ਨਾਜਾਇਜ਼ ਨਸ਼ਾ ਛੁਡਾਊ ਕੇਂਦਰ ’ਤੇ ਸਿਹਤ ਵਿਭਾਗ ਦੀ ਅਚਨਚੇਤ ਛਾਪੇਮਾਰੀ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ. ਭਾਰਤੀ ਧਵਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਟਾਂਗਰਾ ਅੱਡਾ ਨੇੜੇ ਜੀਟੀ ਰੋਡ ਸਥਿਤ ਭਾਈ ਮਨੀ ਸਿੰਘ ਜੀ
Publish Date: Thu, 12 Nov 2026 04:14 PM (IST)
Updated Date: Thu, 12 Nov 2026 04:15 PM (IST)
70 ਤੋਂ 75 ਨੌਜਵਾਨ ਮਰੀਜ਼ਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਕੀਤਾ ਗਿਆ ਸ਼ਿਫਟ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ. ਭਾਰਤੀ ਧਵਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਟਾਂਗਰਾ ਅੱਡਾ ਨੇੜੇ ਜੀਟੀ ਰੋਡ ਸਥਿਤ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲਾ ਵਿਖੇ ਚੱਲ ਰਹੇ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਜਾਂਚ ਟੀਮ ਵਿਚ ਡਾ. ਸਰਬਜੀਤ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਅੰਮ੍ਰਿਤਸਰ, ਡਾ. ਪਰਮਪ੍ਰੀਤ ਕੌਰ ਐਮਓ (ਸਾਈਕੈਟਰੀ), ਸੁਖਦੀਪ ਸਿੰਘ ਡਰੱਗ ਇੰਸਪੈਕਟਰ, ਬਬਲੀਨ ਕੌਰ ਡਰੱਗ ਇੰਸਪੈਕਟਰ ਅਤੇ ਦੀਪਕ ਰਾਏ ਸ਼ਾਮਲ ਸਨ। ਜਾਂਚ ਦੌਰਾਨ ਉਕਤ ਕੇਂਦਰ ਵਿਚ ਲਗਭਗ 70 ਤੋਂ 75 ਲੜਕੇ ਮਿਲੇ, ਜਿਨ੍ਹਾਂ ਵਿੱਚ 18 ਸਾਲ ਤੋਂ ਘੱਟ ਅਤੇ ਵੱਧ ਉਮਰ ਦੇ ਨੌਜਵਾਨ ਸ਼ਾਮਲ ਸਨ। ਜਾਂਚ ਦੌਰਾਨ ਕੇਂਦਰ ਕੋਲ ਕੋਈ ਵੀ ਲੋੜੀਂਦਾ ਦਸਤਾਵੇਜ਼ ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਮੌਕੇ ’ਤੇ ਮੌਜੂਦ ਨਹੀਂ ਪਾਇਆ ਗਿਆ। ਸਿਹਤ ਵਿਭਾਗ ਵੱਲੋਂ ਉਕਤ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨੂੰ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅੰਮ੍ਰਿਤਸਰ ਵਿਖੇ ਸ਼ਿਫਟ ਕੀਤਾ ਗਿਆ। ਇਸ ਤੋਂ ਇਲਾਵਾ ਮਾਮਲੇ ਸਬੰਧੀ ਅਗਲੀ ਲੋੜੀਂਦੀ ਕਾਰਵਾਈ ਲਈ ਸਬੰਧਤ ਥਾਣਾ ਮੁਖੀ, ਤਰਸਿੱਕਾ ਨੂੰ ਵੀ ਸੂਚਿਤ ਕਰਕੇ ਬੁਲਾਇਆ ਗਿਆ। ਸਿਹਤ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਨਸ਼ਾ ਛੁਡਾਊ ਕੇਂਦਰਾਂ ਦਾ ਸਰਕਾਰੀ ਨਿਯਮਾਂ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਚੱਲਣਾ ਲਾਜ਼ਮੀ ਹੈ, ਤਾਂ ਜੋ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਨੂੰ ਸੁਰੱਖਿਅਤ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ।