- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਿਹਤ ਵਿਭਾਗ ਵਿਚ ਯੋਗ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਅਧੀਨ ਪਿਛਲੇ ਪੰਦਰਾਂ ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨਾਲ ਪੱਕੇ ਮੁਲਾਜ਼ਮਾਂ ਦੇ ਮੁਕਾਬਲੇ ਘੱਟ

ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ
ਅੰਮ੍ਰਿਤਸਰ : ਸਿਹਤ ਵਿਭਾਗ ਵਿਚ ਯੋਗ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਅਧੀਨ ਪਿਛਲੇ ਪੰਦਰਾਂ ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨਾਲ ਪੱਕੇ ਮੁਲਾਜ਼ਮਾਂ ਦੇ ਮੁਕਾਬਲੇ ਘੱਟ ਤਨਖ਼ਾਹ ਅਤੇ ਹੋਰ ਮੰਗਾਂ ਸਬੰਧੀ ਵਿਤਕਰੇ ਦੇ ਰੋਸ ਵਜੋਂ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਦੋ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਦਫਤਰ ਸਿਵਲ ਸਰਜਨ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਇਕ ਰੁਪਏ ਦਾ ਵੀ ਵਾਧਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਐੱਨਐੱਚਐੱਮ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸਬੰਧੀ ਸਰਕਾਰ ਵੱਲੋਂ ਪਹਿਲਾਂ ਵੀ ਲਾਰਾ-ਲੱਪਾ ਨੀਤੀ ਅਪਣਾਈ ਜਾਂਦੀ ਰਹੀ ਹੈ, ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਜਿੱਥੇ ਸਾਰਾ ਦੇਸ਼ ਆਜ਼ਾਦੀ ਦਿਵਸ ਨੂੰ ਵੱਡੇ ਪਿਆਰ ਅਤੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉੱਥੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਧੱਕੇਸ਼ਾਹੀ ਦੀ ਨੀਤੀ ਰਾਹੀਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਰਾਮ ਸਿੰਘ ਕਪੂਰਥਲਾ ਨੇ ਕਿਹਾ ਕਿ ਸਮੂਹ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਸਿਹਤ ਕ੍ਰਾਂਤੀ ਦੇ ਨਾਅਰੇ ਤਹਿਤ ਆਪਣੀਆਂ ਸਿਹਤ ਸੇਵਾਵਾਂ ਲੋਕਾਂ ਤੱਕ ਅਸਲੀ ਰੂਪ ਵਿਚ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕੀਤੀ ਜਾ ਰਹੀ ਹੈ। ਪਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਾ ਕੀਤੇ ਜਾਣ ਕਾਰਨ ਉਨ੍ਹਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਯੂਨੀਅਨ ਦੇ ਮੁੱਖ ਆਗੂ ਗੁਰਪ੍ਰੀਤ ਭੁੱਲਰ ਅਤੇ ਡਾ. ਵਾਜਿਦ ਨੇ ਕਿਹਾ ਕਿ ਸਰਕਾਰ ਨੂੰ ਸਮੂਹ ਮੁਲਾਜ਼ਮਾਂ ਨੂੰ ਇਸ ਧੱਕੇਸ਼ਾਹੀ ਦੀ ਪ੍ਰਥਾ ਤੋਂ ਰਾਹਤ ਦਿੰਦਿਆਂ ਤੁਰੰਤ ਐੱਨਐੱਚਐੱਮ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਸੰਖੇਪ ਸਮੇਂ ਵਿੱਚ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਦੋ ਦਿਨਾਂ ਦੀ ਸੰਕੇਤਕ ਹੜਤਾਲ ਤੋਂ ਤੁਰੰਤ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਾ ਪਵੇਗਾ। ਇਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾ. ਰਸ਼ਮੀ ਵਿਜ, ਯੂਨੀਅਨ ਵੱਲੋਂ ਭੇਜਿਆ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪ੍ਰਧਾਨ ਭਵਨ ਕੁਮਾਰ ਬਿਆਲਾ, ਸੁਖਜਿੰਦਰ ਸਿੰਘ, ਗਿੱਲ ਡੀਐੱਮਐੱਮਐੱਸ, ਬਲਵਿੰਦਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਗੌਰਵ ਕੁਮਾਰ ਪੀਐੱਨਐੱਮਐੱਮਐੱਸ ਕੋਆਰਡੀਨੇਟਰ, ਲਵਪ੍ਰੀਤ ਸਿੰਘ, ਡਾ. ਪ੍ਰਵੀਨ ਭਾਟੀਆ, ਜੇਐੱਮਐੱਸ ਨਾਰਥ ਪੀਐੱਮਐੱਮਐੱਸਕੇ, ਡਾ. ਰੌਣਕ, ਡਾ. ਰਾਜਵੀਰ ਕੌਰ ਸਟਾਫ ਨਰਸ ਪ੍ਰਧਾਨ, ਮਨਿੰਦਰ ਕੌਰ ਡੀਐੱਮਐੱਮਐੱਸ, ਮਮਤਾ ਆਕਾਊਂਟੈਂਟ, ਹਰਭਾਗ ਸਿੰਘ, ਉਪਿੰਦਰ ਪਾਲ ਸਿੰਘ, ਸਰਵਣ ਸਿੰਘ, ਕੋਮਲ, ਗੁਰਪ੍ਰੀਤ ਕੌਰ, ਮਨੋਜਾ ਬ੍ਰਹਮਣੀ, ਸੰਗੀਤਾ, ਗੁਰਪ੍ਰੀਤ ਸਿੰਘ, ਅੰਨੂ ਚੌਹਾਨ ਆਦਿ ਹਾਜ਼ਰ ਸਨ।