ਯੂਪੀ ਵਾਂਗ ਕਾਨੂੰਨ ਦਾ ਰਾਜ ਕਾਇਮ ਕਰਨ ਦੀ ਲੋੜ : ਮਨਪ੍ਰੀਤ ਬਾਦਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅਜਨਾਲਾ : ਉੱਤਰ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਨਸ਼ਾ ਪੰਜਾਬ ਦੀ ਜਵਾਨੀ, ਪਰਿਵਾਰਾਂ ਅਤੇ ਆਰਥਿਕ ਤਰੱਕੀ ਨੂੰ ਤਬਾਹ ਕਰ ਰਿਹਾ ਹੈ। ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ, ਉਦੋਂ
Publish Date: Tue, 22 Sep 2026 06:57 PM (IST)
Updated Date: Tue, 22 Sep 2026 07:00 PM (IST)
ਨਸ਼ਿਆਂ ਨੇ ਪੰਜਾਬ ਦੀਆਂ ਪੀੜ੍ਹੀਆਂ ਤਬਾਹ ਕੀਤੀਆਂ, ‘ਆਪ’ ਸਰਕਾਰ ਨੇ ਸਿਰਫ਼ ਨਾਅਰੇ ਦਿੱਤੇ: ਮਨਪ੍ਰੀਤ ਸਿੰਘ ਬਾਦਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅਜਨਾਲਾ : ਉੱਤਰ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਨਸ਼ਾ ਪੰਜਾਬ ਦੀ ਜਵਾਨੀ, ਪਰਿਵਾਰਾਂ ਅਤੇ ਆਰਥਿਕ ਤਰੱਕੀ ਨੂੰ ਤਬਾਹ ਕਰ ਰਿਹਾ ਹੈ। ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ, ਉਦੋਂ ਤੱਕ ਸੂਬੇ ਦੀ ਅਸਲ ਤਰੱਕੀ ਸੰਭਵ ਨਹੀਂ। ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਅਜਨਾਲਾ ਵਿਖੇ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਦਾ ਰਾਜ ਮਜ਼ਬੂਤ ਕਰਨ ਨਾਲ ਉਦਯੋਗ ਅਤੇ ਕਾਰੋਬਾਰ ਲਈ ਬਿਹਤਰ ਮਾਹੌਲ ਬਣਿਆ ਹੈ। ਜਿੱਥੇ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੁੰਦੀ ਹੈ, ਉੱਥੇ ਨਿਵੇਸ਼ਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਔਲਖ ਨੇ ਕਿਹਾ ਕਿ ਪੰਜਾਬ ਦੀ ਪਹਿਚਾਣ ਕਦੇ ਖੇਡਾਂ, ਮਿਹਨਤ, ਬਹਾਦਰੀ ਅਤੇ ਖੁਸ਼ਹਾਲੀ ਨਾਲ ਹੁੰਦੀ ਸੀ, ਪਰ ਅੱਜ ਨਸ਼ਿਆਂ ਕਾਰਨ ਪੰਜਾਬ ਦੀ ਸਾਖ ਨੂੰ ਗੰਭੀਰ ਝਟਕਾ ਲੱਗਿਆ ਹੈ। ਇਹ ਸਿਰਫ਼ ਸਰਕਾਰ ਦਾ ਨਹੀਂ, ਸਗੋਂ ਸਮੁੱਚੇ ਸਮਾਜ ਦਾ ਸੰਕਟ ਹੈ ਅਤੇ ਹਰ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲੈਣਾ ਪਵੇਗਾ। ਉਨ੍ਹਾਂ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਸ਼ਾ ਮੁਕਤੀ ਦੇ ਵੱਡੇ ਦਾਅਵੇ ਤਾਂ ਕੀਤੇ, ਪਰ ਜ਼ਮੀਨੀ ਪੱਧਰ ’ਤੇ ਨਸ਼ਿਆਂ ਦੀ ਸਪਲਾਈ ਅਤੇ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਵਿਚ ਨਾਕਾਮ ਰਹੀ ਹੈ। ਪੁਲਿਸ ਦੇ ਬਹਾਦਰ ਜਵਾਨ ਆਪਣੀ ਡਿਊਟੀ ਨਿਭਾ ਰਹੇ ਹਨ, ਪਰ ਸਰਕਾਰ ਨੂੰ ਉਨ੍ਹਾਂ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਕੇ ਪੂਰੀ ਤਾਕਤ ਅਤੇ ਸੁਰੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨੂੰ ਚਲਾਉਣ ਵਾਲੇ ਵੱਡੇ ਤਸਕਰਾਂ, ਸਪਲਾਇਰਾਂ ਅਤੇ ਗੈਂਗਸਟਰ ਨੈੱਟਵਰਕ ’ਤੇ ਨਿਰਣਾਇਕ ਕਾਰਵਾਈ ਤੋਂ ਬਿਨਾਂ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ। ਮਾਨ ਸਰਕਾਰ ਨੂੰ ਇਸ਼ਤਿਹਾਰਾਂ ਅਤੇ ਦਾਅਵਿਆਂ ਦੀ ਸਿਆਸਤ ਛੱਡ ਕੇ ਨਸ਼ੇ ਦੀ ਜੜ੍ਹ ’ਤੇ ਵਾਰ ਕਰਨਾ ਪਵੇਗਾ। ਔਲਖ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵਿਰੁੱਧ ਲੜਾਈ ਨੂੰ ਸਿਰਫ਼ ਸਿਆਸੀ ਯਾਤਰਾ ਨਾ ਸਮਝਣ, ਸਗੋਂ ਇਸ ਨੂੰ ਆਪਣੇ ਪਰਿਵਾਰ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਲੋਕ ਲਹਿਰ ਬਣਾਉਣ। ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਨੂੰ ਕਮਜ਼ੋਰ ਕਰਨਾ ਹੋਵੇ ਤਾਂ ਪੰਜਾਬ ਨੂੰ ਕਮਜ਼ੋਰ ਕਰਨਾ ਪਵੇਗਾ ਅਤੇ ਪੰਜਾਬ ਨੂੰ ਕਮਜ਼ੋਰ ਕਰਨ ਲਈ ਨਸ਼ਾ ਸਭ ਤੋਂ ਵੱਡਾ ਹਥਿਆਰ ਬਣਾਇਆ ਗਿਆ ਹੈ। ਨਸ਼ਿਆਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਤਬਾਹ ਕੀਤਾ ਹੈ, ਪਰ ਅੱਜ ਵੀ ਨਸ਼ਿਆਂ ਦੀ ਸਪਲਾਈ ਪੰਜਾਬ ਦੀਆਂ ਗਲੀਆਂ ਤੱਕ ਪਹੁੰਚ ਰਹੀ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਜਨੀਸ਼ ਧੀਮਾਨ ਨੇ ਕਿਹਾ ਕਿ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਜਗਾਉਣਾ ਅਤੇ ਸਮਾਜ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੱਡੀਆਂ ਚੁਣੌਤੀਆਂ ਵਿਰੁੱਧ ਦੇਸ਼ ਨੇ ਇਕਜੁੱਟ ਹੋ ਕੇ ਲੜਾਈਆਂ ਲੜੀਆਂ ਹਨ, ਉਸੇ ਤਰ੍ਹਾਂ ਨਸ਼ਿਆਂ ਦੇ ਨੈੱਟਵਰਕ ਨੂੰ ਵੀ ਕਾਨੂੰਨ ਦੇ ਦਾਇਰੇ ਵਿਚ ਨਿਰਣਾਇਕ ਢੰਗ ਨਾਲ ਤੋੜਨਾ ਪਵੇਗਾ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਜੇਸ਼ ਬਾਘਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਦੋਸ਼ੀ ਬਣਾਉਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ; ਨਸ਼ਾ ਪਹੁੰਚਾਉਣ ਵਾਲੇ ਨੈੱਟਵਰਕ ਦੀ ਜੜ੍ਹ ’ਤੇ ਵਾਰ ਕਰਨਾ ਪਵੇਗਾ। ਸਰਕਾਰ ਨੂੰ ਨਸ਼ੇ ਦੀ ਸਪਲਾਈ ਚੇਨ ਤੋੜਨ ਅਤੇ ਵੱਡੇ ਤਸਕਰਾਂ ਤੇ ਨਸ਼ਾ ਕਾਰੋਬਾਰ ਨਾਲ ਜੁੜੇ ਨੈੱਟਵਰਕ ਵਿਰੁੱਧ ਨਿਰਣਾਇਕ ਕਾਰਵਾਈ ਕਰਨੀ ਪਵੇਗੀ। ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਦੇਸ਼-ਪ੍ਰੇਮ ਦੀ ਉਹੀ ਅੱਗ ਅੱਜ ਵੀ ਮੌਜੂਦ ਹੈ, ਜਿਸ ਨੇ ਭਗਤ ਸਿੰਘ, ਮਦਨ ਲਾਲ ਢੀਂਗਰਾ ਅਤੇ ਅਣਗਿਣਤ ਗ਼ਦਰੀਆਂ ਨੂੰ ਦੇਸ਼ ਲਈ ਕੁਰਬਾਨ ਹੋਣ ਦਾ ਜਜ਼ਬਾ ਦਿੱਤਾ। ਇਸ ਜਵਾਨੀ ਦੇ ਹੱਥ ਵਿੱਚ ਨਸ਼ਾ ਨਹੀਂ, ਸਗੋਂ ਦੇਸ਼-ਨਿਰਮਾਣ ਦਾ ਮੌਕਾ ਹੋਣਾ ਚਾਹੀਦਾ ਹੈ। ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਨਸ਼ਿਆਂ ਵਿੱਚ ਗੁਆ ਰਹੀਆਂ ਹਨ। ਜਿਹੜੀ ਮਾਂ ਆਪਣੇ ਪੁੱਤਰ ਦੇ ਭਵਿੱਖ ਦੇ ਸੁਪਨੇ ਵੇਖਦੀ ਹੈ, ਉਸ ਮਾਂ ਦੀ ਗੋਦ ਨੂੰ ਨਸ਼ੇ ਦੀ ਲਾਸ਼ ਨਾਲ ਨਹੀਂ ਭਰਿਆ ਜਾ ਸਕਦਾ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹਰ ਸਰਕਾਰ ਅਤੇ ਸਮਾਜ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।