- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਝੇ ਦੇ ਸਿਆਸੀ ਰਣ ਵਿਚ ਆਪਣੇ ਆਪ ਨੂੰ ਮਜ਼ਬੂਤ ਦਿਖਾਉਣ ਦੇ ਮਕਸਦ ਨਾਲ ਕਾਂਗਰਸ ਨੇ ਏਕਤਾ ਦਾ ਨਵਾਂ ਦਾਅ ਖੇਡਿਆ ਹੈ।

ਸਹਿ-ਇੰਚਾਰਜ ਸੂਰਜ ਠਾਕੁਰ ਦੀ ਅਗਵਾਈ ਹੇਠ ਅੰਮ੍ਰਿਤਸਰ-ਤਰਨਤਾਰਨ ਦੇ 15 ਹਲਕਿਆਂ ਦੇ ਸੀਨੀਅਰ ਆਗੂਆਂ ਨੇ ਮੱਥਾ ਟੇਕਿਆ
ਹਲਕਿਆਂ ’ਚ ਦਾਅਵੇਦਾਰਾਂ ਦੀ ਲੰਬੀ ਕਤਾਰ ਤੇ ਅੰਦਰੂਨੀ ਕਲੇਸ਼ ਵਿਚਾਲੇ ‘ਆਲ ਇਜ਼ ਵੈੱਲ’ ਦਾ ਸੰਦੇਸ਼ ਦੇਣ ਦੀ ਸਿਆਸੀ ਕਵਾਇਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਮਾਝੇ ਦੇ ਸਿਆਸੀ ਰਣ ਵਿਚ ਆਪਣੇ ਆਪ ਨੂੰ ਮਜ਼ਬੂਤ ਦਿਖਾਉਣ ਦੇ ਮਕਸਦ ਨਾਲ ਕਾਂਗਰਸ ਨੇ ਏਕਤਾ ਦਾ ਨਵਾਂ ਦਾਅ ਖੇਡਿਆ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਦੀਆਂ 15 ਵਿਧਾਨ ਸਭਾ ਸੀਟਾਂ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਕੇਂਦਰੀ ਵਾਲਮੀਕਿ ਮੰਦਰ ਵਿਚ ਨਤਮਸਤਕ ਹੋ ਕੇ ਪਾਰਟੀ ਵਿਚ ‘ਸਭ ਕੁਝ ਆਮ ਵਾਂਗ’ ਹੋਣ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਪ੍ਰਦੇਸ਼ ਕਾਂਗਰਸ ਦੇ ਸਹਿ-ਇੰਚਾਰਜ ਸੂਰਜ ਠਾਕੁਰ ਦੀ ਕਮਾਨ ਹੇਠ ਸਾਰੇ ਦਿੱਗਜ ਰਣਜੀਤ ਐਵੀਨਿਊ ਸਥਿਤ ਇਕ ਹੋਟਲ ਤੋਂ ਇਕੋ ਬੱਸ ਵਿਚ ਸਵਾਰ ਹੋ ਕੇ ਨਿਕਲੇ। ਹਾਲਾਕਿ, ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਕੀ ਇੱਕੋ ਬੱਸ ਵਿਚ ਸਫਰ ਕਰਨ ਨਾਲ ਹਲਕਿਆਂ ਵਿਚ ਫੈਲੀ ਡੂੰਘੀ ਗੁੱਟਬਾਜ਼ੀ ਖਤਮ ਹੋ ਜਾਵੇਗੀ ਜਾਂ ਇਹ ਸਿਰਫ਼ ਸ਼ਕਤੀ ਪ੍ਰਦਰਸ਼ਨ ਦਾ ਸਿਆਸੀ ਦਿਖਾਵਾ ਬਣ ਕੇ ਰਹਿ ਜਾਵੇਗਾ। ਆਗੂਆਂ ਦਾ ਕਾਫਲਾ ਸਵੇਰੇ 9:50 ਵਜੇ ਬੱਸ ਰਾਹੀਂ ਰਵਾਨਾ ਹੋ ਕੇ 10:10 ਵਜੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਅਤੇ 10:50 ਵਜੇ ਮੱਥਾ ਟੇਕ ਕੇ ਬਾਹਰ ਨਿਕਲਿਆ। ਇਸ ਤੋਂ ਬਾਅਦ ਸਾਰਿਆਂ ਨੇ ਸ੍ਰੀ ਦੁਰਗਿਆਣਾ ਮੰਦਰ ਅਤੇ ਕੇਂਦਰੀ ਵਾਲਮੀਕਿ ਮੰਦਰ ਵਿਚ ਵੀ ਅਰਦਾਸ ਕੀਤੀ। ਗੁਰੂ ਨਗਰੀ ਤੋਂ ਸਾਂਝਾ ਸੰਦੇਸ਼ ਦੇਣ ਦੀ ਕੋਸ਼ਿਸ਼ ਤਾਂ ਹੋਈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜ਼ਿਲ੍ਹੇ ਦੇ ਕਈ ਹਲਕਿਆਂ ਵਿਚ ਆਗੂਆਂ ਵਿਚਾਲੇ ਰੰਜਿਸ਼ ਅਜੇ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਜਿੰਦਰ ਸਿੰਘ ਡੈਨੀ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਸਾਬਕਾ ਮਹਿਲਾ ਪ੍ਰਧਾਨ ਮਮਤਾ ਦੱਤਾ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਹਰਮਿੰਦਰ ਸਿੰਘ ਗਿੱਲ, ਸੁਖਪਾਲ ਸਿੰਘ ਭੁੱਲਰ, ਸੰਤੋਖ ਸਿੰਘ ਭਲਾਈਪੁਰ, ਹਰਪ੍ਰਤਾਪ ਸਿੰਘ ਅਜਨਾਲਾ, ਕਰਨ ਬੁਰਜ, ਭਗਵੰਤ ਪਾਲ ਸਿੰਘ ਸੱਚਰ, ਕੌਂਸਲਰ ਵਿਕਾਸ ਸੋਨੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।
ਜ਼ਿਲ੍ਹਾ ਪ੍ਰਧਾਨਗੀ ਤੋਂ ਲੈ ਕੇ ਵਿਧਾਨ ਸਭਾ ਹਲਕਿਆਂ ਤੱਕ ਟਿਕਟਾਂ ਦੀ ਖਿੱਚੋਤਾਣ
ਕਾਂਗਰਸ ਦੀ ਅੰਦਰੂਨੀ ਕਲੇਸ਼ ਕਿਸੇ ਤੋਂ ਲੁਕੀ ਨਹੀਂ ਹੈ। ਕੌਂਸਲਰ ਸੌਰਭ ਮਦਾਨ ਮਿੱਠੂ ਨੂੰ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਹੀ ਖਿੱਚੋਤਾਣ ਸ਼ੁਰੂ ਹੋ ਗਈ ਸੀ। ਕਈ ਸੀਨੀਅਰ ਆਗੂ ਉਨ੍ਹਾਂ ਦੀ ਤਾਜਪੋਸ਼ੀ ਅਤੇ ਜਥੇਬੰਦਕ ਪ੍ਰੋਗਰਾਮਾਂ ਤੋਂ ਹੁਣ ਤੱਕ ਦੂਰੀ ਬਣਾਈ ਹੋਈ ਹੈ।
ਵਿਰੋਧ ਦੀ ਅੱਗ ਕਈ ਹਲਕਿਆਂ ਵਿੱਚ ਭੜਕ ਰਹੀ ਹੈ
— ਹਲਕਾ ਉੱਤਰੀ : ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਕਾਂਗਰਸ ਵਿਚ ਐਂਟਰੀ ਨਾਲ ਸਥਾਨਕ ਸਮੀਕਰਨ ਵਿਗੜੇ ਹੋਏ ਹਨ। ਇੱਥੋਂ ਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ ਆਪਣੀ ਮਜ਼ਬੂਤ ਦਾਅਵੇਦਾਰੀ ਜਤਾ ਰਹੇ ਹਨ।
— ਹਲਕਾ ਦੱਖਣੀ : ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪ੍ਰਭਾਵ ਵਾਲੇ ਇਸ ਖੇਤਰ ਵਿਚ ਪਾਰਟੀ ਆਗੂ ਰਿੰਕੂ ਨਰੂਲਾ ਨੂੰ ਸਰਗਰਮ ਕਰਕੇ ਸਮੀਕਰਨ ਉਲਝਾ ਦਿੱਤੇ ਗਏ ਹਨ।
— ਹਲਕਾ ਪੂਰਬੀ : ਇੱਥੇ ਦਿੱਗਜਾਂ ਦੀ ਭਰਮਾਰ ਹੈ। ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਸਾਬਕਾ ਮਹਿਲਾ ਪ੍ਰਦੇਸ਼ ਪ੍ਰਧਾਨ ਮਮਤਾ ਦੱਤਾ ਅਤੇ ਸ਼ਹਿਰੀ ਪ੍ਰਧਾਨ ਸੌਰਭ ਮਦਾਨ ਮਿੱਠੂ ਦੀ ਦਾਅਵੇਦਾਰੀ ਨੇ ਪੇਚ ਫਸਾ ਰੱਖਿਆ ਹੈ।
— ਹਲਕਾ ਕੇਂਦਰੀ : ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੇ ਗੜ੍ਹ ਵਿਚ ਸੰਜੀਵ ਅਰੋੜਾ ਦੀ ਸਿਆਸੀ ਸਰਗਰਮੀ ਨੇ ਗੁੱਟਬਾਜ਼ੀ ਨੂੰ ਹਵਾ ਦਿੱਤੀ ਹੈ।
— ਹਲਕਾ ਅਜਨਾਲਾ : ਇੱਥੇ ਟਕਰਾਅ ਖੁੱਲ੍ਹ ਕੇ ਸਾਹਮਣੇ ਆ ਚੁੱਕਾ ਹੈ। ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਾਹਮਣੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਦਾਅਵਾ ਠੋਕ ਦਿੱਤਾ ਹੈ, ਜਿਸ 'ਤੇ ਹਰਪ੍ਰਤਾਪ ਸਖ਼ਤ ਇਤਰਾਜ਼ ਜਤਾ ਚੁੱਕੇ ਹਨ।
ਲੋਕ ਮੁੱਦਿਆਂ 'ਤੇ ਇਕਜੁੱਟ ਹੋ ਕੇ ਬਣਾਵਾਂਗੇ ਸਰਕਾਰ : ਔਜਲਾ
ਹੋਟਲ ਤੋਂ ਬੱਸ ਵਿਚ ਸਵਾਰ ਹੋਣ ਤੋਂ ਪਹਿਲਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮਾਝੇ ਤੋਂ ਅੰਮ੍ਰਿਤਸਰ ਤੇ ਤਰਨਤਾਰਨ ਦੀਆਂ 15 ਸੀਟਾਂ ਦੇ ਸੀਨੀਅਰ ਆਗੂ ਪੂਰੀ ਤਰ੍ਹਾਂ ਇਕਜੁੱਟ ਹਨ। ਕਾਂਗਰਸ ਲੋਕ ਹਿੱਤ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚ ਜਾਵੇਗੀ। ਪੰਜਾਬ ਨੂੰ ਬਚਾਉਣ ਅਤੇ ਲੋਕ-ਹਿਤੈਸ਼ੀ ਸਰਕਾਰ ਬਣਾਉਣ ਲਈ ਸਾਰੇ ਆਗੂ ਤਨਦੇਹੀ ਨਾਲ ਕੰਮ ਕਰ ਰਹੇ ਹਨ। 2027 ਦੀਆਂ ਚੋਣਾਂ ਵਿਚ ਕਾਂਗਰਸ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।
ਚੁਣੌਤੀਆਂ ਨਾਲ ਨਜਿੱਠਣ ਲਈ ਵਾਹਿਗੁਰੂ ਤੋਂ ਮੰਗਿਆ ਬਲ : ਡਾ. ਵੇਰਕਾ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੀਪੀਸੀਸੀ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅੱਜ ਦਾ ਦਿਨ ਖਾਸ ਹੈ। ਸਾਰੇ ਆਗੂ ਵਾਹਿਗੁਰੂ ਦੇ ਚਰਨਾਂ ਵਿਚ ਇਹ ਪ੍ਰਣ ਲੈਣ ਪਹੁੰਚੇ ਹਨ ਕਿ ਲੋਕਾਂ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡਣਗੇ। ਪੰਜਾਬ ਇਸ ਸਮੇਂ ਨਸ਼ਾ ਅਤੇ ਗੈਂਗਸਟਰਵਾਦ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਸਮਾਜਿਕ ਬੁਰਾਈਆਂ ਅਤੇ ਲੋਕ-ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਲਈ ਪ੍ਰਮਾਤਮਾ ਤੋਂ ਸ਼ਕਤੀ ਅਤੇ ਅਸੀਸ ਮੰਗੀ ਹੈ।