਾਅ ਨਾਲ ਜ਼ਮੀਨ ਨਰਮ ਹੋ ਚੁੱਕੀ ਹੈ। ਮਹਿੰਗਾਈ ਦੇ ਦੌਰ ਚ ਘਰ ਬਣਾਉਣ ਲਈ ਲੱਖਾਂ ਰੁਪਏ ਇਕੱਠੇ ਕਰਨੇ ਪੈਂਦੇ ਹਨ, ਪਰ ਹੁਣ ਬਿਨਾਂ ਵਜ੍ਹਾ ਹੋਏ ਨੁਕਸਾਨ ਦੀ ਭਰਪਾਈ ਲਈ ਕੌਣ ਅੱਗੇ ਆਵੇਗਾ, ਇਹ ਸਮਝ ਨਹੀਂ ਆ ਰਿਹਾ।