‘ਨੋ-ਵਰਕ, ਨੋ-ਪੇਅ’ ਅਸੂਲ ਕੀ ਸਿਰਫ਼ ਸਰਕਾਰੀ ਮੁਲਾਜ਼ਮਾਂ ਲਈ ਹੈ ਜਾਂ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਲਈ ਵੀ : ਜਗਮੋਹਨ ਸਿੰਘ ਰਾਜੂ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਜੇਪੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ (ਰਿਟਾ. ਆਈਏਐਸ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖਮੰਤਰੀ ਭਗਵੰਤ ਮਾਨ ਵਲੋਂ ਜਾਰੀ ਹੁਕਮ ਜਿਸ ਵਿਚ ਬਿਨਾਂ ਮਨਜ਼ੂਰੀ ਡਿਊਟੀ ਤੋਂ
Publish Date: Wed, 09 Sep 2026 05:42 PM (IST)
Updated Date: Wed, 09 Sep 2026 05:43 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਜੇਪੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ (ਰਿਟਾ. ਆਈਏਐਸ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖਮੰਤਰੀ ਭਗਵੰਤ ਮਾਨ ਵਲੋਂ ਜਾਰੀ ਹੁਕਮ ਜਿਸ ਵਿਚ ਬਿਨਾਂ ਮਨਜ਼ੂਰੀ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ‘ਨੋ-ਵਰਕ, ਨੋ-ਪੇਅ’ ਦਾ ਅਸੂਲ ਦੁਹਰਾਇਆ ਹੈ, ਨੂੰ ਲੈ ਕੇ ਇਕ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਇਹ ਅਸੂਲ ਸਿਰਫ ਸਰਕਾਰੀ ਮੁਲਾਜਮਾਂ ਲਈ ਹੀ ਹੈ ਜਾਂ ਇਹ ਅਸੂਲ ਤੁਹਾਡੇ ਮੰਤਰੀਆਂ ਅਤੇ ਵਿਧਾਇਕਾਂ ਤੇ ਵੀ ਲਾਗੂ ਹੋਵੇਗਾ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਸਰਕਾਰੀ ਮੁਲਾਜਮਾਂ ਦੀ ਹੀ ਨਹੀਂ ਬਲਕਿ ਤੁਹਾਡੇ ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ਵੀ ਲੋਕਾਂ ਦੇ ਟੈਕਸਾਂ ਦੇ ਪੈਸੇ ਵਿਚੋਂ ਹੀ ਆਉਂਦੀ ਹੈ। ਜਗਮੋਹਨ ਰਾਜੂ ਨੇ ਭਗਵੰਤ ਮਾਨ ਨੂੰ ਕਿਹਾ ਕਿ ਤੁਸੀਂ ਲੋਕਾਂ ਤੋਂ ਸਿੱਧਾ ਫੀਡਬੈਕ ਲਵੋ ਕਿ ਉਨ੍ਹਾਂ ਦੇ ਮੰਤਰੀ ਅਤੇ ਵਿਧਇਕ ਆਪਣੇ ਹਲਕਿਆਂ ਵਿਚ ਕਿੰਨੇ ਦਿਨ ਹਾਜ਼ਰ ਹੁੰਦੇ ਹਨ ਅਤੇ ਲੋਕਾਂ ਲਈ ਕਿੰਨੇ ਉਪਲਬਧ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਜਿਹੜੇ ਲਗਾਤਾਰ ਗੈਰਹਾਜ਼ਰ ਹਨ ਅਤੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹਨ, ਉਨ੍ਹਾਂ ਦੀ ਤਨਖਾਹ ਵੀ ਕੱਟੀ ਜਾਣੀ ਚਾਹੀਦੀ ਹੈ। ਰਾਜੂ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ ਇਸ ਦੀ ਜਿਊਂਦੀ- ਜਾਗਦੀ ਮਿਸਾਲ ਹੈ, ਜਿੱਥੇ ਸੜਕਾਂ ਟੁੱਟੀਆਂ ਹੋਈਆਂ ਹਨ। ਸੀਵਰੇਜ ਓਵਰਫਲੋਅ ਹੋ ਰਹੇ ਹਨ। ਪਾਣੀ ਦੀ ਸਪਲਾਈ ਦੀਆਂ ਸਮੱਸਿਆਵਾਂ ਹਨ। ਨਸ਼ਿਆਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਅਮਨ-ਕਾਨੂੰਨ ਦੀ ਹਾਲਤ ਬੜੀ ਚਿੰਤਾਜਨਕ ਹੈ। ਰਿਹਾਇਸ਼ੀ ਇਲਾਕਿਆਂ ਵਿਚ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ। ਗਰੀਬ ਬੱਚਿਆਂ ਨੂੰ ਆਰਟੀਈ ਐਕਟ ਦੀ ਧਾਰਾ 12(1) (ਸੀ) ਅਧੀਨ ਪ੍ਰਾਈਵੇਟ ਸਕੂਲਾਂ ਵਿਚ ਮਿਲਣ ਵਾਲਾ ਹੱਕ ਵੀ ਨਹੀਂ ਮਿਲ ਰਿਹਾ। ਇਸੇ ਤਰਾਂ ਦੇ ਹੋਰ ਵੀ ਕਈ ਮਸਲੇ ਹਰ ਪਾਸੇ ਹਨ, ਪਰ ਤੁਹਾਡੀ ਵਿਧਾਇਕ ਗੈਰਹਾਜ਼ਰ ਹੈ। ਲੋਕ ਵਿਧਾਇਕ ਨੂੰ ਸਿਰਫ਼ ਚੋਣ ਜਿੱਤਣ ਲਈ ਨਹੀਂ ਚੁਣਦੇ। ਲੋਕ ਉਸ ਨੂੰ ਪੰਜ ਸਾਲ ਆਪਣੇ ਵਿਚਕਾਰ ਰਹਿਣ, ਆਪਣੀ ਆਵਾਜ਼ ਬਣਨ ਅਤੇ ਆਪਣੇ ਮਸਲੇ ਹੱਲ ਕਰਵਾਉਣ ਲਈ ਚੁਣਦੇ ਹਨ। ਜਗਮੋਹਨ ਸਿੰਘ ਰਾਜੂ ਨੇ ਮੁੱਖਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ‘ਨੋ-ਵਰਕ, ਨੋ-ਪੇਅ’ ਅਸੂਲ ਤੁਹਾਡੀ ਸਰਕਾਰ ਨੇ ਬਣਾਇਆ ਹੈ ਅਤੇ ਇਹ ਤੁਹਾਡੇ ਘਰ ਯਾਨੀ ਤੁਹਾਡੀ ਸਰਕਾਰ ਦੇ ਆਗੂਆਂ ਤੇ ਸਭ ਤੋਂ ਪਹਿਲਾਂ ਲਾਗੂ ਹੋਣਾ ਚਾਹੀਦਾ ਹੈ।