ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ’ਚ ਖਾਲਸਾ ਅਕੈਡਮੀ ਬਣੀ ਪ੍ਰੇਰਣਾ ਸਰੋਤ : ਰਾਜਬੀਰ ਘੁੰਮ ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ
Publish Date: Tue, 15 Sep 2026 04:22 PM (IST)
Updated Date: Tue, 15 Sep 2026 04:23 PM (IST)
ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਸੀਬੀਐਸਈ ਨੌਰਥ ਜ਼ੋਨ-2 ਹਾਕੀ ਚੈਂਪੀਅਨਸ਼ਿਪ ਦੇ ਮੁਕਾਬਲੇ ਪੂਰੇ ਉਤਸ਼ਾਹ ਨਾਲ ਜਾਰੀ ਹਨ। ਅੱਜ ਅਕੈਡਮੀ ਦੇ ਵੱਖ-ਵੱਖ ਗਰਾਊਂਡਾਂ ਵਿਚ ਸੈਮੀਫਾਈਨਲ ਮੁਕਾਬਲਿਆਂ ਤਹਿਤ ਕੁੱਲ 10 ਹਾਕੀ ਮੈਚ ਕਰਵਾਏ ਗਏ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਜਬੀਰ ਸਿੰਘ ਘੁੰਮਣ (ਸੈਕਟਰੀ-ਕਮ-ਓਐਸਡੀ, ਮੁੱਖ ਮੰਤਰੀ ਪੰਜਾਬ), ਤਜਿੰਦਰਪਾਲ ਸਿੰਘ ਵੜੈਚ ਅਤੇ ਬੀਰ ਦਵਿੰਦਰ ਸਿੰਘ ਬੱਲ ਨੇ ਹਵਾ ਵਿਚ ਗੁਬਾਰੇ ਛੱਡ ਕੇ ਮੈਚਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੇ ਨਾਲ ਸਕੂਲ ਦੇ ਡਾਇਰੈਕਟਰ ਪ੍ਰਿੰ. ਡਾ. ਜਤਿੰਦਰ ਕੁਮਾਰ ਸ਼ਰਮਾ , ਕਾਲਜ ਪ੍ਰਿੰ. ਗੁਰਦੀਪ ਸਿੰਘ ਜਲਾਲ-ਉਸਮਾ, ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ, ਭਾਈ ਸਾਹਿਬ ਸਿੰਘ ਵੀ ਮੌਜੂਦ ਸਨ। ਅੱਜ ਦੇ ਮੁਕਾਬਲਿਆਂ ਦੌਰਾਨ ਖਾਲਸਾ ਅਕੈਡਮੀ ਮਹਿਤਾ ਚੌਂਕ ਅਤੇ ਚੰਦਨ ਬਾਲ ਵਿਕਾਸ ਸਕੂਲ ਦੀਆਂ ਟੀਮਾਂ ਵਿਚਕਾਰ ਹੋਏ ਰੋਮਾਂਚਕ ਮੈਚ ਵਿੱਚ ਖਾਲਸਾ ਅਕੈਡਮੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਗੁਰੂ ਬ੍ਰਹਮਾਨੰਦ ਸਕੂਲ, ਡੀਏਵੀ ਮਧੂਬਨ, ਰਾਮ ਪ੍ਰਸਾਦ ਸਕੂਲ, ਸੇਂਟ ਸੋਲਜਰ, ਪਾਥ ਸੀਕਰ ਬਿਆਸ ਅਤੇ ਡੀਏਵੀ ਪੁਲਿਸ ਸਕੂਲ ਦੀਆਂ ਟੀਮਾਂ ਨੇ ਵੀ ਆਪਣੇ ਮੁਕਾਬਲਿਆਂ ਵਿਚ ਪੂਰਾ ਦਮਖਮ ਦਿਖਾਇਆ। ਇਸ ਸਮੇਂ ਰਾਜਬੀਰ ਸਿੰਘ ਘੁੰਮਣ ਨੇ ਸੰਬੋਧਨ ਕਰਦਿਆਂ ਆਖਿਆ ਕਿ ਖਾਲਸਾ ਅਕੈਡਮੀ ਮਹਿਤਾ ਚੌਕ ਵੱਲੋਂ ਹਾਕੀ ਚੈਂਪੀਅਨਸ਼ਿਪ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਅਜਿਹੇ ਖੇਡ ਮੁਕਾਬਲੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਦੇਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਅਕੈਡਮੀ ਦੀ ਇਸ ਪਹਿਲ ਲਈ ਸਮੁੱਚੀ ਪ੍ਰਬੰਧਕੀ ਟੀਮ ਵਧਾਈ ਦੀ ਹੱਕਦਾਰ ਹੈ। ਰਾਜਬੀਰ ਘੁੰਮਣ ਨੇ ਬਾਹਰੋਂ ਪਹੁੰਚੇ ਕੋਚਾਂ ਅਤੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੁਨਹਿਰੇ ਭਵਿੱਖ ਵੱਲ ਵਧਣ ਲਈ ਵੱਡਾ ਮੰਚ ਪ੍ਰਦਾਨ ਕਰਦੇ ਹਨ। ਇਸ ਮੌਕੇ ਸ਼ਾਹ ਮੁਹੰਮਦ ਰਸੀਦ ਸੀਬੀਐਸਈ ਅਬਜਰਵਰ, ਸਪਾਰਦਾ ਵਰਮਾ ਟੈਕਨੀਕਲ ਡਲੀਗੇਟਸ, ਹਾਕੀ ਕੋਚ ਮਨਮੀਤ ਸਿੰਘ, ਦਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਮੌਜੂਦ ਸਨ।