ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਪਹਿਲਗਾਮ ਵਿਖੇ ਤਿੰਨ ਮੰਜ਼ਿਲਾ ਯਾਤਰੀ ਨਿਵਾਸ ਦੀ ਪਹਿਲੀ ਮੰਜ਼ਿਲ ਦਾ ਲੈਂਟਰ ਪਾਇਆ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਹਿਲਗਾਮ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਦੇਸ਼-ਵਿਦੇਸ਼ ਤੋਂ ਆਉਂਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਅਤੇ ਹੋਰ ਸਹੂਲਤਾਂ ਲਈ ਕਾਰ ਸੇਵਾ ਸੰਤ ਭੂਰੀ ਵਾਲਿਆਂ
Publish Date: Thu, 08 Oct 2026 06:47 PM (IST)
Updated Date: Thu, 08 Oct 2026 06:50 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਹਿਲਗਾਮ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਦੇਸ਼-ਵਿਦੇਸ਼ ਤੋਂ ਆਉਂਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਅਤੇ ਹੋਰ ਸਹੂਲਤਾਂ ਲਈ ਕਾਰ ਸੇਵਾ ਸੰਤ ਭੂਰੀ ਵਾਲਿਆਂ ਵੱਲੋਂ ਤਿਆਰ ਕੀਤੇ ਜਾ ਰਹੇ ਤਿੰਨ ਮੰਜ਼ਿਲਾ ਯਾਤਰੀ ਨਿਵਾਸ ਦੀ ਪਹਿਲੀ ਮੰਜ਼ਿਲ ਦਾ ਲੈਂਟਰ ਅੱਜ ਅਰਦਾਸ ਉਪਰੰਤ ਪਾਇਆ ਗਿਆ। ਅਰਦਾਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਸੇਵਾ ਸਿੰਘ ਨੇ ਕੀਤੀ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਤਨਾਗ ਦੇ ਪ੍ਰਧਾਨ ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਇਸ ਵਿਸ਼ਾਲ ਯਾਤਰੀ ਨਿਵਾਸ ਦੀਆਂ ਤਿੰਨ ਮੰਜ਼ਿਲਾਂ ਵਿਚ 60 ਕਮਰੇ ਅਤੇ ਸੰਗਤਾਂ ਦੀਆਂ ਲੋੜਾਂ ਅਨੁਸਾਰ ਹੋਰ ਰਿਹਾਇਸ਼ੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਵਾਸ਼ਰੂਮ ਬਲਾਕ, ਲੰਗਰ ਹਾਲ, ਅਤਿ-ਆਧੁਨਿਕ ਰਸੋਈ ਅਤੇ ਪ੍ਰਬੰਧਕੀ ਬਲਾਕ ਵੀ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਂਣ ਲਈ ਅਸੀਂ ਹਮੇਸ਼ਾਂ ਵਚਨਵੱਧ ਹਾਂ ਅਤੇ ਮਹਾਂਪੁਰਸ਼ਾਂ ਵੱਲੋਂ ਕੀਤੇ ਜਾ ਰਹੇ ਇਹ ਕਾਰਜ ਮੁਕੰਮਲ ਹੋਣ ਨਾਲ ਇਸ ਇਤਿਹਾਸਕ ਅਸਥਾਨ ’ਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ-ਸੰਭਾਲ ਹੋਰ ਸੁਚੱਜੇ ਢੰਗ ਨਾਲ ਕੀਤੀ ਜਾ ਸਕੇਗੀ। ਇਸ ਮੌਕੇ ਕਾਰ ਸੇਵਾ ਭੂਰੀ ਵਾਲੇ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਨੇ ਪ੍ਰਬੰਧਕਾਂ ਦੀ ਮੰਗ ਅਤੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸੇਵਾ ਦੇ ਇਸ ਕਾਰਜ ਨੂੰ ਪ੍ਰਮੁੱਖਤਾ ਨਾਲ ਮੁਕੰਮਲ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਮੁਕੰਮਲ ਹੁੰਦੇ ਹਨ ਸੋ ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸੇਵਾ ਕਾਰਜ ਲਈ ਦਿਲ ਖੋਲ੍ਹ ਕੇ ਸਹਿਯੋਗ ਕਰਨ। ਲੈਂਟਰ ਪਾਉਣ ਦੇ ਮੌਕੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਤਨਾਗ ਦੇ ਜਨਰਲ ਸਕੱਤਰ ਜਰਨੈਲ ਸਿੰਘ, ਮੈਂਬਰ ਪ੍ਰਭੂ ਸਿੰਘ, ਦਾਰਾ ਸਿੰਘ, ਜੋਗਿੰਦਰ ਸਿੰਘ, ਨਿਰੰਜਨ ਸਿੰਘ, ਅਵਤਾਰ ਸਿੰਘ, ਬਾਬਾ ਕਰਨਬੀਰ ਸਿੰਘ, ਬਾਬਾ ਅਵਤਾਰ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਨਰਿੰਦਰ ਸਿੰਘ ਆਦਿ ਮੌਜੂਦ ਸਨ।