ਗ੍ਰਨੇਡ ਧਮਾਕੇ ਤੋਂ ਬਾਅਦ ਬਟਾਲਾ ਵੱਲ ਫਰਾਰ ਹੋਏ ਮੋਟਰਸਾਈਕਲ ਸਵਾਰ ਅੱਤਵਾਦੀ, ਪੁਲਿਸ ਵੱਲੋਂ ਹਾਈ ਅਲਰਟ ਜਾਰੀ ਰਮਦਾਸ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਜੱਟਾ ਪਿੰਡ ਵਿਚ ਇਕ ਘਰ 'ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਬਾਈਕ ਸਵਾਰ ਮੁਲਜਮਾਂ ਦਾ ਪੁਲਿਸ ਅਜੇ ਤੱਕ ਪਤਾ ਨਹੀਂ ਲਗਾ ਸਕੀ ਹੈ। ਕੈਮਰੇ ਟ੍ਰਾਈਲ ਤੋਂ ਇੰਨਾ ਜਰੂਰ ਪਤਾ ਲੱਗਿਆ ਹੈ ਕਿ ਦੋਵੇਂ ਦੋਸ਼ੀ ਬਟਾਲਾ ਵੱਲ ਭੱਜ ਗਏ ਸਨ। ਪਿਛਲੇ ਦੋ ਦਿਨਾਂ ਵਿਚ ਪੁਲਿਸ ਨੇ ਰਮਦਾਸ ਤੋਂ ਬਾਹਰ ਜਾਣ ਵਾਲੀਆਂ ਸੜਕਾਂ 'ਤੇ ਲਗਾਏ ਗਏ 50 ਤੋਂ ਵੱਧ ਕੈਮਰਿਆਂ ਦੀ ਜਾਂਚ ਕੀਤੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਾਈਕ ਸਵਾਰਾਂ ਨੇ ਭੱਜਣ ਲਈ ਸਿੱਧੇ ਰਸਤੇ ਦੀ ਬਜਾਏ ਤੰਗ ਅਤੇ ਭੀੜ-ਭੜੱਕੇ ਵਾਲੇ ਰਸਤੇ ਵਰਤੇ, ਜਿਸ ਕਾਰਨ ਪੁਲਿਸ ਉਨ੍ਹਾਂ ਦੀ ਪਛਾਣ ਨਹੀਂ ਕਰ ਸਕੀ।
Publish Date: Sun, 23 Aug 2026 12:16 PM (IST)
Updated Date: Sun, 23 Aug 2026 12:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰਮਦਾਸ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਜੱਟਾ ਪਿੰਡ ਵਿਚ ਇਕ ਘਰ 'ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਬਾਈਕ ਸਵਾਰ ਮੁਲਜਮਾਂ ਦਾ ਪੁਲਿਸ ਅਜੇ ਤੱਕ ਪਤਾ ਨਹੀਂ ਲਗਾ ਸਕੀ ਹੈ। ਕੈਮਰੇ ਟ੍ਰਾਈਲ ਤੋਂ ਇੰਨਾ ਜਰੂਰ ਪਤਾ ਲੱਗਿਆ ਹੈ ਕਿ ਦੋਵੇਂ ਦੋਸ਼ੀ ਬਟਾਲਾ ਵੱਲ ਭੱਜ ਗਏ ਸਨ। ਪਿਛਲੇ ਦੋ ਦਿਨਾਂ ਵਿਚ ਪੁਲਿਸ ਨੇ ਰਮਦਾਸ ਤੋਂ ਬਾਹਰ ਜਾਣ ਵਾਲੀਆਂ ਸੜਕਾਂ 'ਤੇ ਲਗਾਏ ਗਏ 50 ਤੋਂ ਵੱਧ ਕੈਮਰਿਆਂ ਦੀ ਜਾਂਚ ਕੀਤੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਾਈਕ ਸਵਾਰਾਂ ਨੇ ਭੱਜਣ ਲਈ ਸਿੱਧੇ ਰਸਤੇ ਦੀ ਬਜਾਏ ਤੰਗ ਅਤੇ ਭੀੜ-ਭੜੱਕੇ ਵਾਲੇ ਰਸਤੇ ਵਰਤੇ, ਜਿਸ ਕਾਰਨ ਪੁਲਿਸ ਉਨ੍ਹਾਂ ਦੀ ਪਛਾਣ ਨਹੀਂ ਕਰ ਸਕੀ।
ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦਾਅਵਾ ਕੀਤਾ ਹੈ ਕਿ ਧਮਾਕਿਆਂ ਦੇ ਦੋਸ਼ੀਆਂ ਵਿਰੁੱਧ ਮਹੱਤਵਪੂਰਨ ਸਬੂਤ ਮਿਲੇ ਹਨ ਅਤੇ ਉਨ੍ਹਾਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਧਮਾਕਿਆਂ ਸਬੰਧੀ ਕਈ ਜਾਣਕਾਰੀਆਂ ਮੰਗੀਆਂ। ਪੁਲਿਸ ਨੂੰ ਵਿਦੇਸ਼ ਵਿਚ ਰਹਿੰਦੇ ਗੈਂਗਸਟਰ ਹੈਪੀ ਪਸ਼ੀਆ ਦੀ ਸ਼ਮੂਲੀਅਤ ਦੇ ਸਬੂਤ ਵੀ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਹੈਪੀ ਪਸ਼ੀਆ ਦੇ ਨਾਲ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮੈਂਬਰ, ਗੈਂਗਸਟਰ ਮੀਤਾ ਸੰਧੂ ਯੂਐਸਏ, ਮਨਿੰਦਰ ਬਿੱਲਾ ਅਤੇ ਜ਼ੀਸ਼ਾਨ ਅਖਤਰ 'ਤੇ ਵੀ ਇਸ ਘਟਨਾ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਿਸ ਉਪਰੋਕਤ ਮੁਲਜ਼ਮਾਂ ਦੇ ਸਥਾਨਕ ਸਾਥੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਧੋਖਾਧੜੀ ਦੇ ਮਾਮਲੇ ਵਿਚ ਨਾਜਮਦ ਦਲਜੀਤ ਸਿੰਘ ਦੇ ਘਰ 'ਤੇ ਹੈਂਡ ਗ੍ਰਨੇਡ ਸੁੱਟ ਕੇ ਹਮਲਾ ਕੀਤਾ। ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ। ਵਿਹੜੇ ਅਤੇ ਉੱਥੇ ਖੜੀ ਕਾਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।
ਕਾਲ ਡੰਪ ਚੁਕਵਾ ਰਹੀ ਪੁਲਿਸ ਇਹ ਅੱਤਵਾਦੀ ਹਮਲਾ ਵੀਰਵਾਰ ਰਾਤ 8 ਵਜੇ ਹੋਇਆ ਸੀ। ਪੁਲਿਸ ਘਟਨਾ ਵਾਲੀ ਰਾਤ ਮੌਕੇ ਤੋਂ ਭੱਜ ਗਏ ਮੁਲਜ਼ਮਾਂ ਦੀ ਪਛਾਣ ਕਰਨ ਲਈ ਕਾਲ ਡੰਪ ਇਕੱਠੇ ਕਰ ਰਹੀ ਹੈ। ਇਸ ਨਾਲ ਘੁੰਮ ਰਹੇ ਅਣਪਛਾਤੇ ਬਾਈਕ ਸਵਾਰਾਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ। ਹਾਲਾਕਿ ਏਐਸਆਈ ਜੋਗਾ ਸਿੰਘ ਦੇ ਕਤਲ ਮਾਮਲੇ ਅਤੇ ਖਾਸਾ ਆਰਮੀ ਕੈਂਪ ਵਿਚ ਹੋਈਆਂ ਅੱਤਵਾਦੀ ਘਟਨਾਵਾਂ ਵਿਚ ਕਾਲ ਡੰਪ ਵੀ ਲਿਆ ਗਿਆ ਸੀ, ਪਰ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ।