- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਾਣ ਭੱਤਾ ਦੁਗਣਾ ਕਰਨ ਦੀ ਗਾਰੰਟੀ ਪੂਰੀ ਨਾ ਕਰਨ ਅਤੇ ਹੋਰ ਮੰਗਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਵਿਰੁੱਧ

ਆਮ ਆਦਮੀ ਸਰਕਾਰ 'ਤੇ ਮਾਣਭੱਤਾ ਵਰਕਰਾਂ ਨੂੰ ਦਿੱਤੀ ਗਾਰੰਟੀ ਪੂਰੀ ਨਾ ਕਰਨ ਦਾ ਦੋਸ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਾਣ ਭੱਤਾ ਦੁਗਣਾ ਕਰਨ ਦੀ ਗਾਰੰਟੀ ਪੂਰੀ ਨਾ ਕਰਨ ਅਤੇ ਹੋਰ ਮੰਗਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਵਿਰੁੱਧ ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਤਹਿਸੀਲ ਅੰਮ੍ਰਿਤਸਰ ਅਤੇ ਅਜਨਾਲਾ ਦੀਆਂ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਵੱਲੋਂ ਡੀਸੀ ਦਫ਼ਤਰ ਵਿਖੇ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਮਾਣ ਭੱਤਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਮਤਾ ਸ਼ਰਮਾ ਅਤੇ ਸਰਬਜੀਤ ਕੌਰ ਛੱਜਲਵੱਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਨੂੰ ਮਿਲ ਰਹੇ ਨਿਗੂਣੇ ਮਾਣ ਭੱਤਿਆਂ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਇਹਨਾਂ ਵਰਕਰਾਂ ਨਾਲ ਕੀਤੇ ਹੋਏ ਸਾਰੇ ਵਾਅਦਿਆਂ ਤੋਂ ਮੁੱਕਰ ਗਈ ਹੈ ਅਤੇ ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਇਹਨਾਂ ਦੇ ਮਾਣ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਅਨੁਸਾਰ ਤਨਖਾਹਾਂ ਨਾ ਦੇਣ ਅਤੇ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਨੂੰ ਸੇਵਾ ਮੁਕਤੀ ਮੌਕੇ ਘਰਾਂ ਨੂੰ ਖਾਲੀ ਹੱਥ ਤੋਰਨ ਵਿਰੁੱਧ ਪੰਜਾਬ ਭਰ ਦੀਆਂ ਹਜ਼ਾਰਾਂ ਮਾਣ ਭੱਤਾ ਵਰਕਰਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਜਿਸ ਦੇ ਰੋਸ ਵਜੋਂ ਅੱਜ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾ ਰਹੀਆਂ ਹਨ। ਮਾਣ ਭੱਤਾ ਮੋਰਚੇ ਦੀਆਂ ਆਗੂਆਂ ਗੁਰਵੰਤ ਕੌਰ ਲੋਪੋਕੇ, ਬਲਜਿੰਦਰ ਕੌਰ ਵੇਰਕਾ, ਖੁਸ਼ਬੂ ਅੰਮ੍ਰਿਤਸਰ, ਕਵਲਜੀਤ ਕੌਰ ਲਸ਼ਕਰੀ ਨੰਗਲ, ਕੁਲਬੀਰ ਕੌਰ ਰਮਦਾਸ, ਹਰਜੀਤ ਕੌਰ ਅਜਨਾਲਾ, ਪਰਮਜੀਤ ਕੌਰ ਲਹਿਰਕਾ, ਰਾਜਵਿੰਦਰ ਕੌਰ ਜੇਠੂਵਾਲ, ਦਲਜੀਤ ਕੌਰ ਵੇਰਕਾ, ਹਰਜੀਤ ਕੌਰ ਛੇਹਰਟਾ, ਨਿਰਮਲ ਕੌਰ ਲੋਪੋਕੇ, ਜਸਪਾਲ ਕੌਰ ਨਿਜ਼ਾਮਪੁਰ, ਸੁਖਵੰਤ ਕੌਰ ਅੰਮ੍ਰਿਤਸਰ, ਜਸਪਾਲ ਕੌਰ ਇਸਲਾਮਾਬਾਦ, ਰਾਜਵਿੰਦਰ ਕੌਰ ਬੰਡਾਲਾ ਅਤੇ ਨਿਰਮਲ ਕੌਰ ਫੈਜਪੁਰਾ ਨੇ ਮੰਗ ਕੀਤੀ ਕਿ ਮਾਣਭੱਤਾ ਵਰਕਰਾਂ ਦੇ ਭੱਤਿਆਂ ਨੂੰ ਤੁਰੰਤ ਦੁੱਗਣਾ ਕਰਕੇ ਪਿਛਲੇ ਸਾਢੇ ਚਾਰ ਸਾਲਾਂ ਦੇ ਬਕਾਏ ਦਿੱਤੇ ਜਾਣ, ਸਮੂਹ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ, ਸੇਵਾ ਮੁਕਤੀ 'ਤੇ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੂੰ 5 ਲੱਖ ਦੀ ਗਰੈਚੁਟੀ ਸਮੇਤ ਪ੍ਰਤੀ ਮਹੀਨਾ 9 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ ਅਤੇ ਸਕੀਮ ਵਰਕਰਾਂ ਦਾ ਈਐੱਸਆਈ ਅਤੇ ਈਪੀਐੱਫ ਕੱਟਿਆ ਜਾਵੇ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਜਰਮਨਜੀਤ ਸਿੰਘ ਅਤੇ ਅਸ਼ਵਨੀ ਅਵਸਥੀ ਨੇ ਵੀ ਸੰਬੋਧਨ ਕੀਤਾ।