ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਮੀਰੀ ਪੀਰੀ ਖ਼ਾਲਸਾ ਮਾਰਚ' ਦੀ ਸ਼ੁਰੂਆਤ, ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਖਾਲਸਾ ਮਾਰਚ ਕੱਢਿਆ ਜਾ ਰਿਹਾ ਹੈ। ਇਸ ਖਾਲਸਾ ਮਾਰਚ ਵਿੱਚ ਗੁਰੂ ਸਾਹਿਬ ਦੇ ਸ਼ਸਤਰਾਂ ਵਸਤਰਾਂ ਵਾਲੀ ਵਿਸ਼ੇਸ਼ ਬੱਸ ਵੀ ਸ਼ਾਮਲ ਕੀਤੀ ਗਈ ਹੈ।
Publish Date: Fri, 24 Jul 2026 11:00 AM (IST)
Updated Date: Fri, 24 Jul 2026 11:02 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਖਾਲਸਾ ਮਾਰਚ ਕੱਢਿਆ ਜਾ ਰਿਹਾ ਹੈ। ਇਸ ਖਾਲਸਾ ਮਾਰਚ ਵਿੱਚ ਗੁਰੂ ਸਾਹਿਬ ਦੇ ਸ਼ਸਤਰਾਂ ਵਸਤਰਾਂ ਵਾਲੀ ਵਿਸ਼ੇਸ਼ ਬੱਸ ਵੀ ਸ਼ਾਮਲ ਕੀਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਇਹ ਮਾਰਚ ਘੰਟਾ ਘਰ ਗੋਲਡਨ ਪਲਾਜਾ ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਅਟਾਰੀ ਰੂਟ ਲਈ ਰਵਾਨਾ ਹੋਵੇਗਾ। ਇਸ ਮਾਰਚ ਦਾ ਮਕਸਦ ਸਿੱਖ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੀ ਅਹਿਮੀਅਤ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਹੈ। ਮੀਰੀ ਪੀਰੀ ਖਾਲਸਾ ਮਾਰਚ ਵੱਖ-ਵੱਖ ਪਿੰਡਾਂ ਤੋਂ ਹੋ ਕੇ ਰਾਤਰੀ ਪੜਾਅ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਠਾ ਤਰਨ ਤਾਰਨ ਵਿਖੇ ਕਰੇਗਾ।
ਇਸੇ ਤਰ੍ਹਾਂ 25 ਜੁਲਾਈ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਤੋਂ ਤਰਨ ਤਾਰਨ, 26 ਜੁਲਾਈ ਨੂੰ ਤਰਨ ਤਾਰਨ ਤੋਂ ਸ੍ਰੀ ਗੋਇੰਦਵਾਲ ਸਾਹਿਬ, 27 ਜੁਲਾਈ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਮੋਗਾ, 28 ਜੁਲਾਈ ਨੂੰ ਮੋਗਾ ਤੋਂ ਬਜੀਦਪੁਰ, 29 ਜੁਲਾਈ ਨੂੰ ਬਜੀਦਪੁਰ ਤੋਂ ਫਰੀਦਕੋਟ, 30 ਜੁਲਾਈ ਨੂੰ ਫਰੀਦਕੋਟ ਤੋਂ ਜੈਤੋ, 31 ਜੁਲਾਈ ਨੂੰ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ, 1 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗੁਰਦੁਆਰਾ ਥੇਹੜੀ ਸਾਹਿਬ, 2 ਅਗਸਤ ਨੂੰ ਥੇਹੜੀ ਸਾਹਿਬ ਤੋਂ ਗੁਰਦੁਆਰਾ ਹਾਜੀਰਤਨ ਸਾਹਿਬ ਬਠਿੰਡਾ ਅਤੇ 3 ਅਗਸਤ ਨੂੰ ਬਠਿੰਡਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਜਿਸ ਵਿਚ ਨਿਹੰਗ ਸਿੰਘ ਦਲ ਅਤੇ ਹੋਰ ਵੀ ਧਾਰਮਿਕ ਤੇ ਪੰਥਕ ਜਥੇਬੰਦੀਆਂ ਸ਼ਮੂਲੀਅਤ ਕਰਨ ਲਈ ਪਹੁੰਚੇ ਹਨ।
ਮਾਰਚ ਦਾ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਮਾਰਚ ਵਿੱਚ ਵਿਸ਼ੇਸ਼ ਤੌਰ ਤੇ ਗਤਕਾ ਪਾਰਟੀਆਂ , ਸਕੂਲੀ ਬੱਚੇ ਅਤੇ ਬੈਂਡ ਪਾਰਟੀਆਂ ਦੀ ਸ਼ਾਮਿਲ ਹੋਈਆਂ ਹਨ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ , ਬਿਕਰਮ ਸਿੰਘ ਮਜੀਠੀਆ ਆਦਿ ਵੀ ਸ਼ਮੂਲੀਅਤ ਕਰਨ ਲਈ ਪਹੁੰਚੇ ।