ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਲੈਕਚਰ ਕਰਵਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ
Publish Date: Wed, 30 Sep 2026 04:20 PM (IST)
Updated Date: Wed, 30 Sep 2026 04:22 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਲੈਚਕਰ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਮੁਖੀ ਪ੍ਰੋ. ਸੁਖਦੇਵ ਸਿੰਘ ਸੋਹਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਇਸ ਭਾਸ਼ਣ ਦਾ ਮਕਸਦ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਪ੍ਰਮੁੱਖ ਇਨਕਲਾਬੀਆਂ ’ਚੋਂ ਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਰਾਸ਼ਟਰੀ ਅੰਦੋਲਨ ’ਚ ਯੋਗਦਾਨ ਨੂੰ ਯਾਦ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਵਿਚਾਰਾਂ, ਆਦਰਸ਼ਾਂ ਅਤੇ ਆਜ਼ਾਦ ਭਾਰਤ ਸਬੰਧੀ ਉਨ੍ਹਾਂ ਦੇ ਸੁਪਨੇ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਡਾ. ਮਹਿਲ ਸਿੰਘ ਨੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਭਗਤ ਸਿੰਘ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਮਹਾਨ ਨਾਇਕ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਸਨ।ਉਨ੍ਹਾਂ ਨੇ ਆਪਣੇ ਛੋਟੇ ਜਿਹੇ ਜੀਵਨ ’ਚ ਦੇਸ਼ ਦੀ ਆਜ਼ਾਦੀ, ਇਨਸਾਫ਼ ਅਤੇ ਸਮਾਜਿਕ ਬਰਾਬਰੀ ਲਈ ਮਹਾਨ ਕੁਰਬਾਨੀ ਦਿੱਤੀ।ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਸੋਚ ਸਿਰਫ਼ ਆਜ਼ਾਦੀ ਹਾਸਲ ਕਰਨ ਤੱਕ ਸੀਮਤ ਨਹੀਂ ਸੀ, ਸਗੋਂ ਉਹ ਇਕ ਅਜਿਹੇ ਸਮਾਜ ਦੀ ਸਿਰਜਣਾ ਦੇ ਹਾਮੀ ਸਨ ਜਿੱਥੇ ਹਰੇਕ ਵਿਅਕਤੀ ਨੂੰ ਬਰਾਬਰ ਹੱਕ ਅਤੇ ਸਨਮਾਨ ਮਿਲੇ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ, ਵਿਚਾਰਾਂ, ਦੇਸ਼ ਪ੍ਰੇਮ ਅਤੇ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਸੋਹਲ ਨੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਅਤੇ ਵਿਚਾਰਧਾਰਾ ’ਤੇ ਇਤਿਹਾਸਕ ਝਾਤ’ ਵਿਸ਼ੇ ’ਤੇ ਲੈਕਚਰ ਦੌਰਾਨ ਭਗਤ ਸਿੰਘ ਦੇ ਬੌਧਿਕ ਵਿਕਾਸ, ਇਨਕਲਾਬੀ ਵਿਚਾਰਧਾਰਾ, ਲਿਖਤਾਂ, ਰਾਜਨੀਤਿਕ ਵਿਚਾਰਾਂ ਅਤੇ ਰਾਸ਼ਟਰਵਾਦ ਤੇ ਸਮਾਜਿਕ ਤਬਦੀਲੀ ਸਬੰਧੀ ਉਨ੍ਹਾਂ ਦੀ ਸਮਝ ਬਾਰੇ ਇਤਿਹਾਸਕ ਅਤੇ ਅਕਾਦਮਿਕ ਦ੍ਰਿਸ਼ਟੀਕੋਣ ਪੇਸ਼ ਕੀਤਾ। ਇਸ ਮੌਕੇ ਪ੍ਰੋ. ਸੋਹਲ ਨੇ ਕਿਹਾ ਕਿ ਭਗਤ ਸਿੰਘ ਨੂੰ ਸਿਰਫ਼ ਇਕ ਇਨਕਲਾਬੀ ਨਾਇਕ ਵਜੋਂ ਹੀ ਨਹੀਂ, ਸਗੋਂ ਇਕ ਗੰਭੀਰ ਚਿੰਤਕ, ਉਤਸ਼ਾਹੀ ਪਾਠਕ ਅਤੇ ਬੌਧਿਕ ਸ਼ਖ਼ਸੀਅਤ ਵਜੋਂ ਵੀ ਸਮਝਣ ਦੀ ਲੋੜ ਹੈ। ਉਨ੍ਹਾਂ ਨੇ ਬਸਤੀਵਾਦ, ਰਾਸ਼ਟਰਵਾਦ, ਸਮਾਜਿਕ ਨਿਆਂ, ਸਮਾਨਤਾ, ਧਰਮ—ਨਿਰਪੱਖਤਾ ਅਤੇ ਭਾਰਤੀ ਸਮਾਜ ਦੇ ਭਵਿੱਖ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਡੂੰਘਾਈ ਨਾਲ ਵਿਚਾਰ ਕੀਤਾ।ਇਸ ਸਬੰਧ ’ਚ ਪ੍ਰੋ. ਸੋਹਲ ਨੇ ਨੌਜਵਾਨਾਂ ਨੂੰ ‘ਭਗਤ ਸਿੰਘ ਜੇਲ੍ਹ ਡਾਇਰੀ’ ਪੜ੍ਹਨ ਲਈ ਪ੍ਰੇਰਿਤ ਕੀਤਾ, ਜੋ ਕੈਦ ਦੌਰਾਨ ਉਨ੍ਹਾਂ ਦੀਆਂ ਬੌਧਿਕ ਾਂਚੀਆਂ, ਵਿਚਾਰਾਂ, ਪੜ੍ਹਨ ਦੀ ਆਦਤ ਅਤੇ ਸਾਹਿਤ ਤੇ ਰਾਜਨੀਤਿਕ ਚਿੰਤਨ ਨਾਲ ਉਨ੍ਹਾਂ ਦੇ ਸਬੰਧ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਨੂੰ ਉਕਤ ਲੈਕਚਰ ਆਯੋਜਨ ਲਈ ਵਧਾਈ ਦਿੰਦਿਆਂ ਵਿਿਦਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ, ਵਿਚਾਰਾਂ ਅਤੇ ਫ਼ਲਸਫ਼ੇ ਨਾਲ ਜੋੜਨ ਲਈ ਅਜਿਹਾ ਅਕਾਦਮਿਕ ਮੰਚ ਪ੍ਰਦਾਨ ਕਰਨ ਵਾਸਤੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋ: ਸੋਹਲ ਨੇ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਵਿਿਦਆਰਥੀਆਂ ਨੂੰ ਤਿੰਨ ਰੋਜ਼ਾ ਸਵੱਛਤਾ ਭਾਰਤ ਅਭਿਆਨ ‘ਏਕ ਕਦਮ ਸਵੱਛਤਾ ਕੀ ਔਰ’ ’ਚ ਭਾਗ ਲੈਣ ਸਬੰਧੀ ਪ੍ਰਣ ਵੀ ਦੁਆਇਆ, ਜੋ ਕਿ ਸਫ਼ਾਈ, ਅਨੁਸ਼ਾਸਨ ਅਤੇ ਜ਼ਿੰਮੇਵਾਰ ਨਾਗਰਿਕਤਾ ਦੇ ਹੋਕੇ ਨੂੰ ਅਗਾਂਹ ਵਧਾਏਗਾ। ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦਾ ਸੰਚਾਲਨ ਡਾ. ਸ਼ਸ਼ੀ ਸੂਰੀ ਨੇ ਕੀਤਾ, ਜਦਕਿ ਡਾ. ਬਲਜੀਤ ਸਿੰਘ ਨੇ ਕੋ—ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ।