ਕਿਡਸ ਪ੍ਰਾਈਡ ਸਕੂਲ ’ਚ ਜਨਮ ਅਸ਼ਟਮੀ ਮਨਾਈ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਪ੍ਰਾਈਡ ਸਕੂਲ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਦਿਹਾੜੇ ਨੂੰ
Publish Date: Wed, 02 Sep 2026 04:22 PM (IST)
Updated Date: Wed, 02 Sep 2026 04:25 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਪ੍ਰਾਈਡ ਸਕੂਲ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਉਲਾਸ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦਾ ਵਿਹੜਾ ਹੀ ਬ੍ਰਿਜ ਭੂਮੀ ਵਾਂਗ ਸੱਜਿਆ ਹੋਇਆ ਲੱਗ ਰਿਹਾ ਸੀ। ਸਮਾਰੋਹ ਦਾ ਮੁੱਖ ਆਕਰਸ਼ਣ ਨੰਨ੍ਹੇ-ਮੁੰਨੇ ਬੱਚੇ ਰਹੇ, ਜੋ ਸ੍ਰੀ ਕ੍ਰਿਸ਼ਨ ਜੀ, ਰਾਧਾ ਰਾਣੀ, ਸੁਦਾਮਾ, ਨਟਖਟ ਗੋਪੀਆਂ ਅਤੇ ਮੋਰ ਦੇ ਸੁੰਦਰ ਰੂਪਾਂ ਵਿਚ ਸਜ ਕੇ ਆਏ ਸਨ। ਉਨ੍ਹਾਂ ਦੀ ਮਨਮੋਹਕ ਅਦਾਵਾਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਬੱਚਿਆਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਬਾਲ ਲੀਲਾਵਾਂ, ਮਟਕੀ ਫੋੜ ਅਤੇ ਮਨਮੋਹਕ ਰਾਸ ਲੀਲਾ ਉੱਤੇ ਅਧਾਰਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬੱਚਿਆਂ ਨੇ ਭਜਨਾਂ ’ਤੇ ਸੁੰਦਰ ਨਾਚ ਪੇਸ਼ ਕਰਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਤੋਂ ਇਲਾਵਾ ਬੱਚਿਆਂ ਨੂੰ ਜਨਮਾਸ਼ਟਮੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਸ੍ਰੀ ਕ੍ਰਿਸ਼ਨ ਜੀ ਵੱਲੋਂ ਦਿੱਤੇ ਗੀਤਾ ਦੇ ਉਪਦੇਸ਼ਾਂ ਬਾਰੇ ਦੱਸਿਆ ਗਿਆ। ਸਕੂਲ ਦੀ ਐਮਡੀ ਸ਼ਾਂਤੀ ਜੈਨ ਅਤੇ ਪ੍ਰਿੰਸੀਪਲ ਪ੍ਰੈਟੀ ਜੈਨ ਨੇ ਸਾਰੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਜਨਮ ਅਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਪ੍ਰੇਮ, ਸੱਚਾਈ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੀਆਂ ਵੱਖ-ਵੱਖ ਕਹਾਣੀਆਂ ਵੀ ਸੁਣਾਈਆਂ ਗਈਆਂ। ਪ੍ਰਿੰਸੀਪਲ ਪ੍ਰੈਟੀ ਜੈਨ ਅਤੇ ਐੱਮਡੀ ਸ਼ਾਂਤੀ ਜੈਨ ਨੇ ਕਿਹਾ ਕਿ ਸਾਨੂੰ ਅਜਿਹੇ ਤਿਉਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ। ਇਹ ਤਿਉਹਾਰ ਬੱਚਿਆਂ ਨੂੰ ਸਾਡੀ ਸੰਸਕ੍ਰਿਤੀ ਤੇ ਸੱਭਿਅਤਾ ਨਾਲ ਜੋੜਦੇ ਹਨ। ਉਨ੍ਹਾਂ ਸਮੂਹ ਬੱਚਿਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਸਕੂਲ ਨੂੰ ਵੱਖ-ਵੱਖ ਗੁਬਾਰਿਆਂ ਅਤੇ ਮਟਕੀਆਂ ਨਾਲ ਸਜਾਇਆ ਗਿਆ ਸੀ। ਬੱਚਿਆਂ ਨੇ ਬਹੁਤ ਸੁੰਦਰ ਕ੍ਰਾਫਟ ਕਾਰਡ ਵੀ ਬਣਾਏ। ਅੰਤ ਵਿਚ ਸਾਰੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਜੈਕਾਰਿਆਂ ਨਾਲ ਇਸ ਸਮਾਰੋਹ ਦਾ ਸਮਾਪਨ ਕੀਤਾ। ਇਹ ਸਮਾਰੋਹ ਬੱਚਿਆਂ ਲਈ ਭਗਤੀ, ਗਿਆਨ, ਖੁਸ਼ੀ ਅਤੇ ਉਤਸ਼ਾਹ ਨਾਲ ਭਰਪੂਰ ਇੱਕ ਯਾਦਗਾਰੀ ਦਿਨ ਬਣ ਗਿਆ।