- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਅੰਮ੍ਰਿਤਸਰ ਵਿੱਚ ਪਾਰਟੀ ਦੇ ਅੰਦਰ ਦੀ ਅੰਦਰੂਨੀ ਖਿੱਚੋਤਾਣ ਅਤੇ

ਅਕਸ਼ੇ ਨੂੰ ਅਣਗੌਲਿਆਂ ਕਰਨ ਦੇ ਚੱਕਰ ’ਚ ਪਾਰਟੀ ਦੇ ਸੀਨੀਅਰ ਆਗੂ ਯਾਤਰਾ ਦਾ ਟਰੱਕ ਛੱਡ ਕੇ ਹੀ ਉਤਰ ਗਏ
ਅਕਸ਼ੈ ਸ਼ਰਮਾ ਦੇ ਨਾਲ ਨਸ਼ੇ ਖਿਲਾਫ ਇਕਜੁੱਟ ਹੋਇਆ ਉਤਰੀ ਹਲਕਾ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਅੰਮ੍ਰਿਤਸਰ ਵਿੱਚ ਪਾਰਟੀ ਦੇ ਅੰਦਰ ਦੀ ਅੰਦਰੂਨੀ ਖਿੱਚੋਤਾਣ ਅਤੇ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਆ ਗਈ। ਹਲਕਾ ਉੱਤਰੀ ਵਿੱਚ ਯਾਤਰਾ ਦੇ ਸਵਾਗਤ ਲਈ ਖੜ੍ਹੇ ਨੌਜਵਾਨ ਆਗੂ ਅਕਸ਼ੈ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਣਗੌਲਿਆਂ ਕਰਨ ਦੇ ਚੱਕਰ ਵਿੱਚ ਪਾਰਟੀ ਦੇ ਸੀਨੀਅਰ ਆਗੂ ਯਾਤਰਾ ਦਾ ਟਰੱਕ ਛੱਡ ਕੇ ਹੀ ਉੱਤਰ ਗਏ। ਇਸ ਘਟਨਾਕ੍ਰਮ ਦੀ ਵੀਡੀਓ ਅਤੇ ਚਰਚਾ ਹੁਣ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਸਵੇਰੇ 10 ਵਜੇ ਖੰਡੇ ਵਾਲਾ ਚੌਂਕ ਤੋਂ ਸ਼ੁਰੂ ਹੋਈ ਇਹ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਮਜੀਠਾ ਬਾਈਪਾਸ ਪਹੁੰਚਣੀ ਸੀ। ਇੱਥੇ ਪਾਰਟੀ ਦੇ ਨੌਜਵਾਨ ਆਗੂ ਅਤੇ 21 ਵਿਧਾਨ ਸਭਾ ਹਲਕਿਆਂ ਦੇ ਯੁਵਾ ਸੰਪਰਕ ਮੁਹਿੰਮ ਦੇ ਇੰਚਾਰਜ ਅਕਸ਼ੈ ਸ਼ਰਮਾ ਸੈਂਕੜੇ ਸਮਰਥਕਾਂ, ਨਸ਼ਾ ਪੀੜਤਾਂ ਅਤੇ ਬਜ਼ੁਰਗਾਂ ਨਾਲ ਸਵੇਰ ਤੋਂ ਹੀ ਯਾਤਰਾ ਦੇ ਸ਼ਾਨਦਾਰ ਸਵਾਗਤ ਲਈ ਉਡੀਕ ਕਰ ਰਹੇ ਸਨ। ਪਰ ਜਿਵੇਂ ਹੀ ਯਾਤਰਾ ਦਾ ਕਾਫਲਾ ਨੇੜੇ ਪਹੁੰਚਿਆ, ਕਥਿਤ ਤੌਰ 'ਤੇ ਸੀਨੀਅਰ ਆਗੂਆਂ ਨੇ ਅਕਸ਼ੈ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਣਗੌਲਿਆਂ ਕਰਦਿਆਂ ਯਾਤਰਾ ਦਾ ਰੂਟ ਬਦਲਣ ਦੀ ਕੋਸ਼ਿਸ਼ ਕੀਤੀ। ਇਸ ਦੀ ਭਿਣਕ ਲੱਗਦਿਆਂ ਹੀ ਅਕਸ਼ੈ ਸ਼ਰਮਾ ਆਪਣੇ ਸਮਰਥਕਾਂ ਸਮੇਤ ਬਾਈਪਾਸ ਚੌਂਕ ਵੱਲ ਵਧ ਗਏ, ਜਿੱਥੇ ਯਾਤਰਾ ਦੇ ਟਰੱਕ ਅਤੇ ਅਕਸ਼ੈ ਸ਼ਰਮਾ ਦੇ ਸਮਰਥਕਾਂ ਦਾ ਆਹਮਣਾ-ਸਾਹਮਣਾ ਹੋ ਗਿਆ।
