ਈਟੀਓ ਨੇ ਸਟੇਡੀਅਮ ਦਾ ਰੱਖਿਆ ਨਹੀਂਹ ਪੱਥਰ
ਚਾਰ ਪਿੰਡਾਂ ’ਚ 97.85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣਗੇ ਉੱਚ ਮਿਆਰੀ ਖੇਡ ਮੈਦਾਨ- ਹਰਭਜਨ ਸਿੰਘ ਈਟੀਓ
Publish Date: Sat, 17 Jan 2026 07:06 PM (IST)
Updated Date: Sun, 18 Jan 2026 04:16 AM (IST)

ਕਿਹਾ, ਚਾਰ ਪਿੰਡਾਂ ’ਚ 97.85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣਗੇ ਉੱਚ ਮਿਆਰੀ ਖੇਡ ਮੈਦਾਨ ਪੰਜਾਬੀ ਜਾਗਰਣ ਟੀਮ, ਜੰਡਿਆਲਾ ਗੁਰੂ : ਹਲਕਾ ਜੰਡਿਆਲਾ ਗੁਰੂ ਵਿਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਪਿੰਡਾਂ ਵਿੱਚ ਬੁਨਿਆਦੀ ਖੇਡ ਢਾਂਚਾ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤਹਿਤ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਮਿਤੀ 17 ਜਨਵਰੀ 2026 ਨੂੰ ਬਲਾਕ ਜੰਡਿਆਲਾ ਗੁਰੂ ਦੇ ਚਾਰ ਪਿੰਡਾਂ ਵਿੱਚ ਕੁੱਲ 97 ਲੱਖ 85 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਖੇਡ ਮੈਦਾਨਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੌਹਾਨ ਵਿਖੇ 32.06 ਲੱਖ ਰੁਪਏ, ਗ੍ਰਾਮ ਪੰਚਾਇਤ ਜਾਣੀਆਂ ਵਿਖੇ 24.11 ਲੱਖ ਰੁਪਏ, ਗ੍ਰਾਮ ਪੰਚਾਇਤ ਤਾਰਾਗੜ੍ਹ ਵਿਖੇ 23.52 ਲੱਖ ਰੁਪਏ ਅਤੇ ਗ੍ਰਾਮ ਪੰਚਾਇਤ ਬਾਲੀਆਂ ਮੰਝਪੁਰ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਇਨ੍ਹਾਂ ਖੇਡ ਮੈਦਾਨਾਂ ਵਿਚ ਫੈਂਸਿੰਗ, ਲੇਡੀਜ਼-ਜੈਂਟਸ ਬਾਥਰੂਮ, ਫੁੱਟ ਲਾਈਟਸ, ਹਾਈ ਮਾਸਟ ਲਾਈਟਸ, ਸਪ੍ਰਿੰਕਲਰ ਸਿਸਟਮ, ਵਾਲੀਬਾਲ ਕੋਰਟ ਅਤੇ ਫੁੱਟਬਾਲ ਗਰਾਊਂਡ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਤੇ ਸਿਹਤਮੰਦ ਜੀਵਨ ਵੱਲ ਮੋੜਨਾ ਹੈ। ਇਨ੍ਹਾਂ ਖੇਡ ਮੈਦਾਨਾਂ ਨਾਲ ਪਿੰਡਾਂ ਦੇ ਗੱਭਰੂਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮੌਕਾ ਮਿਲੇਗਾ ਤੇ ਹਲਕੇ ਵਿੱਚ ਖੇਡ ਸੱਭਿਆਚਾਰ ਨੂੰ ਨਵੀਂ ਦਿਸ਼ਾ ਮਿਲੇਗੀ।