BSF ਜਵਾਨ ਦੀ ਹਿਰਾਸਤੀ 'ਚ ਮੌਤ ਮਾਮਲੇ ’ਚ ਜ਼ਿੰਮੇਵਾਰ ਅਧਿਕਾਰੀਆਂ ’ਤੇ ਹੋਵੇ ਸਖ਼ਤ ਕਾਰਵਾਈ : ਜਥੇਦਾਰ ਗੜਗੱਜ
ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਉੱਤੇ ਐੱਨਸੀਬੀ ਦੀ ਹਿਰਾਸਤ ਵਿਚ ਬਹੁਤ ਭਾਰੀ ਤਸ਼ੱਦਦ ਕਰਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਦੇ ਸ਼ਰੀਰ ਉੱਤੇ ਭਾਰੀ ਤਸ਼ੱਦਦ ਦੇ ਨਿਸ਼ਾਨ ਪਰਿਵਾਰ ਵੱਲੋਂ ਦੇਖੇ ਗਏ ਹਨ, ਜਿਸ ਦੇ ਸਬੂਤ ਵੀ ਮੌਜੂਦ ਹਨ, ਇਸ ਲਈ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
Publish Date: Sun, 29 Mar 2026 06:39 PM (IST)
Updated Date: Sun, 29 Mar 2026 06:42 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੰਮੂ ਦੌਰੇ ਮੌਕੇ ਬੀਤੇ ਦਿਨੀਂ ਨਾਰਕੋਟਿਕਸ ਕੰਟ੍ਰੋਲ ਬਿਊਰੋ ਦੀ ਅੰਮ੍ਰਿਤਸਰ ਹਿਰਾਸਤ ਵਿਚ ਮਰੇ ਬਾਰਡਰ ਸੁਰੱਖਿਆ ਫੋਰਸ ਦੇ ਸਿੱਖ ਜਵਾਨ ਜਸਵਿੰਦਰ ਸਿੰਘ ਦੇ ਘਰ ਪਹੁੰਚੇ।
ਉਨ੍ਹਾਂ ਨੇ ਪਰਿਵਾਰ ਦੀ ਗੱਲਬਾਤ ਸੁਣੀ ਅਤੇ ਹੌਂਸਲਾ ਦਿੱਤਾ ਕਿ ਸਮੁੱਚਾ ਖ਼ਾਲਸਾ ਪੰਥ ਇਨਸਾਫ ਦੀ ਲੜਾਈ ਵਿਚ ਪਰਿਵਾਰ ਦੇ ਨਾਲ ਹੈ। ਜੰਮੂ ਦੇ ਆਰਐੱਸ ਪੁਰਾ ਖੇਤਰ ਵਿੱਚ ਮਹਲੋਵਾਲ ਵਿਖੇ ਇੱਕ ਗੁਰਮਤਿ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਨੂੰ ਜਸਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਖਿਆ।
ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਉੱਤੇ ਐੱਨਸੀਬੀ ਦੀ ਹਿਰਾਸਤ ਵਿਚ ਬਹੁਤ ਭਾਰੀ ਤਸ਼ੱਦਦ ਕਰਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਦੇ ਸ਼ਰੀਰ ਉੱਤੇ ਭਾਰੀ ਤਸ਼ੱਦਦ ਦੇ ਨਿਸ਼ਾਨ ਪਰਿਵਾਰ ਵੱਲੋਂ ਦੇਖੇ ਗਏ ਹਨ, ਜਿਸ ਦੇ ਸਬੂਤ ਵੀ ਮੌਜੂਦ ਹਨ, ਇਸ ਲਈ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਉਸ ਸਮੇਂ ਵੀ ਬੀਐੱਸਐੱਫ ਵਿਚ ਬੰਗਲਾਦੇਸ਼ ਦੇ ਬਾਰਡਰ ਉੱਤੇ ਡਿਊਟੀ ਨਿਭਾਅ ਰਿਹਾ ਸੀ ਅਤੇ ਜਦੋਂ ਉਸ ਨੂੰ ਐੱਨਸੀਬੀ ਨੇ ਚੁੱਕਿਆ ਤਾਂ ਉਹ ਛੁੱਟੀ ਕੱਟਣ ਘਰ ਆਇਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਕਿ ਦੇਸ਼ ਦੇ ਬਾਰਡਰ ਦੀ ਰੱਖਿਆ ਕਰਦਾ ਸਿੱਖ ਜਵਾਨ ਵੀ ਸੁਰੱਖਿਅਤ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪੂਰੇ ਮਾਮਲੇ ਵਿੱਚ ਸਥਿਤੀ ਸਪੱਸ਼ਟ ਕਰਦਿਆਂ ਦੋਸ਼ੀ ਐੱਨਸੀਬੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਡੀਜੀਪੀਸੀ ਜੰਮੂ ਦੇ ਪ੍ਰਧਾਨ ਰਣਜੀਤ ਸਿੰਘ ਟੌਹੜਾ, ਬਗੀਚਾ ਸਿੰਘ, ਬਲਦੇਵ ਸਿੰਘ, ਰਣਵੀਰ ਸਿੰਘ, ਗੁਰਮੀਤ ਸਿੰਘ, ਰਵਿੰਦਰ ਸਿੰਘ, ਸਵਰਨ ਸਿੰਘ, ਜਤਿੰਦਰ ਸਿੰਘ ਆਦਿ ਮੌਜੂਦ ਸਨ।