ਡੀਆਰ ਮਾਡਰਨ ਸਕੂਲ ’ਚ ਹਿੰਦੀ ਦਿਵਸ ਮਨਾਇਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਆਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਚ ਹਿੰਦੀ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਵਿਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਸਨਮਾਨ ਅਤੇ ਮਾਣ ਦੀ ਭਾਵਨਾ ਜਗਾਉਣ ਦੇ ਉਦੇਸ਼ ਨਾਲ ਵਿਸ਼ੇਸ਼ ਪ੍ਰੋਗਰਾਮ
Publish Date: Mon, 14 Sep 2026 04:38 PM (IST)
Updated Date: Mon, 14 Sep 2026 04:41 PM (IST)
‘ਹਿੰਦੀ ਸਾਡੀ ਪਛਾਣ, ਮਾਣ ਅਤੇ ਦੇਸ਼ ਦੀ ਸ਼ਾਨ ਹੈ’ : ਡਾਇਰੈਕਟਰ ਰਵਿੰਦਰ ਪਠਾਨੀਆ* ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਆਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਚ ਹਿੰਦੀ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਵਿਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਸਨਮਾਨ ਅਤੇ ਮਾਣ ਦੀ ਭਾਵਨਾ ਜਗਾਉਣ ਦੇ ਉਦੇਸ਼ ਨਾਲ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਆਪਣੇ ਰਚਨਾਤਮਕ ਅੰਦਾਜ਼ ਵਿਚ ਪੇਸ਼ ਕੀਤਾ। ਹਿੰਦੀ ਦਿਵਸ ਦੇ ਸਬੰਧ ਵਿਚ ਵਿਦਿਆਰਥੀਆਂ ਨੇ ਸੁੰਦਰ ਅਤੇ ਆਕਰਸ਼ਕ ਚਾਰਟ ਤਿਆਰ ਕੀਤੇ, ਜਿਨ੍ਹਾਂ ਤੇ ਹਿੰਦੀ ਭਾਸ਼ਾ ਨਾਲ ਸਬੰਧਤ ਵੱਖ-ਵੱਖ ਨਾਅਰੇ ਅਤੇ ਆਪਣੇ ਵਿਚਾਰ ਲਿਖੇ। ਵਿਦਿਆਰਥੀਆਂ ਨੇ ਪ੍ਰਾਰਥਨਾ ਸਭਾ ਦੌਰਾਨ ਹਿੰਦੀ ਭਾਸ਼ਾ ਦੇ ਮਹੱਤਵ ਤੇ ਭਾਸ਼ਣ ਦਿੱਤੇ ਅਤੇ ਹਿੰਦੀ ਦੀਆਂ ਸੁੰਦਰ ਕਵਿਤਾਵਾਂ ਦਾ ਪਾਠ ਕੀਤਾ। ਬੱਚਿਆਂ ਦੀਆਂ ਪੇਸ਼ਕਾਰੀਆਂ ਵਿਚ ਹਿੰਦੀ ਭਾਸ਼ਾ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਅਤੇ ਸਨਮਾਨ ਸਾਫ ਤੌਰ ਤੇ ਦਿਖਾਈ ਦਿੱਤਾ। ਇਸ ਮੌਕੇ ਤੇ ਪ੍ਰਿੰਸੀਪਲ ਮਾਧੁਰੀ ਠਾਕੁਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੀ ਸਿਰਫ ਸੰਵਾਦ ਦਾ ਮਾਧਿਅਮ ਹੀ ਨਹੀਂ, ਸਗੋਂ ਸਾਡੇ ਸੱਭਿਆਚਾਰ, ਸੰਸਕਾਰਾਂ ਅਤੇ ਭਾਵਨਾਵਾਂ ਨਾਲ ਜੁੜੀ ਭਾਸ਼ਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹਿੰਦੀ ਦਾ ਸਨਮਾਨ ਕਰਨ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਰਵਿੰਦਰ ਪਠਾਨੀਆ ਨੇ ਕਿਹਾ ਕਿ ਹਿੰਦੀ ਸਾਡੀ ਪਛਾਣ ਅਤੇ ਮਾਣ ਹੈ ਅਤੇ ਦੇਸ਼ ਦੀ ਸ਼ਾਨ ਹੈ। ਉਨ੍ਹਾਂ ਕਿਹਾ ਆਪਣੀ ਭਾਸ਼ਾ ਪ੍ਰਤੀ ਸਨਮਾਨ ਰੱਖਣਾ ਆਪਣੇ ਸੱਭਿਆਚਾਰ ਅਤੇ ਆਪਣੀਆਂ ਜੜ੍ਹਾਂ ਪ੍ਰਤੀ ਸਨਮਾਨ ਰੱਖਣ ਦੇ ਬਰਾਬਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਤੇ ਮਾਣ ਕਰਨ ਅਤੇ ਇਸ ਨੂੰ ਪਿਆਰ ਤੇ ਸਨਮਾਨ ਨਾਲ ਅਪਣਾਉਣ ਦਾ ਸੁਨੇਹਾ ਦਿੱਤਾ। ਚੇਅਰਮੈਨ ਦਲਜੀਤ ਪਠਾਨੀਆ ਨੇ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਸ਼ਾ ਕਿਸੇ ਵੀ ਸਮਾਜ ਦੀ ਪਛਾਣ ਅਤੇ ਉਸ ਦੀ ਸੱਭਿਆਚਾਰਕ ਵਿਰਾਸਤ ਦੀ ਨੀਂਹ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਅਤੇ ਇਸ ਦੇ ਅਮੀਰ ਸਾਹਿਤ ਅਤੇ ਵਿਰਾਸਤ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ।