ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਪੰਜਾਬ ਬਣਾਉਣ ਦਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ-100 ਹਫ਼ਤੇ ਨਸ਼ਾ ਮੁਕਤ ਯੁਵਾ ਮੁਹਿੰਮ’ ਤਹਿਤ
Publish Date: Fri, 25 Sep 2026 04:19 PM (IST)
Updated Date: Fri, 25 Sep 2026 04:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ–100 ਹਫ਼ਤੇ ਨਸ਼ਾ ਮੁਕਤ ਯੁਵਾ ਮੁਹਿੰਮ’ ਤਹਿਤ ‘ਮੇਰਾ ਸਵਾਸਥ, ਮੇਰਾ ਗਰਵ’ ਵਿਸ਼ੇ ’ਤੇ ਵਿਸ਼ੇਸ਼ ਸਿਹਤ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਮੁਹਿੰਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਹੈ। ਇਸ 100 ਹਫ਼ਤਿਆਂ ਦੀ ਮੁਹਿੰਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਅਗਸਤ ਨੂੰ ਦੇਸ਼ ਭਰ ਦੇ 28 ਹਜ਼ਾਰ ਤੋਂ ਵੱਧ ਸਥਾਨਾਂ ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਇਕ ਕਰੋੜ ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਦੇ ਸੰਦੇਸ਼ ਦੇ ਵਾਹਕ ਬਣਾਉਣਾ ਅਤੇ ਵਿਕਸਿਤ ਭਾਰਤ-2047 ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਯਕੀਨੀ ਬਣਾਉਣਾ ਹੈ। ਮੁਹਿੰਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਐੱਨਐੱਸਐੱਸ ਕੋਆਰਡੀਨੇਟਰ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਵਿਚ ਐੱਨਐੱਸਐੱਸ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਐੱਨ.ਐੱਸ.ਐੱਸ. ਵਲੰਟੀਅਰਾਂ ਲਈ ਰੁਟੀਨ ਸਿਹਤ ਜਾਂਚ ਵੀ ਕਰਵਾਈ ਗਈ ਤਾਂ ਜੋ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਿਦਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਦੋ ਵਿਸ਼ੇਸ਼ ਮਾਹਿਰ ਲੈਕਚਰ ਵੀ ਕਰਵਾਏ ਗਏ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਹਾਇਕ ਪ੍ਰੋਫੈਸਰ ਡਾ. ਅਮਰਵੀਰਪਾਲ ਸਿੰਘ ਨੇ ਨਸ਼ਿਆਂ ਦੇ ਮਨੁੱਖੀ ਸਿਹਤ, ਮਾਨਸਿਕ ਤੰਦਰੁਸਤੀ, ਪਰਿਵਾਰ ਅਤੇ ਸਮਾਜ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਪੰਜਾਬ ਦੇ ਸੰਦੇਸ਼ਵਾਹਕ ਬਣਨ ਲਈ ਪ੍ਰੇਰਿਤ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਦਿਲਪ੍ਰੀਤ ਸਿੰਘ ਬਰਾੜ, ਕੈਂਪ ਦਾ ਤਾਲਮੇਲ ਐੱਨ.ਐੱਸ.ਐੱਸ. ਯੂਨਿਟ ਦੀ ਪ੍ਰੋਗਰਾਮ ਅਫ਼ਸਰ ਡਾ. ਹਰਕਿਰਨਦੀਪ ਕੌਰ, ਡਾ. ਬਲਜੀਤ ਰਿਆੜ, ਡਾ. ਆਦਿੱਤਿਆ ਪਾਰਿਹਾਰ, ਡਾ. ਗੌਰਵ ਦੁਰੇਜਾ, ਡਾ. ਬਲਜੀਤ ਰਿਆੜ ਨੇ ਵੀ ਵਿਚਾਰ ਪੇਸ਼ ਕੀਤੇ। ਕੈਂਪ ਦੌਰਾਨ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਿਹਤਮੰਦ, ਨਸ਼ਾ ਮੁਕਤ ਅਤੇ ਵਿਕਸਿਤ ਭਾਰਤ ਦੀ ਉਸਾਰੀ ਲਈ ਕੰਮ ਕਰਨ ਦੀ ਸਹੁੰ ਚੁੱਕੀ।