- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਮ-16 ਤੇ ਏਕੇ ਕਿਸਮ ਦੇ ਹਥਿਆਰਾਂ ਦੀ ਲਗਾਤਾਰ ਬਰਾਮਦਗੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਦੀ ਖ਼ੂਫੀਆ ਏਜੰਸੀ ਆਈਐੱਸਆਈ ਇਸ ਦੀਵਾਲੀ 'ਤੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਐੱਮ-16 ਤੇ ਏਕੇ ਕਿਸਮ ਦੇ ਹਥਿਆਰਾਂ ਦੀ ਲਗਾਤਾਰ ਬਰਾਮਦਗੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਦੀ ਖ਼ੂਫੀਆ ਏਜੰਸੀ ਆਈਐੱਸਆਈ ਇਸ ਦੀਵਾਲੀ 'ਤੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹੈ। ਹਾਲਾਂਕਿ ਹੁਣ ਤੱਕ ਪੁਲਿਸ ਮੁਲਾਜ਼ਮਾਂ ਤੇ ਪੁਲਿਸ ਦੀਆਂ ਇਮਾਰਤਾਂ ਨੂੰ ਵੀ ਆਈਐੱਸਆਈ ਦੇ ਗੁਰਗੇ ਨਿਸ਼ਾਨਾ ਬਣਾਉਂਦੇ ਰਹੇ ਹਨ ਪਰ ਹੁਣ ਇਨਪੁੱਟ ਮਿਲੇ ਹਨ ਕਿ ਆਈਐੱਸਆਈ ਪੰਜਾਬ 'ਚ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹੈ। ਪਤਾ ਲੱਗਾ ਹੈ ਕਿ ਇਸ ਲਈ ਆਈਐੱਸਆਈ ਲਗਾਤਾਰ ਨਾਬਾਲਿਗਾਂ ਨੂੰ ਸਲੀਪਰ ਸੈੱਲ ਵਜੋਂ ਤਿਆਰ ਕਰ ਰਹੀ ਹੈ। ਹਾਲਾਂਕਿ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਆਪਣੇ ਪੱਧਰ 'ਤੇ ਸਰਹੱਦੀ ਇਲਾਕਿਆਂ 'ਚ ਲੋਕਾਂ ਨੂੰ ਆਈਐੱਸਆਈ ਦੇ ਮਨਸੂਬਿਆਂ ਬਾਰੇ ਜਾਗਰੂਕ ਕਰ ਰਹੀਆਂ ਹਨ। ਪਰ ਲਗਾਤਾਰ ਹੋ ਰਹੀਆਂ ਗ੍ਰਿਫ਼ਤਾਰੀਆਂ, ਖ਼ਤਰਨਾਕ ਹਥਿਆਰਾਂ ਦੀ ਬਰਾਮਦਗੀ ਰੁਕ ਨਹੀਂ ਰਹੀ ਹੈ।
ਐੱਮ-16 ਤੇ 15 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤੇ ਗਏ ਮਲਕੀਤ ਸਿੰਘ ਉਰਫ ਮੀਤਾ ਤੇ ਗੁਰਜੀਤ ਸਿੰਘ ਦੇ ਕਬਜ਼ੇ 'ਚੋਂ ਮਿਲੇ ਮੋਬਾਈਲਾਂ ਦੀ ਫੋਰੈਂਸਿਕ ਜਾਂਚ 'ਚ ਕਈ ਗੱਲਾਂ ਸਾਹਮਣੇ ਆਈਆਂ ਹਨ। ਪਤਾ ਲੱਗਾ ਹੈ ਕਿ ਪਾਕਿ ਤਸਕਰ ਨਸ਼ਾ ਘੱਟ ਤੇ ਖ਼ਤਰਨਾਕ ਹਥਿਆਰ ਭੇਜਣ ਦੀ ਜ਼ਿਆਦਾ ਗੱਲ ਕਰ ਰਹੇ ਹਨ, ਤਾਂ ਜੋ ਕਿਸੇ ਵੀ ਸਮੇਂ ਪੰਜਾਬ ’ਚ ਖ਼ੂਨੀ ਖੇਡ ਖੇਡੀ ਜਾ ਸਕੇ। ਜਾਂਚ 'ਚ ਇਹ ਵੀ ਸਾਫ਼ ਹੈ ਕਿ ਉਕਤ ਦੋਵਾਂ ਤਸਕਰਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਐੱਮ-16 ਰਾਈਫਲ ਕਿਸ ਨੂੰ ਤੇ ਕਿੱਥੇ ਪਹੁੰਚਾਈ ਜਾਣੀ ਹੈ, ਪਰ ਫੌਜੀ ਹਥਿਆਰਾਂ ਦਾ ਸਰਹੱਦ ਪਾਰ ਤੋਂ ਇੱਥੇ ਭੇਜਿਆ ਜਾਣਾ ਸੁਰੱਖਿਆ ਏਜੰਸੀਆਂ ਲਈ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਕਤ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪਰ ਇਨ੍ਹਾਂ ਦੇ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਹਥਿਆਰਾਂ ਦੀ ਵੱਡੀ ਖੇਪ ਦੀ ਤਲਾਸ਼ 'ਚ ਪੁਲਿਸ
ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਭਿਣਕ ਲੱਗੀ ਹੈ ਕਿ ਆਈਐੱਸਆਈ ਨੇ ਆਪਣੇ ਗੁਰਗਿਆਂ ਰਾਹੀਂ ਹਥਿਆਰਾਂ ਦੀ ਖੇਪ ਡਰੋਨ ਰਾਹੀਂ ਭਿਜਵਾਈ ਹੈ ਜੋ ਸਰਹੱਦੀ ਖੇਤਰ 'ਚ ਹੀ ਕਿਤੇ ਡੰਪ ਕਰ ਕੇ ਰੱਖੀ ਹੋਈ ਹੈ। ਮੌਕਾ ਮਿਲਣ 'ਤੇ ਉਸ ਨੂੰ ਟਿਕਾਣੇ ਲਗਾਇਆ ਜਾਣਾ ਹੈ। ਪਤਾ ਲੱਗਾ ਹੈ ਕਿ ਉਸ 'ਚ ਏਕੇ ਕਿਸਮ ਦੇ ਹਥਿਆਰ ਵੀ ਸ਼ਾਮਲ ਹਨ। ਪੁਲਿਸ ਉਕਤ ਖੇਪ ਨੂੰ ਬਰਾਮਦ ਕਰਨ ਲਈ ਕਈ ਬਿੰਦੂਆਂ 'ਤੇ ਕੰਮ ਕਰ ਰਹੀ ਹੈ। ਕੇਂਦਰੀ ਏਜੰਸੀਆਂ ਤੋਂ ਵੀ ਇਸ ਲਈ ਸਹਾਇਤਾ ਲਈ ਜਾ ਰਹੀ ਹੈ।