- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਨੇ ਕਤਲ ਵਿੱਚ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਭੂਮਿਕਾ ’ਤੇ ਸ਼ੱਕ ਜਤਾਉਂਦਿਆਂ ਦੱਸਿਆ ਕਿ ਸਕੂਲ ਵਿੱਚ ਕਥਿਤ ਤੌਰ ’ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਕਾਰਨ ਵਿਵਾਦ ਪੈਦਾ ਹੋਇਆ ਸੀ। ਪਰਿਵਾਰ ਨੇ ਪਿੰਡ ਗਹਿਰੀ ਦੇ ਸਰਪੰਚ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ।

ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ। ਜੰਡਿਆਲਾ ਗੁਰੂ ਵਿੱਚ ਸਰਕਾਰੀ ਅਧਿਆਪਕ ਮਾਸਟਰ ਜਗਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਕਾਂਗਰਸੀ ਆਗੂਆਂ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਇਨਸਾਫ਼ ਦੀ ਮੰਗ ਕੀਤੀ। ਸੂਬਾ ਇੰਚਾਰਜ ਸਚਿਨ ਪਾਇਲਟ, ਸੂਬਾ ਪ੍ਰਧਾਨ ਪਰਗਟ ਸਿੰਘ ਅਤੇ ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਡੈਨੀ ਬੰਡਾਲਾ ਨੇ ਜਗਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ।
ਸਚਿਨ ਪਾਇਲਟ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਚੁੱਕਦਿਆਂ ਜੰਡਿਆਲਾ ਨੂੰ ‘ਆਪ’ ਸਰਕਾਰ ਵਿੱਚ ਅਪਰਾਧਾਂ ਦੀ ਰਾਜਧਾਨੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗੈਂਗਸਟਰਾਂ ਦੀਆਂ ਸਰਗਰਮੀਆਂ, ਫਿਰੌਤੀਆਂ ਅਤੇ ਧਮਕੀਆਂ ਦੇ ਮਾਮਲੇ ਵਧ ਰਹੇ ਹਨ। ਪਰਗਟ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਤਲ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਦੋਵਾਂ ਸਰਕਾਰਾਂ ਦੀ ਜਵਾਬਦੇਹੀ ਤੈਅ ਕਰਨ ਦੀ ਗੱਲ ਕਹੀ।
ਡੈਨੀ ਬੰਡਾਲਾ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਜੰਡਿਆਲਾ ਹਲਕੇ ਵਿੱਚ 50 ਤੋਂ ਵੱਧ ਕਤਲ ਹੋ ਚੁੱਕੇ ਹਨ, ਜਦਕਿ ਜੰਡਿਆਲਾ ਥਾਣੇ ਦੇ ਖੇਤਰ ਵਿੱਚ ਕਰੀਬ 30 ਕਤਲ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਜਗਦੀਪ ਸਿੰਘ ਆਪਣੀ ਧੀ ਨੂੰ ਛੱਡਣ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਕਾਂਗਰਸ ਆਵਾਜ਼ ਉਠਾਉਂਦੀ ਰਹੇਗੀ।
ਪਰਿਵਾਰ ਨੇ ਕਤਲ ਵਿੱਚ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਭੂਮਿਕਾ ’ਤੇ ਸ਼ੱਕ ਜਤਾਉਂਦਿਆਂ ਦੱਸਿਆ ਕਿ ਸਕੂਲ ਵਿੱਚ ਕਥਿਤ ਤੌਰ ’ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਕਾਰਨ ਵਿਵਾਦ ਪੈਦਾ ਹੋਇਆ ਸੀ। ਪਰਿਵਾਰ ਨੇ ਪਿੰਡ ਗਹਿਰੀ ਦੇ ਸਰਪੰਚ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ।
ਇਹ ਦਾਅਵਾ ਵੀ ਕੀਤਾ ਗਿਆ ਕਿ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਇੱਕ ਮੰਤਰੀ ਦੇ ਨਿੱਜੀ ਸਹਾਇਕ ਦਾ ਰਿਸ਼ਤੇਦਾਰ ਹੈ। ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ। ਕਾਂਗਰਸੀ ਆਗੂਆਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ, ਅਨਿਲ ਜੋਸ਼ੀ, ਇੰਦਰਬੀਰ ਸਿੰਘ ਬੁਲਾਰੀਆ, ਅਸ਼ਵਨੀ ਪੱਪੂ, ਸੰਤੋਖ ਸਿੰਘ ਭਲਾਈਪੁਰ, ਸੁਨੀਲ ਦੱਤੀ, ਸਰਬਜੀਤ ਸਿੰਘ ਸੋਨੂ ਜੰਡਿਆਲਾ ਅਤੇ ਕੌਂਸਲਰ ਰਾਜ ਕਵਲ ਪ੍ਰੀਤ ਪਾਲ ਸਿੰਘ ਲੱਕੀ ਸਮੇਤ ਹੋਰ ਆਗੂ ਮੌਜੂਦ ਸਨ।