ਇੰਟਰਨੈਸ਼ਨਲ ਫਤਿਹ ਅਕੈਡਮੀ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਂ ਬੋਲੀ ਪੰਜਾਬੀ ਦੇ ਮਾਣ, ਪੰਜਾਬ ਦੀ ਵਿਰਾਸਤ ਅਤੇ ਪੰਜਾਬੀਅਤ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦਿਆਂ ਇੰਟਰਨੈਸ਼ਨਲ ਫਤਿਹ ਅਕੈਡਮੀ, ਅੰਮ੍ਰਿਤਸਰ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬੇਹੱਦ ਉਤਸ਼ਾਹ
Publish Date: Wed, 25 Feb 2026 04:45 PM (IST)
Updated Date: Wed, 25 Feb 2026 04:49 PM (IST)

ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਂ ਬੋਲੀ ਪੰਜਾਬੀ ਦੇ ਮਾਣ, ਪੰਜਾਬ ਦੀ ਵਿਰਾਸਤ ਅਤੇ ਪੰਜਾਬੀਅਤ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦਿਆਂ ਇੰਟਰਨੈਸ਼ਨਲ ਫਤਿਹ ਅਕੈਡਮੀ, ਅੰਮ੍ਰਿਤਸਰ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬੇਹੱਦ ਉਤਸ਼ਾਹ ਅਤੇ ਸੱਭਿਆਚਾਰਕ ਰੰਗਤ ਨਾਲ ਮਨਾਇਆ ਗਿਆ। ਇਹ ਉਪਰਾਲਾ ਸਕੂਲ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਰਾਹੀਂ ਸੰਸਥਾ ਲਗਾਤਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੂਲ ਮੰਤਰ ਨੂੰ ਅੱਗੇ ਵਧਾ ਰਹੀ ਹੈ। ਅੰਮ੍ਰਿਤਸਰ ਦੇ ਅਲਫਾ ਮਾਲ (ਨੇਕਸਸ ਮਾਲ) ਵਿਚ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਵਿਚ ਲਗਭਗ 90 ਵਿਿਦਆਰਥੀਆਂ ਨੇ ਭਾਗ ਲਿਆ ਅਤੇ ਸੁਰੀਲੇ ਗੀਤਾਂ, ਭਾਵਪੂਰਨ ਕਵਿਤਾਵਾਂ, ਗਿੱਧਾ, ਪ੍ਰਭਾਵਸ਼ਾਲੀ ਨੁੱਕੜ ਨਾਟਕ ਅਤੇ ਦਿਲਕਸ਼ ਗਤਕਾ ਪ੍ਰਦਰਸ਼ਨਾਂ ਰਾਹੀਂ ਪੰਜਾਬ ਦੀ ਸੰਸਕ੍ਰਿਿਤਕ ਸ਼ਾਨ ਨੂੰ ਜੀਵੰਤ ਕਰ ਦਿੱਤਾ। ਨੁੱਕੜ ਨਾਟਕ ਨੇ ਖਾਸ ਤੌਰ ‘ਤੇ ਮਾਂ ਬੋਲੀ ਦੀ ਮਹੱਤਤਾ ਅਤੇ ਆਪਣੀ ਭਾਸ਼ਾ ਨਾਲ ਜੁੜੇ ਰਹਿਣ ਦੇ ਸੰਦੇਸ਼ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾਇਆ। ਹਰ ਪ੍ਰਸਤੁਤੀ ਨੂੰ ਦਰਸ਼ਕਾਂ ਵੱਲੋਂ ਜ਼ੋਰਦਾਰ ਤਾਲੀਆਂ ਅਤੇ ਭਰਪੂਰ ਸਰਾਹਨਾ ਮਿਲੀ। ਸਮਾਗਮ ਦਾ ਸਭ ਤੋਂ ਯਾਦਗਾਰ ਅਤੇ ਮਨਮੋਹਕ ਪਲ ਉਹ ਬਣਿਆ ਜਦੋਂ ਵਿਿਦਆਰਥੀ ਗੁਰਸੀਸ ਨੇ ਦੇਸ਼ਭਗਤੀ ਭਰਿਆ ਗੀਤ “ਮੇਰਾ ਦੇਸ਼ ਹੋਵੇ ਪੰਜਾਬ” ਆਪਣੇ ਸੁਰੀਲੇ ਅਤੇ ਭਾਵਪੂਰਨ ਅੰਦਾਜ਼ ਵਿਚ ਪੇਸ਼ ਕੀਤਾ। ਉਸ ਦੀ ਆਵਾਜ਼ ਨੇ ਪੂਰੇ ਮਾਹੌਲ ਨੂੰ ਪੰਜਾਬ ਪ੍ਰੇਮ ਦੀ ਭਾਵਨਾ ਨਾਲ ਭਰ ਦਿੱਤਾ ਅਤੇ ਹਾਲ ਲੰਮੇ ਸਮੇਂ ਤੱਕ ਤਾੜੀਆਂ ਨਾਲ ਗੂੰਜਦਾ ਰਿਹਾ। ਸਮਾਗਮ ਦੌਰਾਨ ਦਰਸ਼ਕਾਂ ਲਈ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜਿਆ ਰੁਚਿਕਰ ਕਵਿਜ਼ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਹਾਜ਼ਰ ਲੋਕਾਂ ਨੇ ਬੜੇ ਚਾਵ ਨਾਲ ਭਾਗ ਲਿਆ ਅਤੇ ਜਵਾਬ ਦਿੱਤੇ। ਸਹੀ ਜਵਾਬ ਦੇਣ ਵਾਲਿਆਂ ਨੂੰ ਪੰਜਾਬ ਦੇ ਨਕਸ਼ੇ ਵਾਲੇ ਸੁੰਦਰ ਕੀ-ਰਿੰਗ ਯਾਦਗਾਰ ਟੋਕਨ ਵਜੋਂ ਭੇਟ ਕੀਤੇ ਗਏ, ਜਿਸ ਨਾਲ ਸਮਾਗਮ ਦਾ ਉਤਸ਼ਾਹ ਹੋਰ ਵੀ ਵਧ ਗਿਆ। ਮੌਜੂਦ ਦਰਸ਼ਕਾਂ, ਮਾਪਿਆਂ ਅਤੇ ਮਾਲ ਪ੍ਰਬੰਧਕ ਨੇ ਸਕੂਲ ਦੀ ਇਸ ਪ੍ਰੇਰਣਾਦਾਇਕ ਪਹਲ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਅੱਗੇ ਲੈ ਜਾਣ ਵੱਲ ਇਕ ਸਰਾਹੁਣਯੋਗ ਉਪਰਾਲਾ ਕਰਾਰ ਦਿੱਤਾ। ਇਹ ਸਮਾਗਮ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਦੀ ਪ੍ਰੇਰਣਾ ਅਤੇ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਸਕੂਲ ਪ੍ਰਬੰਧਨ ਨੇ ਦੱਸਿਆ ਕਿ ਸੰਸਥਾ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਪੰਜਾਬੀਅਤ ਦੀ ਜੋਤ ਨਵੀਂ ਪੀੜ੍ਹੀ ਵਿਚ ਜਗਾਉਂਦੀ ਰਹੇਗੀ।