ਕਿਸਾਨਾਂ ਦੀ ਬੇਕਦਰੀ! ਸਬਜ਼ੀਆਂ ਦੇ ਡਿੱਗੇ ਭਾਅ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਆਪਣੇ ਹੱਥਾਂ ਨਾਲ ਉਜਾੜੀ ਮਟਰਾਂ ਦੀ ਫ਼ਸਲ ਜੰਡਿਆਲਾ ਗੁਰੂ ਅਤੇ ਤਰਸਿੱਕਾ ਬਲਾਕ ਅਧੀਨ ਆਉਂਦੇ ਪੇਂਡੂ ਖੇਤਰਾਂ ਵਿੱਚ ਸਬਜ਼ੀਆਂ ਦੀ ਕਾਸ਼ਤਕਾਰਾਂ ਖਾਸ ਕਰਕੇ ਮਟਰ ਉਗਾਉਣ ਵਾਲੇ ਕਿਸਾਨਾਂ ਦੀ ਹਾਲਤ ਇਸ ਵਾਰ ਬੇਹੱਦ ਤਰਸਯੋਗ ਬਣ ਚੁੱਕੀ ਹੈ। ਮਹਿੰਗੇ ਭਾਅ ਦਾ ਬੀਜ, ਖਾਦਾਂ ਦੀ ਕਿੱਲਤ ਅਤੇ 70 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਜ਼ਮੀਨ ਦਾ ਮਹਿੰਗਾ ਠੇਕਾ ਭਰ ਕੇ ਮਟਰਾਂ ਦੀ ਫ਼ਸਲ ਤਿਆਰ ਕਰਨ ਵਾਲੇ ਅੰਨਦਾਤਾ ਨੂੰ ਇਸ ਵਾਰ ਮੰਡੀ ਵਿਚ ਨਾ ਤਾਂ ਸਹੀ ਰੇਟ ਮਿਲ ਰਿਹਾ ਹੈ ਅਤੇ ਨਾ ਹੀ ਲਾਗਤ ਪੂੰਜੀ ਮੋੜਨ ਦਾ ਕੋਈ ਰਾਹ ਦਿਸ ਰਿਹਾ ਹੈ।
Publish Date: Tue, 17 Nov 2026 12:52 PM (IST)
Updated Date: Tue, 17 Nov 2026 12:53 PM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ, ਟਾਂਗਰਾ : ਜੰਡਿਆਲਾ ਗੁਰੂ ਅਤੇ ਤਰਸਿੱਕਾ ਬਲਾਕ ਅਧੀਨ ਆਉਂਦੇ ਪੇਂਡੂ ਖੇਤਰਾਂ ਵਿੱਚ ਸਬਜ਼ੀਆਂ ਦੀ ਕਾਸ਼ਤਕਾਰਾਂ ਖਾਸ ਕਰਕੇ ਮਟਰ ਉਗਾਉਣ ਵਾਲੇ ਕਿਸਾਨਾਂ ਦੀ ਹਾਲਤ ਇਸ ਵਾਰ ਬੇਹੱਦ ਤਰਸਯੋਗ ਬਣ ਚੁੱਕੀ ਹੈ। ਮਹਿੰਗੇ ਭਾਅ ਦਾ ਬੀਜ, ਖਾਦਾਂ ਦੀ ਕਿੱਲਤ ਅਤੇ 70 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਜ਼ਮੀਨ ਦਾ ਮਹਿੰਗਾ ਠੇਕਾ ਭਰ ਕੇ ਮਟਰਾਂ ਦੀ ਫ਼ਸਲ ਤਿਆਰ ਕਰਨ ਵਾਲੇ ਅੰਨਦਾਤਾ ਨੂੰ ਇਸ ਵਾਰ ਮੰਡੀ ਵਿਚ ਨਾ ਤਾਂ ਸਹੀ ਰੇਟ ਮਿਲ ਰਿਹਾ ਹੈ ਅਤੇ ਨਾ ਹੀ ਲਾਗਤ ਪੂੰਜੀ ਮੋੜਨ ਦਾ ਕੋਈ ਰਾਹ ਦਿਸ ਰਿਹਾ ਹੈ। ਹਾਲਾਤ ਇੱਥੇ ਤੱਕ ਵਿਗੜ ਚੁੱਕੇ ਹਨ ਕਿ ਨਿਰਾਸ਼ਾ ਦੇ ਆਲਮ ਵਿਚ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਹਰੇ ਮਟਰਾਂ ਦੀ ਫ਼ਸਲ ਟਰੈਕਟਰਾਂ ਨਾਲ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਇਲਾਕੇ ਦੇ ਕਿਸਾਨਾਂ ਨੇ ਬਹੁਤ ਹੀ ਖੇਚਲ ਅਤੇ ਮੁਸ਼ਕਿਲਾਂ ਨਾਲ ਮਟਰਾਂ ਦੀ ਬਿਜਾਈ ਕੀਤੀ ਸੀ। ਬਾਜ਼ਾਰ ਵਿਚ ਮਟਰਾਂ ਦੀ ਫਸਲ ਲਈ ਲੋੜੀਂਦੀਆਂ ਖਾਦਾਂ ਸਮੇਂ ਸਿਰ ਅਤੇ ਆਸਾਨੀ ਨਾਲ ਨਹੀਂ ਮਿਲੀਆਂ, ਜਿਸ ਕਾਰਨ ਕਾਲਾਬਾਜ਼ਾਰੀ ਜਾਂ ਮਹਿੰਗੇ ਭਾਅ ਸਮੱਗਰੀ ਖਰੀਦਣੀ ਪਈ। ਇਸ ਤੋਂ ਇਲਾਵਾ ਜ਼ਮੀਨਾਂ ਦੇ ਮਹਿੰਗੇ ਠੇਕਿਆਂ ਨੇ ਕਿਸਾਨਾਂ ਦਾ ਪਹਿਲਾਂ ਹੀ ਆਰਥਿਕ ਲੱਕ ਤੋੜ ਦਿੱਤਾ ਸੀ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਅਕਤੂਬਰ-ਨਵੰਬਰ ਮਹੀਨੇ ਦੌਰਾਨ ਤਾਪਮਾਨ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਿਲਆ ਹੈ ਅਤੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਖੇਤੀ ਮਜ਼ਦੂਰਾਂ (ਲੇਬਰ) ਦੀ ਭਾਰੀ ਘਾਟ ਰਹੀ ਹੈ। ਮੌਸਮ ਦੀ ਗਰਮੀ ਅਤੇ ਲੇਬਰ ਦੀ ਘਾਟ ਕਰਕੇ ਮਟਰਾਂ ਦੀ ਫ਼ਸਲ ਸਮੇਂ ਤੋਂ ਪਹਿਲਾਂ ਹੀ ਤਿਆਰ (ਅਗੇਤੀ) ਹੋ ਗਈ। ਜਦੋਂ ਕਿਸਾਨਾਂ ਨੂੰ ਫ਼ਸਲ ਮੰਡੀਆਂ ਵਿਚ ਲਿਜਾਣੀ ਪਈ, ਤਾਂ ਉੱਥੇ ਮੰਡੀ ਦੇ ਰੇਟ ਬਹੁਤ ਜ਼ਿਆਦਾ ਡਿੱਗ ਗਏ।
ਕਿਸਾਨਾਂ ਨੇ ਦੁੱਖ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਝੋਨੇ ਦੀ ਫ਼ਸਲ ਤੋਂ ਜੋ ਥੋੜ੍ਹੀ-ਬਹੁਤ ਬਚਤ ਕੀਤੀ ਸੀ, ਉਹ ਸਾਰੀ ਦੀ ਸਾਰੀ ਇਨ੍ਹਾਂ ਮਟਰਾਂ ਦੀ ਕਾਸ਼ਤ ’ਤੇ ਖਰਚ ਹੋ ਚੁੱਕੀ ਹੈ। ਹੁਣ ਹਾਲਤ ਇਹ ਹੈ ਕਿ ਕਿਸਾਨਾਂ ਦੀਆਂ ਜੇਬਾਂ ਖਾਲੀ ਹਨ ਅਤੇ ਅਗਲੀ ਮੁੱਖ ਫ਼ਸਲ ਯਾਨੀ ਕਣਕ ਦੀ ਬਿਜਾਈ ਲਈ ਪੈਸਾ ਨਹੀਂ ਹੈ। ਕਣਕ ਬੀਜਣ ਲਈ ਹੁਣ ਕਿਸਾਨਾਂ ਨੂੰ ਮਜਬੂਰਨ ਆੜਤੀਆਂ ਜਾਂ ਸ਼ਾਹੂਕਾਰਾਂ ਤੋਂ ਭਾਰੀ ਵਿਆਜ ‘ਤੇ ਕਰਜ਼ਾ ਚੁੱਕਣਾ ਪੈ ਰਿਹਾ ਹੈ, ਜਿਸ ਨਾਲ ਕਰਜ਼ੇ ਦਾ ਬੋਝ ਹੋਰ ਵਧ ਗਿਆ ਹੈ। ਮੰਡੀਆਂ ਵਿਚ ਆਮਦ ਵਧਣ ਅਤੇ ਸਹੀ ਖਰੀਦਦਾਰ ਨਾ ਮਿਲਣ ਕਾਰਨ ਮਟਰਾਂ ਦੇ ਭਾਅ ਇੰਨੇ ਡਿੱਗ ਚੁੱਕੇ ਹਨ ਕਿ ਕਿਸਾਨਾਂ ਵੱਲੋਂ ਮੰਡੀ ਤੱਕ ਫ਼ਸਲ ਲਿਜਾਣ ਅਤੇ ਤੁੜਵਾਈ (ਮਜ਼ਦੂਰੀ) ਦਾ ਖਰਚਾ ਵੀ ਪੂਰਾ ਨਾ ਹੋਣ ਕਾਰਨ ਤੰਗ ਆ ਕੇ ਕਿਸਾਨਾਂ ਨੂੰ ਆਪਣੇ ਹੱਥੀਂ ਤਿਆਰ ਕੀਤੀ ਫ਼ਸਲ ਵਿੱਚ ਟਰੈਕਟਰ ਵਾਹੁਣੇ ਪੈ ਰਹੇ ਹਨ।
ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਗੱਲਬਾਤ ਕਰਦਿਆਂ ਕਿਸਾਨਾਂ ਕੁਲਵੰਤ ਸਿੰਘ ਸੰਗਰਵਾਂ, ਗੁਰਵਿੰਦਰ ਸਿੰਘ ਮਾਲੋਵਾਲ, ਮਨਜੀਤ ਸਿੰਘ ਮਾਲੋਵਾਲ, ਕੰਵਲਜੀਤ ਸਿੰਘ ਤਲਵੰਡੀ, ਜਗਦੀਪ ਸਿੰਘ ਤਰਸਿੱਕਾ, ਅਵਤਾਰ ਸਿੰਘ ਜੋਧਾ ਨਗਰੀ, ਹਰਜੀਤ ਸਿੰਘ ਜੋਧਾ ਨਗਰੀ, ਬਲਦੇਵ ਸਿੰਘ ਰਾਏਪੁਰ ਅਤੇ ਮੱਸਾ ਸਿੰਘ ਰਾਏਪੁਰ ਆਦਿ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਆਖਿਆ ਕਿ ਲੱਗਦਾ ਹੈ ਕਿ ਇਸ ਵਾਰ ਜੋ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਸ ਤੋਂ ਬਾਅਦ ਉਹ ਆਉਣ ਵਾਲੇ ਸਮੇਂ ਵਿੱਚ ਮਟਰਾਂ ਦੀ ਫ਼ਸਲ ਦੀ ਕਾਸ਼ਤ ਤੋਂ ਮਜਬੂਰਨ ਤੌਬਾ ਕਰਨੀ ਪਵੇਗੀ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਵਿਸ਼ੇਸ਼ ਸਥਿਤੀ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਸਬਜ਼ੀਆਂ ਦੀ ਕਾਸ਼ਤਕਾਰਾਂ ਨੂੰ ਹੋਏ ਭਾਰੀ ਨੁਕਸਾਨ ਦਾ ਵਿਸ਼ੇਸ਼ ਸਰਵੇ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।