ਚੀਫ਼ ਖ਼ਾਲਸਾ ਦੀਵਾਨ ਯਤੀਮਖਾਨਾ ਵਿਖੇ ਆਧੁਨਿਕ ਜਿਮ ਦਾ ਉਦਘਾਟਨ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਬੱਚਿਆਂ ਦੀ ਚੰਗੀ ਸਿਹਤ ਅਤੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਅਤਿ ਆਧੁਨਿਕ ਜਿਮ ਦਾ ਉਦਘਾਟਨ ਕੀਤਾ ਗਿਆ।
Publish Date: Thu, 17 Sep 2026 04:21 PM (IST)
Updated Date: Thu, 17 Sep 2026 04:23 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਬੱਚਿਆਂ ਦੀ ਚੰਗੀ ਸਿਹਤ ਅਤੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਅਤਿ ਆਧੁਨਿਕ ਜਿਮ ਦਾ ਉਦਘਾਟਨ ਕੀਤਾ ਗਿਆ। ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਅਰਦਾਸ ਉਪਰੰਤ ਮੁੱਖ ਮਹਿਮਾਨ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਜਿਮ ਦਾ ਉਦਘਾਟਨ ਕੀਤਾ ਗਿਆ, ਜਦ ਕਿ ਅਮਨਦੀਪ ਹਸਪਤਾਲ ਦੇ ਡਾਇਰੈਕਟਰ ਅਤੇ ਆਰਥੋਪੈਡਿਕਸ ਵਿਭਾਗ ਦੇ ਚੇਅਰਮੈਨ ਡਾ. ਅਵਤਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਿੰਨਾਂ ਦੇ ਵਿਸ਼ੇਸ਼ ਯਤਨਾਂ ਸਦਕਾ ਬੱਚਿਆਂ ਨੂੰ ਤੰਦਰੁਸਤ ਜੀਵਨਸ਼ੈਲੀ ਨਾਲ ਜ਼ੋੜਣ ਹਿੱਤ ਚੀਫ਼ ਖ਼ਾਲਸਾ ਦੀਵਾਨ ਵਿਖੇ ਆਧੁਨਿਕ ਜਿਮ ਸਥਾਪਿਤ ਕੀਤਾ ਗਿਆ ਹੈ। ਮੁੱਖ ਮਹਿਮਾਨ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਬਚਪਨ ਵਿਚ ਵਿਕਸਿਤ ਕੀਤੀਆਂ ਗਈਆਂ ਚੰਗੀਆਂ ਆਦਤਾਂ ਪੂਰੀ ਜ਼ਿੰਦਗੀ ਦਾ ਆਧਾਰ ਬਣਦੀਆਂ ਹਨ, ਜੋ ਅੱਗੇ ਜਾ ਕੇ ਇਕ ਆਤਮਵਿਸ਼ਵਾਸੀ, ਸਵੈ—ਨਿਰਭਰ ਅਤੇ ਸਫਲ ਜੀਵਨ ਦੀ ਮਜਬੂਤ ਨੀਂਹ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਦੀਵਾਨ ਦਾ ਉਦੇਸ਼ ਯਤੀਮ ਬੱਚਿਆਂ ਨੂੰ ਵਧੀਆ ਰਹਿਣ—ਸਹਿਣ ਅਤੇ ਸਿੱਖਿਆ ਦੇਣਾ ਹੀ ਨਹੀਂ ਸਗੋਂ ਅਜੋਕੇ ਬਦਲਦੇ ਸਮੇਂ ਦੀਆਂ ਲੋੜ੍ਹਾਂ ਅਨੁਸਾਰ ਉਨ੍ਹਾਂ ਦਾ ਸਰੀਰਕ, ਮਾਨਸਿਕ ਅਤੇ ਨੈਤਿਕ ਤੌਰ ਤੇ ਵੀ ਵਿਕਾਸ ਕਰਨਾ ਹੈ। ਉਨ੍ਹਾਂ ਬੱਚਿਆਂ ਨੂੰ ਜਿਮ ਦੀਆਂ ਸਹੂਲਤਾਂ ਦਾ ਸਹੀ ਮਾਰਗ ਦਰਸ਼ਨ ਹੇਠ ਨਿਯਮਤ ਲਾਭ ਲੈਣ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਡਾ. ਅਵਤਾਰ ਸਿੰਘ ਨੇ ਕਿਹਾ ਕਿ ਨਿਰੋਈ ਸਿਹਤ ਇਕ ਅਨੁਸ਼ਾਸ਼ਿਤ, ਮਜਬੂਤ ਅਤੇ ਰੋਗਮੁਕਤ ਸਮਾਜ ਦੀ ਸਿਰਜਣਾ ਕਰਦੀ ਹੈ ਅਤੇ ਬੱਚਿਆਂ ਨੂੰ ਤੰਦਰੁਸਤ ਜੀਵਨਸੈ਼ਲੀ ਨਾਲ ਜ਼ੋੜਣਾ ਸਾਡੀ ਨੈਤਿਕ ਜਿੰਮੇਵਾਰੀ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਨੇ ਬੱਚਿਆਂ ਦੇ ਜਿਮ ਪ੍ਰਤੀ ਨਵੇਂ ਉਤਸ਼ਾਹ ਨੂੰ ਵੇਖਦਿਆਂ ਖੁਸ਼ੀ ਪ੍ਰਗਟ ਕੀਤੀ ਅਤੇ ਆਸ ਕੀਤੀ ਕਿ ਯਤੀਮਖਾਨੇ ਦਾ ਹਰ ਬੱਚਾ ਸਰੀਰਕ ਅਤੇ ਮਾਨਸਿਕ ਪੱਖੋਂ ਮਜਬੂਤ ਬਣਕੇ ਵਿਕਸਿਤ ਸਮਾਜ ਦੀ ਸਿਰਜਣਾ ਵਿਚ ਆਪਣਾ ਬਿਹਤਰ ਯੋਗਦਾਨ ਪਾਵੇਗਾ। ਸੈਂਟਰਲ ਖਾਲਸਾ ਯਤੀਮਖਾਨਾ ਦੇ ਮੈਂਬਰ ਇੰਚਾਰਜ ਡਾ. ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ, ਲਖਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿਮ ਦੀ ਵਰਤੋਂ ਵਿਚ ਬੱਚਿਆਂ ਦੀ ਦਿਲਚਸਪੀ ਅਤੇ ਰੋਜ਼ਾਨਾ ਰੂਟੀਨ ਨੂੰ ਧਿਆਨ ਵਿਚ ਰੱਖਕੇ ਕੰਮ ਕੀਤਾ ਜਾਵੇਗਾ ਅਤੇ ਬੱਚਿਆਂ ਦੀ ਸਹੂਲਤ ਲਈ ਸਹੀ ਗਾਈਡੈਂਸ ਅਤੇ ਅਨੁਸ਼ਾਸ਼ਿਤ ਰੂਟੀਨ ਯਕੀਨੀ ਬਣਾਈ ਜਾਵੇਗੀ। ਦੀਵਾਨ ਪ੍ਰਬੰਧਕਾਂ ਵੱਲੋਂ ਡਾ. ਅਵਤਾਰ ਸਿੰਘ ਦਾ ਯਤੀਮਖਾਨਾ ਵਿਚ ਜਿਮ ਬਣਾਉਣ ਵਿਚ ਦਿੱਤੇ ਗਏ ਵੱਡਮੁੱਲੇ ਸਹਿਯੋਗ ਲਈ ਭਰਪੂਰ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ ਅਤੇ ਦੀਵਾਨ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਸਮਾਗਮ ਵਿੱਚ ਪੁੱਜੀਆਂ ਹੋਰਨਾਂ ਉੱਘੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਰਮਣੀਕ ਸਿੰਘ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ. ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ .ਹਰਵਿੰਦਰਪਾਲ ਸਿੰਘ ਚੁੱਘ, ਐਜੂਕੇਸ਼ਨਲ ਕਮੇਟੀ ਦੇ ਐਡੀ. ਆਨਰੇਰੀ ਸਕੱਤਰ ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਡਾ. ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ, ਲਖਵਿੰਦਰ ਸਿੰਘ ਢਿੱਲੋਂ, ਏਪੀਐਸ ਮਾਨ, ਰਬਿੰਦਰਬੀਰ ਸਿੰਘ ਭੱਲਾ, ਰਣਦੀਪ ਸਿੰਘ, ਮਹਿੰਦਰ ਸਿੰਘ, ਉੱਘੇ ਸੀਨੀਅਰ ਪੱਤਰਕਾਰ/ਸੰਪਾਦਕ ਵਰਿੰਦਰ ਸਿੰਘ ਵਾਲੀਆ, ਅਮਨਦੀਪ ਹਸਪਤਾਲ ਤੋ ਡਾ.ਰਕੇਸ਼ ਜ਼ੋਸ਼ੀ (ਐਗਜੈਗਟਿਵ ਡਾਇਰੈਕਟਰ) ਅਤੇ ਉਨ੍ਹਾਂ ਦੀ ਟੀਮ, ਪ੍ਰਿੰਸੀਪਲ ਯਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਹੋਰ ਉੱਘੀਆਂ ਸਖ਼ਸੀਅਤਾਂ ਅਤੇ ਸਟਾਫ ਹਾਜ਼ਰ ਸਨ।