ਚਾਵਲਾ ਬਾਰੇ ਜਥੇਦਾਰ ਦਾ ਫ਼ੈਸਲਾ ਮਰਿਆਦਾ, ਸਿਧਾਂਤ ਤੇ ਧਾਰਮਿਕ ਰਹੁਰੀਤਾਂ ਖ਼ਿਲਾਫ਼ : ਬਾਬਾ ਰੰਧਾਵੇ ਵਾਲੇ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ੋ੍ਰਮਣੀ ਕਮੇਟੀ ਵਿਚ ਵਿਰੋਧੀ ਧਿਰ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਅਮਰਜੀਤ ਸਿੰਘ ਚਾਵਲਾ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ
Publish Date: Thu, 24 Sep 2026 06:58 PM (IST)
Updated Date: Thu, 24 Sep 2026 07:00 PM (IST)
ਧਾਮੀ ਨਾ ਤਾਂ ਭ੍ਰਿਸ਼ਟ, ਨਾ ਚਰਿਤਰਹੀਣ ਤੇ ਨਾ ਹੀ ਚੋਰ-ਠੱਗ ਫਿਰ ਅਸਤੀਫਾ ਕਿਉਂ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ੋ੍ਰਮਣੀ ਕਮੇਟੀ ਵਿਚ ਵਿਰੋਧੀ ਧਿਰ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਅਮਰਜੀਤ ਸਿੰਘ ਚਾਵਲਾ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਲਏ ਫੈਂਸਲੇ ਨੂੰ ਮਰਿਯਾਦਾ ਦੇ ਉਲਟ ਜਾ ਕੇ ਲਿਆ ਫੈਸਲਾ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰਜੀਤ ਸਿੰਘ ਚਾਵਲਾ ਨੇ ਵੀ ਆਪਣੀ ਇਕ ਵੀਡੀਓ ਵਿਚ ਸ਼ਪਸ਼ਟ ਸ਼ਬਦਾਂ ਵਿਚ ਜਥੇਦਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦਿਆ ਕਿਹਾ ਸੀ ਕਿ ਤੁਸੀ ਆਪਣੇ ਦਿੱਲੀ ਦੇ ਮਿੱਤਰਾਂ ਨੂੰ ਖੁਸ਼ ਕਰਨ ਲਈ ਮੇਰੇ ਖਿਲਾਫ ਇਹ ਕਾਰਵਾਈ ਕੀਤੀ ਹੈ। ਬਾਬਾ ਰੰਧਾਵਾ ਨੇ ਕਿਹਾ ਕਿ ਅਮਰਜੀਤ ਸਿੰਘ ਚਾਵਲਾ ਨੇ ਬਜਰ ਗਲਤੀ ਕੀਤੀ ਹੈ। ਜਥੇਦਾਰ ਪਾਸੋ ਕੌਮ ਇਹ ਜਾਨਣਾ ਚਾਹੁੰਦੀ ਹੈ ਕਿ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਇਸ ਬਜਰ ਗੁਨਾਹ ਕਰਨ ਦੇ ਦੋਸ਼ ਤਹਿਤ ਦਿੱਤੀ ਸਜਾ ਕਿਹੜੇ ਗ੍ਰੰਥ, ਕਿਹੜੇ ਸਿਧਾਂਤ ਦੀ ਰੌਸ਼ਨੀ, ਕਿਹੜੀ ਪਰੰਪਰਾ ਦੇ ਮੁਤਾਬਿਕ ਅਤੇ ਦਸਮ ਪਾਤਸ਼ਾਹ ਦੇ ਕਿਹੜੇ ਹੁਕਮਨਾਮੇ ਮੁਤਬਿਕ ਦਿੱਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਨੂੰ ਸਿੱਖਾਂ ਨੂੰ ਚਾਰ ਬਜਰ ਕੁਰਹਿਤਾ ਤੋਂ ਬਚਣ ਦਾ ਆਦੇਸ਼ ਕੀਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਕਲ ਨੂੰ ਜੇਕਰ ਅਮਰਜੀਤ ਸਿੰਘ ਚਾਵਲਾ ਮੁਆਫੀ ਮੰਗਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾਵੇ ਤਾਂ ਕੀ ਤੁਸੀ ਉਸ ਦੇ ਮਾਮਲੇ ‘ਤੇ ਵਿਚਾਰ ਨਹੀਂ ਕਰੋਗੇ। ਉਨ੍ਹਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਿਹਾਇਸ਼ ਅਤੇ ਯਾਤਰੀ ਨਿਵਾਸ ਦੀ ਕੰਧ ਨਾਲ ਕੰਧ ਸਾਂਝੀ ਹੈ ਫਿਰ ਵੀ ਜਥੇਦਾਰ ਨੂੰ ਪਤਾ ਨਹੀਂ ਲਗਾ, ਛੇ ਮਹੀਨੇ ਦੇ ਵਿਚ ਇਹਨਾਂ ਦੇ ਕੋਲ ਕੋਈ ਖਬਰ ਨਹੀਂ ਆਈ, ਇਹ ਬੇਖਬਰ ਰਹੇ। ਜੇ ਜਥੇਦਾਰ ਨੂੰ ਖਬਰ ਨਹੀਂ ਮਿਲੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਲ 100 ਕਿਲੋਮੀਟਰ ‘ਤੇ ਕਿਸ ਤਰਾਂ ਇਹ ਖਬਰ ਜਾ ਸਕਦੀ ਸੀ। ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਰੋਧ ਕਰ ਰਹੀਆਂ ਧਿਰਾਂ ਨੂੰ ਕਰੜੇ ਹੱਥੀ ਲੈਂਦਿਆਂ ਬਾਬਾ ਰੰਧਾਵਾ ਨੇ ਕਿਹਾ ਕਿ ਮੈਂ ਨਿੱਜੀ ਤੌਰ ‘ਤੇ ਹਰਜਿੰਦਰ ਸਿੰਘ ਧਾਮੀ ਨੂੰ ਜਾਣਿਆ ਹੈ, ਉਹ ਨਾ ਤਾਂ ਭ੍ਰਿਸ਼ਟ ਹਨ, ਨਾ ਉਹ ਚਰਿਤਰਹੀਣ ਹਨ, ਨਾ ਉਹ ਕੋਈ ਚੋਰੀ ਠੱਗੀ ਕਰਦੇ ਹਨ। ਮੌਜੂਦਾ ਸਮੇਂ ਵਿਚ ਸ਼ੋ੍ਰਮਣੀ ਕਮੇਟੀ ਹਾਊਸ ਕੋਲ ਐਡਵੋਕੇਟ ਧਾਮੀ ਦਾ ਕੋਈ ਬਦਲ ਨਹੀਂ ਹੈ। ਸਿੱਖ ਸਿਧਾਤਾਂ ਦੇ ਜਾਣਕਾਰ ਅਤੇ ਪੰਥ ਦਾ ਦਰਦ ਰੱਖਣ ਵਾਲੇ ਬਾਬਾ ਰੰਧਾਵੇ ਵਾਲਿਆਂ ਨੇ ਕਿਹਾ ਕਿ ਜਿਸ ਦਿਨ ਐਡਵੋਕੇਟ ਧਾਮੀ ਵਰਗਾ ਇਮਾਨਦਾਰ ਤੇ ਚਰਿਤਰਵਾਣ ਆਗੂ ਸ਼ੋ੍ਰਮਣੀ ਕਮੇਟੀ ਦੇ ਹਾਊਸ ਵਿਚ ਮਿਲ ਗਿਆ, ਮੈਂ ਆਪ ਐਡਵੋਕੇਟ ਧਾਮੀ ਦਾ ਅਸਤੀਫਾ ਲੈ ਕੇ ਸੰਗਤ ਕੋਲ ਆਵਾਂਗਾ। ਉਨ੍ਹਾਂ ਕਿਹਾ ਕਿ ਜਿਦ ਨਾਲ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਦੇ ਆਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਫਿਰ ਅਗਲਾ ਪ੍ਰਧਾਨ ਕਿਸੇ ਲੀਡਰ ਦਾ ਰਿਸ਼ਤੇਦਾਰ ਹੋਵੇਗਾ ਅਤੇ ਫਿਰ ਸ਼ੋ੍ਰਮਣੀ ਕਮੇਟੀ ਦਾ ਭੱਠਾ ਬੈਠ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਤਾਂ ਐਡਵੋਕੇਟ ਧਾਮੀ ਦੇ ਉਲਟ ਹੀ ਖੜੇ ਰਹੇ ਹਾਂ, ਪਰ ਮੈਂ ਸੰਸਥਾ ਦੇ ਵਿਚ ਬੈਠ ਕੇ ਇਸ ਗੱਲ ਨੂੰ ਜਾਣਿਆ ਅਤੇ ਮੈਂ ਅੱਜ ਵੀ ਹਿੱਕ ਠੋਕ ਕੇ ਇਹ ਗੱਲ ਕਹਿੰਦਾ ਹਾਂ ਕਿ ਸ਼ੋ੍ਰਮਣੀ ਕਮੇਟੀ ਦੇ 150 ਮੈਂਬਰ ਜਿਸ ਨੂੰ ਸੁਖਬੀਰ ਸਿੰਘ ਬਾਦਲ ਕਹਿ ਦਿੰਦੇ ਹਨ, ਮੈਂਬਰ ਉਸ ਨੂੰ ਵੋਟ ਪਾ ਦਿੰਦੇ ਹਨ। ਬਾਬਾ ਰੰਧਾਵੇ ਵਾਲਿਆਂ ਨੇ ਕਿਹਾ ਕਿ ਜੇ ਬਹੁਤਾ ਦਬਾਅ ਬਣਾਓਗੇ ਤਾਂ ਮੈਂ ਐਡਵੋਕੇਟ ਧਾਮੀ ਦਾ ਅਸਤੀਫਾ ਲਿਆਂ ਦਿਆਂਗਾ। ਮੈਂ ਇਸ ਗਲ ਦੀ ਗਰੰਟੀ ਦਿੰਦਾ ਹਾਂ ਕਿ ਇਸ ਤੋਂ ਬਾਅਦ ਜੋ ਤੁਹਾਡੀ ਇਸ ਸੰਸਥਾ ਦੀ ਬਰਬਾਦੀ ਹੋਵੇਗੀ, ਉਸ ਦੀ ਇਤਿਹਾਸ ਵਿਚ ਮਿਸਾਲ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਚਾਵਲਾ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਸ਼ਾ ਹੀ ਨਹੀਂ ਸੀ, ਇਹ ਪੰਜ ਪਿਆਰਿਆਂ ਦਾ ਵਿਸ਼ਾ ਸੀ। ਗੁਨਾਹ ਨਿੱਜੀ ਸੀ ਤੇ ਸਜ਼ਾ ਕਾਨੂੰਨ ਨੇ ਦੇਣੀ ਸੀ। ਇਸ ਵਿਚ ਪੰਥ ਦਾ ਕੀ ਨੁਕਸਾਨ ਸੀ। ਬਾਬਾ ਰੰਧਾਵਾ ਨੇ ਕਿਹਾ ਕਿ ਚਾਵਲਾ ਨੇ ਗੁਨਾਹ ਕੀਤਾ, ਕਲ ਨੂੰ ਬੱਜਰ ਕੁਰਹਿਤ ਦੀਆਂ ਸ਼ਿਕਾਇਤਾਂ ਲੈ ਕੇ ਲੋਕ ਤੁਹਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾਇਆ ਕਰਨਗੇ ਫਿਰ ਕਿਸ ਕਿਸ ਨੂੰ ਪੰਥ ਵਿਚੋਂ ਛਕੋਗੇ। ਕੌਮ ਨੂੰ ਖੁਲਾਸਾ ਕਰਕੇ ਦੱਸੋ ਕਿ ਸਿਧਾਂਤ ਦੇ ਅਧਾਰ ‘ਤੇ ਅਸੀਂ ਫੈਸਲਾ ਕੀਤਾ।