- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਅੱਠਵੇਂ ਦਿਨ ਅੰਮ੍ਰਿਤਸਰ ਵਿਖੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਅੱਠਵੇਂ ਦਿਨ ਅੰਮ੍ਰਿਤਸਰ ਵਿਖੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਨਸ਼ਾ ਪੀੜਤ ਪਰਿਵਾਰਾਂ ਦੀ ਵਿਿਥਆ ਬਹੁਤ ਹੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਸੁਣੀ। ਪਰਿਵਾਰਾਂ ਦਾ ਦਰਦ ਸੁਣਦਿਆਂ ਮੇਘਵਾਲ ਨੇ ਕਿਹਾ ਕਿ “ਤੁਹਾਡਾ ਦਰਦ ਸਭ ਤੋਂ ਵੱਧ ਪੀੜਾਦਾਇਕ ਹੈ। ਮੇਘਵਾਲ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਗੰਭੀਰ ਸਮੱਸਿਆਵਾਂ ਅਤੇ ਸੁਝਾਵਾਂ ਬਾਰੇ ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਿਹ ਮੰਤਰੀ ਵੀ ਪੰਜਾਬ ਦੇ ਨਸ਼ਿਆਂ ਤੇ ਅਪਰਾਧ ਨਾਲ ਜੁੜੇ ਹਾਲਾਤ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਪੀੜਤ ਪਰਿਵਾਰਾਂ ਨਾਲ ਸਿੱਧਾ ਮਿਲਣ ਦਾ ਮਕਸਦ ਹੀ ਅਜਿਹਾ ਰੋਡਮੈਪ ਤਿਆਰ ਕਰਨਾ ਹੈ, ਜਿਸ ਰਾਹੀਂ ਪੰਜਾਬ ਵਿੱਚੋਂ ਨਸ਼ੇ ਅਤੇ ਅਪਰਾਧ ਵਰਗੀਆਂ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਕਾਰਨ ਆਪਣਾ ਕਮਾਉਣ ਵਾਲਾ ਮੈਂਬਰ ਗੁਆ ਚੁੱਕੇ ਪੀੜਤ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਲਈ ਸਰਕਾਰ ਨੂੰ ਸੁਝਾਅ ਦਿੱਤੇ ਜਾਣਗੇ।
ਮਕਬੂਲਪੁਰਾ ਤੇ ਗੁਰਵਾਲੀ ਸਮੇਤ ਕਈ ਇਲਾਕਿਆਂ ਦੇ ਪਰਿਵਾਰਾਂ ਨੇ ਸੁਣਾਈ ਹੱਡਬੀਤੀ
ਅੰਮ੍ਰਿਤਸਰ ਵਿੱਚ ਨਸ਼ੇ ਲਈ ਬਦਨਾਮ ਮੰਨੇ ਜਾਂਦੇ ਮਕਬੂਲਪੁਰਾ, ਹਾਊਸਿੰਗ ਬੋਰਡ ਕਾਲੋਨੀ ਅਤੇ ਗੁਰਵਾਲੀ ਸਮੇਤ ਹੋਰ ਇਲਾਕਿਆਂ ਤੋਂ ਆਏ ਅਨੇਕਾਂ ਨਸ਼ਾ ਪੀੜਤ ਪਰਿਵਾਰਾਂ ਨੇ ਸ੍ਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ। ਪਰਿਵਾਰਾਂ ਨੇ ਭਰੇ ਮਨ ਨਾਲ ਆਪਣੇ ਘਰਾਂ ਅਤੇ ਇਲਾਕਿਆਂ ਵਿੱਚ ਨਸ਼ੇ ਦੀ ਗੰਭੀਰ ਸਮੱਸਿਆ ਬਾਰੇ ਦੱਸਦਿਆਂ ਨਸ਼ੇ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਗੁਹਾਰ ਲਗਾਈ। ਮਾਵਾਂ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਨਸ਼ੇ ਦੀ ਲੱਤ ਕਾਰਨ ਉਨ੍ਹਾਂ ਦੇ ਨਸ਼ੇੜੀ ਪੁੱਤਰ ਘਰਾਂ ਦੇ ਭਾਂਡੇ ਤੱਕ ਵੇਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁੱਤਰਾਂ ਨੂੰ ਰੋਟੀ ਮਿਲੇ ਜਾਂ ਨਾ ਮਿਲੇ, ਉਨ੍ਹਾਂ ਨੇ ਰੋਟੀ ਛੱਡ ਦਿੱਤੀ ਪਰ ਨਸ਼ਾ ਨਹੀਂ ਛੱਡ ਸਕੇ। ਪਰਿਵਾਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਅੱਜ ਮਿਲਣ ਆਏ ਪਰਿਵਾਰਾਂ ਵਿੱਚੋਂ ਕੋਈ ਵੀ ਅਜਿਹਾ ਪਰਿਵਾਰ ਨਹੀਂ ਸੀ, ਜਿਸ ਪਰਿਵਾਰ ਵਿੱਚੋਂ ਦੋ ਬੱਚਿਆਂ ਦੀ ਮੌਤ ਨਸ਼ਿਆਂ ਕਾਰਨ ਨਾ ਹੋਈ ਹੋਵੇ। ਕੁਝ ਪਰਿਵਾਰਾਂ ਦੀਆਂ ਨੂੰਹਾਂ ਵੀ ਨਸ਼ਿਆਂ ਕਾਰਨ ਪੈਦਾ ਹੋਏ ਹਾਲਾਤ ਤੋਂ ਤੰਗ ਆ ਕੇ ਘਰ ਛੱਡ ਚੁੱਕੀਆਂ ਹਨ।
ਸਾਡੇ ਪਿੰਡਾਂ ਵਿੱਚ ਸ਼ਰੇਆਮ ਨਸ਼ਾ ਮਿਲਦੈ
ਮਕਬੂਲਪੁਰਾ ਅਤੇ ਗੁਰਵਾਲੀ ਤੋਂ ਆਈਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਸ਼ਰੇਆਮ ਨਸ਼ਾ ਮਿਲਦਾ ਹੈ। ਉਨ੍ਹਾਂ ਦੇ ਅਨੁਸਾਰ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਬਾਰੇ ਜਾਣਕਾਰੀ ਦੇਣ ’ਤੇ ਕਈ ਵਾਰ ਸਿਰਫ਼ ਇੰਨੀ ਕੁ ਕਾਰਵਾਈ ਹੁੰਦੀ ਹੈ ਕਿ ਪੁਲਿਸ ਵਾਲੇ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਲੈ ਜਾਂਦੇ ਹਨ ਪਰ ਦੋ ਘੰਟਿਆਂ ਬਾਅਦ ਹੀ ਉਹ ਵਾਪਸ ਛੁੱਟ ਕੇ ਆ ਜਾਂਦੇ ਹਨ। ਕੁਝ ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਨਸ਼ਾ ਵੇਚਣ ਵਾਲਿਆਂ ਅਤੇ ਕਾਨੂੰਨ ਦੇ ਰਾਖਿਆਂ ਵਿਚਕਾਰ ਮਿਲੀਭੁਗਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਵਾਰ ਸਰਪੰਚ ਖੁਦ ਨਸ਼ਾ ਵੇਚਣ ਵਾਲੇ ਨੂੰ ਚੁੱਕਵਾ ਦਿੰਦਾ ਹੈ ਅਤੇ ਫਿਰ ਆਪ ਹੀ ਉਸ ਨੂੰ ਛੁਡਵਾ ਕੇ ਲਿਆਉਂਦਾ ਹੈ।
ਨਸ਼ਾ ਤੇ ਨਸ਼ਾ ਛੁਡਾਉਣ ਲਈ ਦਿੱਤੀ ਜਾਂਦੀ ਚਿੱਟੀ ਗੋਲੀ ਸਾਡੀਆਂ ਨਸਲਾਂ ਖਾ ਗਈਆਂ
