ਐਡਵੋਕੇਟ ਧਾਮੀ ਦੀ ਅਗਵਾਈ ’ਚ ਧਰਮ ਪ੍ਰਚਾਰ ਕਮੇਟੀ ਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਹੋਈ ਇਕੱਤਰਤਾ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੀਆਂ ਹੋਈਆਂ ਇਕੱਤਰਤਾਵਾਂ ਵਿੱਚ ਅਗਲੇ
Publish Date: Tue, 20 Oct 2026 06:55 PM (IST)
Updated Date: Tue, 20 Oct 2026 06:57 PM (IST)
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਅਤੇ ਵੱਖ-ਵੱਖ ਥਾਵਾਂ ’ਤੇ ਹੋਣਗੇ ਕੀਰਤਨ ਦਰਬਾਰ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੀਆਂ ਹੋਈਆਂ ਇਕੱਤਰਤਾਵਾਂ ਵਿੱਚ ਅਗਲੇ ਸਾਲ 2027 ਵਿਚ ਆ ਰਹੇ ਅੰਮ੍ਰਿਤਸਰ ਦੇ ਸਥਾਪਨਾ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਖ਼ਾਲਸਈ ਪ੍ਰੰਪਰਾਵਾਂ ਅਨੁਸਾਰ ਮਨਾਉਣ ਅਤੇ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਅਤੇ ਵੱਖ-ਵੱਖ ਥਾਵਾਂ ’ਤੇ ਕੀਰਤਨ ਸਮਾਗਮ ਆਯੋਜਿਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਕੱਤਰਤਾ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 2027 ’ਚ ਅੰਮ੍ਰਿਤਸਰ ਦੀ ਸਥਾਪਨਾ ਦਾ 450 ਸਾਲਾ ਦਿਹਾੜਾ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਵਿਚਾਰ-ਚਰਚਾ ਹੋਈ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਨੂੰ ਯਾਦਗਾਰ ਬਨਾਉਣ ਲਈ ਜਿਥੇ ਵਿਸ਼ੇਸ਼ ਸਮਾਗਮ ਉਲੀਕੇ ਜਾਣਗੇ, ਉਥੇ ਹੀ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਨਾਲ ਸਬੰਧਤ ਖੋਜ ਭਰਪੂਰ ਲੇਖਾ ਦੀ ਕਿਤਾਬ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਹੁਣ ਤੱਕ ਸਿੱਖ ਇਤਿਹਾਸ ਨਾਲ ਮਨਾਈਆਂ ਗਈਆਂ ਸ਼ਤਾਬਦੀਆਂ ਦੇ ਸਮਾਗਮਾਂ, ਇਤਿਹਾਸਕ ਦਸਤਾਵੇਜ਼ਾਂ ਅਤੇ ਵੱਖ-ਵੱਖ ਸਮੇਂ ਹੋਏ ਪੰਥਕ ਇਕੱਠਾਂ ਦੇ ਵੇਰਵਿਆਂ ਨੂੰ ਵੀ ਸਥਾਈ ਤੌਰ ’ਤੇ ਸੰਭਾਲਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ। ਸ਼ਤਾਬਦੀਆਂ ਦੇ ਰਿਕਾਰਡ ਨੂੰ ਇਕੱਤਰ ਕਰਕੇ ਪੁਸਤਕ ਰੂਪ ਵਿਚ ਸੰਭਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਰੈਂਫਰੈਂਸ ਲਾਇਬ੍ਰੇਰੀ ਵਿਚ ਸੰਭਾਲੀਆਂ ਹੋਈਆਂ ਇਤਿਹਾਸਕ ਤਸਵੀਰਾਂ ਨਾਲ ਸਬੰਧਤ ਘਟਨਾ ਦੀ ਮਿਤੀ, ਸਥਾਨ ਅਤੇ ਉਸ ਵਿਚ ਸ਼ਾਮਲ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਰਜ ਕਰਨ ਦੇ ਕਾਰਜ ਨੂੰ ਵੀ ਅਮਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਜਿਥੇ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਗੁਰਬਾਣੀ ਅਤੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਨੂੰ ਵਿਸ਼ੇਸ਼ ਤਰਜੀਹ ਦੇਣ ਦਾ ਫੈਸਲਾ ਕੀਤਾ ਗਿਆ, ਉਥੇ ਹੀ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਉਨ੍ਹਾਂ ਦੀ ਬਾਣੀ ਅਤੇ ਜੀਵਨ ਫਲਸਫ਼ੇ ਨਾਲ ਸੰਗਤਾਂ ਨੂੰ ਜੋੜਨ ਲਈ ਵਿਸ਼ੇਸ਼ ਸੈਮੀਨਾਰ ਅਤੇ ਕੀਰਤਨ ਸਮਾਗਮ ਕਰਵਾਉਣ ਨੂੰ ਪ੍ਰਵਾਨਗੀ ਵੀ ਦਿੱਤੀ ਗਈ। ਇਸ ਮੌਕੇ ਸਕਾਲਰ ਡਾ. ਹਰਪ੍ਰੀਤ ਕੌਰ ਵੱਲੋਂ ਤਿਆਰ ਕੀਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਸਚਿੱਤਰ ਪੁਸਤਕ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਸੰਗਤ ਅਰਪਣ ਕੀਤੀ ਗਈ। ਇਕੱਤਰਤਾ ’ਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਪ੍ਰਿਤਪਾਲ ਸਿੰਘ ਪਾਲੀ, ਅਵਤਾਰ ਸਿੰਘ ਵਣਵਾਲਾ, ਮਨਜੀਤ ਸਿੰਘ ਬੱਪੀਆਣਾ, ਤੇਜਿੰਦਰਪਾਲ ਸਿੰਘ ਲਾਂਡਵਾਂ, ਰਾਮਪਾਲ ਸਿੰਘ ਬਹਿਣੀਵਾਲ, ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਹਰਿੰਦਰ ਸਿੰਘ ਖਾਲਸਾ, ਡਾ. ਪਰਮਵੀਰ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਪ੍ਰਭਜੋਤ ਕੌਰ, ਓਐਸਡੀ ਸਤਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਭਗਵੰਤ ਸਿੰਘ ਧੰਗੇੜਾ, ਸ਼ਾਹਬਾਜ਼ ਸਿੰਘ, ਬਿਜੈ ਸਿੰਘ, ਹਰਭਜਨ ਸਿੰਘ ਵਕਤਾ, ਅਜ਼ਾਦ ਦੀਪ ਸਿੰਘ, ਸੁਖਜਿੰਦਰ ਸਿੰਘ, ਬਲਦੇਵ ਸਿੰਘ, ਡਾ. ਅਮਰਜੀਤ ਕੌਰ, ਡਾ. ਹਰਪ੍ਰੀਤ ਕੌਰ, ਬੀਬੀ ਕਿਰਨਦੀਪ ਕੌਰ, ਲਾਇਬੇ੍ਰਰੀਅਨ ਬੀਬੀ ਰਾਜਵਿੰਦਰ ਕੌਰ ਆਦਿ ਮੌਜੂਦ ਸਨ।