ਚਸ਼ਮਦੀਦਾਂ ਮੁਤਾਬਕ, ਅਕਸ਼ੈ ਸ਼ਰਮਾ ਦੇ ਵਿਸ਼ਾਲ ਕਾਫਲੇ ਨੂੰ ਸਾਹਮਣੇ ਵੇਖਦਿਆਂ ਹੀ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਅਤੇ ਆਗੂ ਸੁਖਮਿੰਦਰ ਪਿੰਟੂ ਸਮੇਤ ਹੋਰ ਸੀਨੀਅਰ ਆਗੂ ਛੇਤੀ ਹੀ ਟਰੱਕ ਤੋਂ ਹੇਠਾਂ ਉੱਤਰ ਗਏ ਅਤੇ ਲੋਕਾਂ ਨੂੰ ਮਿਲੇ ਬਿਨਾਂ ਹੀ ਉੱਥੋਂ ਚਲੇ ਗਏ। ਇਸ ਤੋਂ ਬਾਅਦ ਅਕਸ਼ੈ ਸ਼ਰਮਾ ਨੇ ਖੁਦ ਕਮਾਨ ਸੰਭਾਲੀ ਅਤੇ ਸਮਰਥਕਾਂ ਦਾ ਹੌਸਲਾ ਵਧਾਉਂਦਿਆਂ ਟਰੱਕ 'ਤੇ ਚੜ੍ਹ ਕੇ ਯਾਤਰਾ ਨੂੰ ਅੱਗੇ ਵਧਾਇਆ। ਭਾਜਪਾ ਦੀ ਨਸ਼ੇ ਖਿਲਾਫ ਜੰਗ ਵਿੱਚ ਭਾਜਪਾ ਆਗੂ ਅਕਸ਼ੈ ਸ਼ਰਮਾ ਦੇ ਨਾਲ ਹਲਕਾ ਉੱਤਰੀ ਦੇ ਹਜ਼ਾਰਾਂ ਨੌਜਵਾਨ ਜੁੜੇ ਅਤੇ ਨਸ਼ੇ ਤੋਂ ਦੂਰ ਰਹਿਣ ਦਾ ਪ੍ਰਣ ਲਿਆ। ਨਸ਼ਾ ਮੁਕਤ ਪੰਜਾਬ ਯਾਤਰਾ ਦਾ ਹਲਕਾ ਉੱਤਰੀ ਵਿੱਚ ਸਵਾਗਤ ਕਰਦਿਆਂ ਅਕਸ਼ੈ ਸ਼ਰਮਾ ਨੇ ਨਾ ਸਿਰਫ ਜਾਗਰੂਕਤਾ ਫੈਲਾਈ ਸਗੋਂ ਨਸ਼ੇ ਖਿਲਾਫ ਭਾਜਪਾ ਦੀ ਮੁਹਿੰਮ ਨੂੰ ਵੀ ਬਲ ਦਿੱਤਾ। ਯਾਤਰਾ ਦੇ ਸਵਾਗਤ ਲਈ ਮਜੀਠਾ ਰੋਡ ਬਾਈਪਾਸ 'ਤੇ ਗੱਤਕਾ, ਨੁੱਕੜ ਨਾਟਕ, ਢੋਲ ਦੇ ਨਾਲ ਜਾਗਰੂਕਤਾ ਮੁਹਿੰਮ ਚਲਾਈ ਗਈ, ਉੱਥੇ ਹੀ ਯਾਤਰਾ ਦੀ ਕਮਾਨ ਵੀ ਸੰਭਾਲੀ ਗਈ। ਇਸ ਦੌਰਾਨ ਅਕਸ਼ੈ ਸ਼ਰਮਾ ਦੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ, ਔਰਤਾਂ ਅਤੇ ਨਸ਼ਾ ਪੀੜਤ ਸ਼ਾਮਲ ਸਨ।
ਜਿਨ੍ਹਾਂ ਨੇ ਨਸ਼ੇ ਖਿਲਾਫ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਯਾਤਰਾ ਦੇ ਸਵਾਗਤ ਲਈ 100 ਕਿਲੋ ਦੀ 40 ਫੁੱਟ ਦੀ ਮਾਲਾ ਤਿਆਰ ਕਰਵਾਈ ਗਈ ਸੀ, ਉੱਥੇ ਹੀ ਨੁੱਕੜ ਨਾਟਕ ਰਾਹੀਂ ਵੀ ਲੋਕਾਂ ਨੂੰ ਨਸ਼ੇ ਦੀ ਦਲਦਲ ਦਾ ਹਨੇਰਾ ਦਿਖਾਇਆ ਗਿਆ। ਅਕਸ਼ੈ ਸ਼ਰਮਾ ਨੇ ਇਸ ਦੌਰਾਨ ਕਿਹਾ ਕਿ ਅੱਜ ਯਾਤਰਾ ਵਿੱਚ ਸ਼ਾਮਲ ਨੌਜਵਾਨ ਕਿਸੇ ਪਾਰਟੀ ਦੇ ਵਰਕਰ ਵਜੋਂ ਨਹੀਂ, ਸਗੋਂ ਪੰਜਾਬ ਦੇ ਨੌਜਵਾਨ ਬਣ ਕੇ ਸ਼ਾਮਲ ਹੋਏ ਹਨ। ਪੰਜਾਬ ਦੇ ਨੌਜਵਾਨਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣ ਲਈ ਅੱਜ ਪੰਜਾਬ ਦਾ ਹਰ ਨੌਜਵਾਨ, ਬਜ਼ੁਰਗ ਅਤੇ ਹਰ ਨਾਗਰਿਕ ਇੱਕਜੁੱਟ ਹੋ ਕੇ ਨਸ਼ੇ ਖਿਲਾਫ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਸਮੇਂ ਹਰ ਸਿਆਸੀ ਦਲ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਵੱਖ-ਵੱਖ ਗੱਲਾਂ ਕਰਦਾ ਹੈ। ਮੇਰਾ ਮੰਨਣਾ ਹੈ ਕਿ ਅੱਜ ਇੱਕ-ਦੂਜੇ 'ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ ਹੈ। ਅੱਜ ਲੋੜ ਹੈ ਕਿ ਸਾਰੇ ਲੋਕ, ਸਾਰੇ ਆਗੂ ਅਤੇ ਪੰਜਾਬ ਦਾ ਹਰ ਨਾਗਰਿਕ ਇੱਕਜੁੱਟ ਹੋ ਕੇ ਨਸ਼ੇ ਖਿਲਾਫ ਲੜਾਈ ਲੜੇ ਅਤੇ ਆਪਣੇ ਨੌਜਵਾਨਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਜੋ ਵੀ ਆਗੂ ਗੱਲ ਕਰ ਰਿਹਾ ਹੈ, ਉਸ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਪਰ ਨਸ਼ੇ ਦਾ ਮੁੱਦਾ ਸਿਰਫ ਸਿਆਸੀ ਬਿਆਨਬਾਜ਼ੀ ਦਾ ਵਿਸ਼ਾ ਨਹੀਂ ਹੈ। ਪੰਜਾਬ ਵਿੱਚ ਜਦੋਂ ਤੱਕ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਉਦੋਂ ਤੱਕ ਇਸ ਲੜਾਈ ਨੂੰ ਲਗਾਤਾਰ ਜਾਰੀ ਰੱਖਣਾ ਪਵੇਗਾ। ਅਕਸ਼ੈ ਸ਼ਰਮਾ ਨੇ ਕਿਹਾ ਕਿ ਜੋ ਲੋਕ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ, ਉਹ ਸਾਡੇ ਦੁਸ਼ਮਣ ਨਹੀਂ ਹਨ। ਉਹ ਸਾਡੇ ਭਰਾ ਅਤੇ ਸਾਡੇ ਆਪਣੇ ਹਨ। ਸਾਨੂੰ ਉਨ੍ਹਾਂ ਨਾਲ ਨਫਰਤ ਨਹੀਂ, ਸਗੋਂ ਪਿਆਰ ਨਾਲ ਗੱਲ ਕਰਨੀ ਪਵੇਗੀ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਪਵੇਗਾ। ਉਨ੍ਹਾਂ ਦੇ ਮਾਤਾ-ਪਿਤਾ ਦੀ ਸਥਿਤੀ ਨੂੰ ਵੀ ਸਮਝਣਾ ਪਵੇਗਾ। ਨਸ਼ੇ ਦੀ ਬਿਮਾਰੀ ਨਾਲ ਜੂਝ ਰਹੇ ਵਿਅਕਤੀ ਦੀ ਵੀ ਇੱਛਾ ਹੁੰਦੀ ਹੈ ਕਿ ਉਹ ਇਸ ਬਿਮਾਰੀ ਤੋਂ ਬਾਹਰ ਨਿਕਲੇ। ਉਹ ਨਹੀਂ ਚਾਹੁੰਦਾ ਕਿ ਸਮਾਜ ਉਸ ਨੂੰ ਆਪਣੇ ਤੋਂ ਵੱਖ ਕਰ ਦੇਵੇ ਜਾਂ ਲੋਕ ਉਸ ਨੂੰ ਹਰ ਥਾਂ ਤਾਅਨੇ ਮਾਰਨ। ਅਜਿਹੇ ਲੋਕਾਂ ਨੂੰ ਮੈਡੀਕਲ ਇਲਾਜ, ਨਸ਼ਾ ਮੁਕਤੀ ਕੇਂਦਰ ਅਤੇ ਸਮਾਜ ਦੇ ਸਹਿਯੋਗ ਦੀ ਲੋੜ ਹੈ। ਸਾਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਪਵੇਗੀ।
ਨਸ਼ੇ ਸਪਲਾਈ ਨੈੱਟਵਰਕ ਨੂੰ ਖਤਮ ਕਰਨਾ ਪਵੇਗਾ
ਅਕਸ਼ੇ ਸ਼ਰਮਾ ਨੇ ਕਿਹਾ ਕਿ ਮੇਰਾ ਸੁਨੇਹਾ ਉਨ੍ਹਾਂ ਸਾਰੇ ਲੋਕਾਂ ਲਈ ਹੈ ਜੋ ਨਸ਼ੇ ਦੀ ਬਿਮਾਰੀ ਤੋਂ ਪੀੜਤ ਹਨ ਕਿ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ। ਜਦੋਂ ਵੀ ਅਤੇ ਜਿੱਥੇ ਵੀ ਉਨ੍ਹਾਂ ਨੂੰ ਮਦਦ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣ ਲਈ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ। ਦੂਜੇ ਪਾਸੇ, ਜੋ ਲੋਕ ਨਸ਼ਾ ਵੇਚਦੇ ਹਨ ਅਤੇ ਨੌਜਵਾਨਾਂ ਨੂੰ ਇਸ ਦਲਦਲ ਵਿੱਚ ਧੱਕਦੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ। ਨਸ਼ੇ ਦੇ ਵੱਡੇ ਕਾਰੋਬਾਰੀਆਂ ਅਤੇ ਸਪਲਾਈ ਨੈੱਟਵਰਕ ਨੂੰ ਖਤਮ ਕਰਨਾ ਪਵੇਗਾ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ।
ਮਾਮਲੇ 'ਤੇ ਸਫਾਈ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਕਿਹਾ ਕਿ ਉਹ ਯਾਤਰਾ ਛੱਡ ਕੇ ਨਹੀਂ ਭੱਜੇ, ਸਗੋਂ ਉਨ੍ਹਾਂ ਨੂੰ ਮਜੀਠਾ ਖੇਤਰ ਲਈ ਯਾਤਰਾ ਹੈਂਡਓਵਰ ਕਰਨੀ ਸੀ। ਉੱਥੇ ਹੀ, ਇਸ ਮੁੱਦੇ 'ਤੇ ਜਦੋਂ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਮੀਟਿੰਗ ਦਾ ਹਵਾਲਾ ਦੇ ਕੇ ਫੋਨ ਕੱਟ ਦਿੱਤਾ। ਫਿਲਹਾਲ ਇਸ ਪੂਰੇ ਘਟਨਾਕ੍ਰਮ ਨੇ ਪੰਜਾਬ ਭਾਜਪਾ ਦੇ ਅੰਦਰ ਗੁੱਟਬਾਜ਼ੀ ਨੂੰ ਉਜਾਗਰ ਕਰ ਦਿੱਤਾ ਹੈ।