ਇੱਕ ਨੌਜਵਾਨ ਨੇ ਬਹੁਤ ਹੀ ਗੰਭੀਰ ਗੱਲ ਕਰਦਿਆਂ ਕਿਹਾ ਕਿ ਨਸ਼ਾ ਅਤੇ ਨਸ਼ਾ ਛੁਡਾਉਣ ਲਈ ਦਿੱਤੀ ਜਾਂਦੀ ਚਿੱਟੀ ਗੋਲੀ ਸਾਡੀਆਂ ਨਸਲਾਂ ਖਾ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ ਨਸ਼ਾ ਛੱਡਣ ਲਈ ਸਰਕਾਰੀ ਹਸਪਤਾਲਾਂ ਵਿੱਚ ਜੁਬਾਨ ਥੱਲੇ ਰੱਖਣ ਲਈ ਦਿੱਤੀ ਜਾਂਦੀ ਚਿੱਟੀ ਗੋਲੀਆਂ ਕਾਰਨ ਨੌਜਵਾਨਾਂ ਵਿੱਚ ਨਾਮਰਦੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਸ ਨੇ ਇੱਥੋਂ ਤੱਕ ਕਿਹਾ ਕਿ ਇਹ ਚਿੱਟੀ ਗੋਲੀ ਚਿੱਟੇ ਤੋਂ ਵੀ ਮਾੜੀ ਹੈ। ਉਸ ਨੇ ਕਿਹਾ ਕਿ ਇਸ ਬਾਰੇ ਵੀ ਨੌਜਵਾਨਾਂ ਅਤੇ ਪਰਿਵਾਰਾਂ ਵਿੱਚ ਗੰਭੀਰ ਚਿੰਤਾ ਹੈ। ਇਸ ਨੌਜਵਾਨ ਨੇ ਦਾਅਵਾ ਕੀਤਾ ਕਿ ਜੇਲ੍ਹਾਂ ਵਿੱਚ ਵੀ ਨਸ਼ੇ ਦੀ ਸਪਲਾਈ ਨਿਯਮਤ ਤੌਰ ’ਤੇ ਹੁੰਦੀ ਹੈ। ਉਸ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਨਸ਼ੇ ਦੀ ਲੱਤ ਕਾਰਨ ਉਹ ਖੁਦ ਅਪਰਾਧ ਦੀ ਦੁਨੀਆ ਵਿੱਚ ਚਲਾ ਗਿਆ ਅਤੇ ਉਸ ਨੂੰ ਜੇਲ੍ਹ ਜਾਣਾ ਪਿਆ, ਪਰ ਜੇਲ੍ਹ ਅੰਦਰ ਵੀ ਨਸ਼ਾ ਪਹੁੰਚ ਰਿਹਾ ਸੀ।
ਨਸ਼ਾ ਵੇਚਣ ਵਾਲਿਆਂ ਦੀ ਸੂਚੀ ਸਰਪੰਚ ਨੂੰ ਦਿੱਤੀ, ਉਸ ਨੇ ਪਰਚੀ ਪਾੜ ਕੇ ਸੁੱਟ ਦਿੱਤੀ
ਇਕ ਪਿੰਡ ਤੋਂ ਆਈ ਇੱਕ ਔਰਤ ਨੇ ਤਾਂ ਇੱਥੋਂ ਤੱਕ ਦੋਸ਼ ਲਗਾਇਆ ਕਿ ਨਸ਼ਾ ਵੇਚਣ ਵਾਲਿਆਂ ਦੀ ਸੂਚੀ ਸਰਪੰਚ ਨੂੰ ਦਿੱਤੀ ਗਈ ਸੀ, ਪਰ ਉਸ ਨੇ ਉਹ ਪਰਚੀ ਬਾਅਦ 'ਚ ਪਾੜ ਕੇ ਸੁੱਟ ਦਿੱਤੀ। ਨਸ਼ਾ ਪੀੜਤ ਪਰਿਵਾਰਾਂ ਦੀਆਂ ਇਹ ਗੱਲਾਂ ਸੁਣਦਿਆਂ ਮਾਹੌਲ ਬੇਹੱਦ ਭਾਵੁਕ ਹੋ ਗਿਆ। ਮਾਵਾਂ ਦੇ ਹੰਝੂ, ਟੁੱਟੇ ਪਰਿਵਾਰਾਂ ਦੀਆਂ ਕਹਾਣੀਆਂ, ਨਸ਼ਿਆਂ ਕਾਰਨ ਜਾਨਾਂ ਗੁਆ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਦੀ ਵਿਿਥਆ ਅਤੇ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੀਆਂ ਔਰਤਾਂ ਦਾ ਦਰਦ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੀ ਗੰਭੀਰਤਾ ਨੂੰ ਸਾਹਮਣੇ ਲੈ ਕੇ ਆਇਆ। ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਮਕਸਦ ਸਿਰਫ਼ ਨਸ਼ੇ ਖ਼ਿਲਾਫ਼ ਨਾਅਰੇ ਲਗਾਉਣਾ ਨਹੀਂ, ਸਗੋਂ ਪੀੜਤ ਪਰਿਵਾਰਾਂ ਦੀ ਆਵਾਜ਼ ਸਿੱਧੇ ਤੌਰ ’ਤੇ ਸੁਣ ਕੇ ਉਨ੍ਹਾਂ ਦੇ ਦਰਦ ਅਤੇ ਜ਼ਮੀਨੀ ਹਕੀਕਤ ਦੇ ਆਧਾਰ ’ਤੇ ਅਜਿਹਾ ਰੋਡਮੈਪ ਤਿਆਰ ਕਰਨਾ ਹੈ, ਜਿਸ ਨਾਲ ਨਸ਼ੇ ਅਤੇ ਇਸ ਨਾਲ ਜੁੜੇ ਅਪਰਾਧ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾ ਸਕਣ।