- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਕਅੱਪ ਆਰਟਿਸਟ ਮਧੂ ਸੂਦਨ ਉਰਫ ਮੈਡ ਸੰਧੂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਮੌਤ ਇੰਨੀ ਸਸਤੀ ਹੋਵੇਗੀ। ਉਸ ਦੇ ਕਤਲ ਨੂੰ ਅੰਜਾਮ ਦੇਣ ਲਈ ਸਿਰਫ ਪੰਜ ਹਜ਼ਾਰ ਰੁਪਏ ਵਿਚ ਵਿਦੇਸ਼ੀ ਪਿਸਤੌਲ ਮੁਹੱਈਆ ਕਰਵਾ ਦਿੱਤਾ ਗਿਆ ਅਤੇ ਗਿਆਰਾਂ ਹਜ਼ਾਰ ਰੁਪਏ ਵਿਚ ਮੈਡ ਦਾ ਕਤਲ ਕਰ ਦਿੱਤਾ ਗਿਆ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੇਕਅੱਪ ਆਰਟਿਸਟ ਮਧੂ ਸੂਦਨ ਉਰਫ ਮੈਡ ਸੰਧੂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਮੌਤ ਇੰਨੀ ਸਸਤੀ ਹੋਵੇਗੀ। ਉਸ ਦੇ ਕਤਲ ਨੂੰ ਅੰਜਾਮ ਦੇਣ ਲਈ ਸਿਰਫ ਪੰਜ ਹਜ਼ਾਰ ਰੁਪਏ ਵਿਚ ਵਿਦੇਸ਼ੀ ਪਿਸਤੌਲ ਮੁਹੱਈਆ ਕਰਵਾ ਦਿੱਤਾ ਗਿਆ ਅਤੇ ਗਿਆਰਾਂ ਹਜ਼ਾਰ ਰੁਪਏ ਵਿਚ ਮੈਡ ਦਾ ਕਤਲ ਕਰ ਦਿੱਤਾ ਗਿਆ। ਮੈਡ ਦੇ ਪਰਿਵਾਰ ਨੂੰ ਜਦੋਂ ਇਸ ਦੀ ਭਿਣਕ ਲੱਗੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਡ ਤਾਂ ਸਾਰੇ ਪਰਿਵਾਰ ਨੂੰ ਪਾਲ ਰਿਹਾ ਸੀ ਅਤੇ ਕਾਤਲਾਂ ਨੇ ਸਿਰਫ ਗਿਆਰਾਂ ਹਜ਼ਾਰ ਲਈ ਮੈਡ ਨੂੰ ਹਮੇਸ਼ਾਂ ਲਈ ਨੀਂਦ ਵਿਚ ਸੁਲਾ ਦਿੱਤਾ।
ਜਾਂਚ ਟੀਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਦੋਂ ਸ਼ੂਟਰ ਪਰਮਜੀਤ ਸਿੰਘ ਉਰਫ ਕਾਕਾ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਆਪਣੇ ਆਪ ਨੂੰ ਉੱਥੇ ਨਿਰਦੋਸ਼ ਦੱਸ ਰਿਹਾ ਸੀ। ਜਦੋਂ ਅੰਮ੍ਰਿਤਸਰ ਪੁਲਿਸ ਨੇ ਅਹਿਮਦਾਬਾਦ ਦੀ ਪੁਲਿਸ ਨੂੰ ਮੁਲਜ਼ਮ ਦੇ ਕਾਰਨਾਮਿਆਂ ਬਾਰੇ ਦੱਸਿਆ ਤਾਂ ਉੱਥੇ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਸ਼ੁਰੂ ਹੋ ਗਈ।
ਮੁਲਜ਼ਮ ਨੇ ਮੰਨਿਆ ਹੈ ਕਿ ਵਾਰਦਾਤ ਤੋਂ ਬਾਅਦ ਉਹ ਟਰੇਨ ਰਾਹੀਂ ਤੁਰੰਤ ਅਹਿਮਦਾਬਾਦ ਪਹੁੰਚ ਗਿਆ ਸੀ। ਅਮਨਦੀਪ ਸਿੰਘ ਨੇ ਉਸ ਨੂੰ (ਭਰਾ) ਪਰਮਜੀਤ ਉਰਫ ਕਾਕਾ ਨੂੰ ਦੱਸਿਆ ਸੀ ਕਿ ਉਹ ਗੁਜਰਾਤ ਵਿਚ ਜਾ ਕੇ ਲੁਕ ਜਾਵੇ ਅਤੇ ਗਿਆਰਾਂ ਹਜ਼ਾਰ ਵਿਚ ਜਿੰਨਾ ਗੁਜ਼ਾਰਾ ਹੁੰਦਾ ਹੈ ਉਹ ਕਰ ਲਵੇ।
