600 ਕਰੋੜ ਰੁਪਏ ਬਰਬਾਦ ਕਰਨ ਦੀ ਬਜਾਏ, ਬੀਆਰਟੀਐੱਸ ਮਾਰਗ ’ਚ ਆਟੋ ਤੇ ਦੋਪਹੀਆ ਵਾਹਨਾਂ ਨੂੰ ਚਲਾਇਆ ਜਾਵੇ, ਟ੍ਰੈਫਿਕ ਸੁਧਰੇਗੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਨਿਗਮ ਨੇ 2016 ਵਿਚ ਸ਼ੁਰੂ ਕੀਤੇ ਗਏ 600 ਕਰੋੜ ਦੇ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀਆਰਟੀਐਸ) ਕੋਰੀਡੋਰ ਨੂੰ ਢਾਹੁਣ ਲਈ ਟੈਂਡਰ ਖੋਲ੍ਹੇ
Publish Date: Tue, 01 Sep 2026 07:36 PM (IST)
Updated Date: Tue, 01 Sep 2026 07:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਨਿਗਮ ਨੇ 2016 ਵਿਚ ਸ਼ੁਰੂ ਕੀਤੇ ਗਏ 600 ਕਰੋੜ ਦੇ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀਆਰਟੀਐਸ) ਕੋਰੀਡੋਰ ਨੂੰ ਢਾਹੁਣ ਲਈ ਟੈਂਡਰ ਖੋਲ੍ਹੇ ਹਨ। ਇਸ ਵਿਚ ਕੋਰੀਡੋਰ ਦੀ ਗਰਿੱਲ ਅਤੇ ਕੰਕਰੀਟ ਬੇਸ (ਕਰਬ) ਨੂੰ ਹਟਾਉਣਾ ਸ਼ਾਮਲ ਹੈ। ਨਿਗਮ ਨੇ ਇਸ ਪ੍ਰੋਜੈਕਟ ਲਈ 13 ਵੱਖਰੇ ਟੈਂਡਰ ਜਾਰੀ ਕੀਤੇ ਸਨ, ਜਿਨ੍ਹਾਂ ਵਿਚੋਂ 6 ਟੈਂਡਰ ਖੋਲ੍ਹੇ ਗਏ ਹਨ। ਵਿੱਤੀ ਬੋਲੀਆਂ ਖੋਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਦੀ ਪ੍ਰਕਿਿਰਆ ਲਈ ਚੰਡੀਗੜ੍ਹ ਭੇਜਿਆ ਜਾਵੇਗਾ। ਉੱਥੋਂ ਅਤੇ ਸਥਾਨਕ ਸਰਕਾਰ ਵਿਭਾਗ ਤੋਂ ਪ੍ਰਵਾਨਗੀ ਤੋਂ ਬਾਅਦ ਕੋਰੀਡੋਰ ਨੂੰ ਢਾਹੁਣ ਦਾ ਕੰਮ ਸ਼ੁਰੂ ਹੋਵੇਗਾ। ਬਾਕੀ ਸੱਤ ਟੈਂਡਰ 7 ਸਤੰਬਰ ਨੂੰ ਖੋਲ੍ਹੇ ਜਾਣੇ ਹਨ। 45 ਦਿਨਾਂ ਦੇ ਅੰਦਰ ਸਾਰੇ ਬੁਨਿਆਦੀ ਢਾਂਚੇ ਨੂੰ ਹਟਾਉਣ ਦੀ ਤਿਆਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸੜਕ ਨੂੰ ਚੌੜਾ ਕਰਨ, ਕੇਂਦਰੀ ਕਿਨਾਰੇ ਬਣਾਉਣ ਅਤੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਵੀ ਕੀਤਾ ਜਾਣਾ ਹੈ। ਦੂਜੇ ਪਾਸੇ ਕੌਂਸਲਰਾਂ ਦਾ ਕਹਿਣਾ ਹੈ ਕਿ ਜਨਤਕ ਪੈਸੇ ਦੀ ਬਰਬਾਦੀ ਕਰਨ ਦੀ ਬਜਾਏ, ਇਸ ਕੋਰੀਡੋਰ ਤੇ ਆਟੋ ਰਿਕਸ਼ਾ ਅਤੇ ਦੋਪਹੀਆ ਵਾਹਨਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ ਨਾਲ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਵਿਚ ਸੁਧਾਰ ਹੋਵੇਗਾ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਬੁਨਿਆਦੀ ਢਾਂਚੇ ਦੀ ਸਹੀ ਵਰਤੋਂ ਯਕੀਨੀ ਬਣਾਈ ਜਾਵੇਗੀ। ਬਾਕਸ ਆਟੋ ਤੇ ਦੋਪਹੀਆ ਵਾਹਨਾਂ ਨੂੰ ਬੀਆਰਟੀਐਸ ਮਾਰਗ ’ਚ ਸੁਚੱਜੇ ਢੰਗ ਨਾਲ ਚਲਾਉਣਾ ਚਾਹੀਦਾ ਆਟੋ ਰਿਕਸ਼ਾ ਅਤੇ ਦੋਪਹੀਆ ਵਾਹਨਾਂ ਲਈ ਬੀਆਰਟੀਐਸ ਮਾਰਗ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ। ਆਟੋ ਰਿਕਸ਼ਾ ਅਕਸਰ ਯਾਤਰੀਆਂ ਨੂੰ ਚੁੱਕਣ ਲਈ ਬੇਤਰਤੀਬ ਬ੍ਰੇਕ ਲਗਾਉਂਦੇ ਹਨ। ਇਸ ਨਾਲ ਬੀਆਰਟੀਐਸ ਮਾਰਗ ਵਿਚ ਅਜਿਹਾ ਹੋਣ ਤੋਂ ਰੋਕਿਆ ਜਾਵੇਗਾ ਅਤੇ ਯਾਤਰੀਆਂ ਨੂੰ ਸਿਰਫ਼ ਮੁੱਖ ਸਟਾਪਾਂ ਤੇ ਹੀ ਚੁੱਕਣਾ ਅਤੇ ਛੱਡਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਆਵਾਜਾਈ ਦੀ ਭੀੜ ਘੱਟ ਹੋਵੇਗੀ ਸਗੋਂ ਹਾਦਸਿਆਂ ਨੂੰ ਵੀ ਰੋਕਿਆ ਜਾਵੇਗਾ। ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੂੰ ਸਾਂਝੇ ਤੌਰ ਤੇ ਇਸ ਲਈ ਇਕ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ 600 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਲਈ ਦੁਬਾਰਾ ਪੈਸੇ ਖਰਚ ਕਰਨਾ ਸਿਆਣਪ ਨਹੀਂ ਹੈ। (ਸਤੀਸ਼ ਬੱਲੂ, ਕੌਂਸਲਰ ਦੇ ਪਤੀ, ਵਾਰਡ ਨੰਬਰ 77) ਬਾਕਸ ਬੱਸ ਸਟਾਪਾਂ ਦੀ ਵਰਤੋਂ ਆਟੋ ਰਿਕਸ਼ਾ ਲਈ ਕੀਤੀ ਜਾਣੀ ਚਾਹੀਦੀ ਬੀਆਰਟੀਐਸ 600 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ ਅਤੇ ਹੁਣ ਇਸ ਨੂੰ ਤਬਾਹ ਕਰਨ ਲਈ ਦੁਬਾਰਾ ਪੈਸਾ ਖਰਚ ਕੀਤਾ ਜਾ ਰਿਹਾ ਹੈ। ਜਨਤਾ ਦੀ ਰਾਏ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਸੀ। ਇਸ ਲਾਂਘੇ ਦੀ ਵਰਤੋਂ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਵੀ ਕੀਤੀ ਜਾ ਸਕਦੀ ਸੀ। ਆਟੋ ਰਿਕਸ਼ਾ ਅਤੇ ਦੋਪਹੀਆ ਵਾਹਨਾਂ ਲਈ ਸਿਰਫ ਇਸ ਮਾਰਗ ਵਿਚ ਰਹਿਣ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਮਾਹਿਰਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ ਤਾਂ ਜੋ 600 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਨੂੰ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾ ਸਕੇ। ਮੌਜੂਦਾ ਬੱਸ ਸ਼ੈਲਟਰਾਂ ਵਿਚ ਆਟੋ ਰਿਕਸ਼ਾ ਸਟਾਪ ਬਣਾਏ ਜਾਣੇ ਚਾਹੀਦੇ ਹਨ। ਇਸ ਨਾਲ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਵਿਚ ਵੱਡਾ ਬਦਲਾਅ ਆ ਸਕਦਾ ਹੈ। (ਵਿਕਾਸ ਸੋਨੀ, ਕੌਂਸਲਰ ਅਤੇ ਨਗਰ ਨਿਗਮ ਵਿਚ ਕਾਂਗਰਸ ਪਾਰਟੀ ਦੇ ਨੇਤਾ) ਬਾਕਸ ਬੀਆਰਟੀਐਸ ਪ੍ਰੋਜੈਕਟ ਤੇ ਨਜ਼ਰ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀਆਰਟੀਐਸ) 2016 ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਸਾਲ 2018 ਵਿਚ ਬੰਦ ਕਰ ਦਿੱਤਾ ਗਿਆ ਸੀ। ਸਾਲ 2019 ਵਿਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਇਸ ਬੱਸ ਸੇਵਾ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ਅਤੇ ਸ਼ਹਿਰ ਦੇ ਵੱਖ-ਵੱਖ ਰੂਟਾਂ ਤੇ 93 ਏਸੀ ਬੱਸਾਂ ਚਲਾਈਆਂ ਗਈਆਂ ਸਨ। 2022 ਵਿਚ ਬੀਆਰਟੀਐਸ ਸੇਵਾ ਚਲਾਉਣ ਵਾਲੀ ਕੰਪਨੀ ਨੇ ਘਾਟੇ ਦਾ ਹਵਾਲਾ ਦਿੰਦੇ ਹੋਏ ਇਸ ਪ੍ਰੋਜੈਕਟ ਤੋਂ ਆਪਣੇ ਆਪ ਨੂੰ ਪਿੱਛੇ ਹਟ ਲਿਆ ਅਤੇ ਸਾਰੀਆਂ ਬੱਸਾਂ ਵੇਰਕਾ ਵਿਚ ਖੜ੍ਹੀਆਂ ਕਰ ਦਿੱਤੀਆਂ। ਇਸ ਤੋਂ ਬਾਅਦ 6 ਦਸੰਬਰ 2024 ਨੂੰ ਗੋਲਡਨ ਗੇਟ ਤੋਂ ਇੰਡੀਆ ਗੇਟ ਰੂਟ ਤੱਕ 6 ਬੱਸਾਂ ਚਲਾਈਆਂ ਗਈਆਂ ਸਨ, ਪਰ ਬਾਅਦ ਵਿਚ ਉਨ੍ਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।