ਜਲਦੀ ਵਿਦੇਸ਼ੀ ਹੈਂਡਲਰ ਉਸ ਦੇ ਬੈਂਕ ਖਾਤੇ ਵਿਚ ਪੈਸੇ ਪਾ ਦੇਵੇਗਾ। ਪਰ ਅਹਿਮਦਾਬਾਦ ਪਹੁੰਚਦਿਆਂ ਹੀ ਉਸ ਦੇ ਪੈਸੇ ਖਤਮ ਹੋ ਗਏ ਸਨ। ਇਧਰ, ਪੁਲਿਸ ਨੇ ਸ਼ੂਟਰ ਦੇ ਭਰਾ ਅਮਨਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਅਮਨਦੀਪ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਗੁਜਰਾਤ ਵਿਚ ਬੈਠੇ ਸ਼ੂਟਰ ਨਾਲ ਗੱਲਬਾਤ ਕਰ ਰਿਹਾ ਸੀ। ਉਹ ਵਾਰ-ਵਾਰ ਪੈਸੇ ਭਿਜਵਾਉਣ ਲਈ ਅਮਨਦੀਪ ਦੇ ਸੰਪਰਕ ਵਿਚ ਸੀ।
ਪੁਲਿਸ ਨੇ ਬੜੀ ਹੁਸ਼ਿਆਰੀ ਨਾਲ ਉਸ ਤੋਂ ਪਹਿਲਾਂ ਬਾਰ ਕੋਡ ਮੰਗਵਾਇਆ ਅਤੇ ਫਿਰ ਉਸ ਨੂੰ ਸਕੈਨ ਕਰਵਾ ਕੇ ਕੁਝ ਪੈਸੇ ਵੀ ਪਵਾ ਦਿੱਤੇ। ਉੱਥੇ ਤੁਰੰਤ ਗੁਜਰਾਤ ਪੁਲਿਸ ਨੇ ਉਸ ਨੂੰ ਫੜ ਲਿਆ। ਪੁਲਿਸ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਛੇ ਮੁਲਜ਼ਮਾਂ ਨੇ ਮੈਡ ਸੰਧੂ ਦੇ ਕਤਲ ਵਿਚ ਆਪੋ-ਆਪਣੇ ਅਹਿਮ ਰੋਲ ਨਿਭਾਏ ਹਨ। ਕਿਸੇ ਨੇ ਗੋਲੀ ਚਲਾਈ, ਕਿਸੇ ਨੇ ਫੰਡ ਮੰਗਵਾਏ ਅਤੇ ਕਿਸੇ ਨੇ ਹਥਿਆਰ ਖਰੀਦ ਕੇ ਉਨ੍ਹਾਂ ਨੂੰ ਆਪਣੇ ਟਿਕਾਣੇ 'ਤੇ ਪਹੁੰਚਾਇਆ। ਪਰ 16 ਹਜ਼ਾਰ ਤੋਂ ਬਾਅਦ ਅਮਨਦੀਪ ਨੂੰ ਵਿਦੇਸ਼ੀ ਹੈਂਡਲਰ ਨੇ ਇਕ ਵੀ ਪੈਸਾ ਨਹੀਂ ਦਿੱਤਾ।
ਦੋ ਹਜ਼ਾਰ ਰੁਪਏ ’ਚ ਲਗਾਈ ਸੀ ਅਜਨਾਲਾ ਥਾਣੇ ਵਿਚ ਆਈਈਡੀ
ਦਸੰਬਰ 2024 ਦੀ ਰਾਤ ਵਿਦੇਸ਼ੀ ਹੈਂਡਲਰ ਦੇ ਹੁਕਮ 'ਤੇ ਨਸ਼ੇੜੀਆਂ ਨੇ ਦੋ-ਦੋ ਹਜ਼ਾਰ ਦੀ ਹੈਰੋਇਨ ਦੀ ਪੁੜੀ ਲੈਣ ਲਈ ਭਾਰਤ-ਪਾਕਿਸਤਾਨੀ ਸਰਹੱਦ ਨਾਲ ਲੱਗਦੇ ਥਾਣਾ ਅਜਨਾਲਾ ਨੂੰ ਆਈਈਡੀ ਲਗਾ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਮੁਲਜ਼ਮਾਂ ਦਾ ਰਿਮੋਟ ਡਿੱਗ ਜਾਣ ਕਾਰਨ ਧਮਾਕਾ ਨਹੀਂ ਹੋ ਸਕਿਆ ਸੀ।
ਬਾਈਕ ਬਰਾਮਦ, ਪਿਸਤੌਲ ਬਰਾਮਦ ਕਰਨਾ ਬਾਕੀ
ਪਤਾ ਲੱਗਾ ਹੈ ਕਿ ਜਿਸ ਬਾਈਕ 'ਤੇ ਮੁਲਜ਼ਮਾਂ ਨੇ ਮੈਡ ਸੰਧੂ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਪੁਲਿਸ ਨੇ ਉਸ ਨੂੰ ਬਰਾਮਦ ਕਰ ਲਿਆ ਹੈ। ਜਦਕਿ ਪਿਸਤੌਲ ਬਰਾਮਦ ਕੀਤਾ ਜਾਣਾ ਅਜੇ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਕਾਕਾ ਦੀ ਪੁੱਛਗਿੱਛ ਤੋਂ ਬਾਅਦ ਪਿਸਤੌਲ ਬਰਾਮਦ ਕੀਤਾ ਜਾਵੇਗਾ।