ਜੀਐੱਨਡੀਯ ਨੇ ਅੰਮ੍ਰਿਤਸਰ ਦਾ 450 ਸਾਲਾ ਮਨਾਉਣ ਲਈ 13 ਨੁਕਾਤੀ ਪ੍ਰੋਗਰਾਮ ਉਲੀਕਿਆ : ਵੀਸੀ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : 2027 ਵਿਚ ਅੰਮ੍ਰਿਤਸਰ ਦਾ 450 ਸਾਲਾ ਸ਼ਤਾਬਦੀ ਦਿਨ ਮਨਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ-ਆਪਣੇ ਤੌਰ ‘ਤੇ ਐਲਾਨ ਕਰ ਚੁੱਕੀ ਹੈ।
Publish Date: Thu, 10 Sep 2026 06:53 PM (IST)
Updated Date: Thu, 10 Sep 2026 06:55 PM (IST)
ਅੰਮ੍ਰਿਤਸਰ ਦਾ 450 ਸਾਲਾ ਮਨਾਉਣ ਸਬੰਧੀ ਸਪੱਸ਼ਟਾ ਨਹੀਂ, 400 ਸਾਲਾ ਦੀ ਤਰਜ਼ ’ਤੇ ਮਨਾ ਰਹੇ ਅਰਧ ਸ਼ਤਾਬਦੀ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : 2027 ਵਿਚ ਅੰਮ੍ਰਿਤਸਰ ਦਾ 450 ਸਾਲਾ ਸ਼ਤਾਬਦੀ ਦਿਨ ਮਨਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ-ਆਪਣੇ ਤੌਰ ‘ਤੇ ਐਲਾਨ ਕਰ ਚੁੱਕੀ ਹੈ। ਜਿਸ ਦੇ ਫਲਸਰੂਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੀ 450 ਸਾਲਾ ਸ਼ਤਾਬਦੀ ਮਨਾਉਂਣ ਲਈ ਪਹਿਲ ਕਦਮੀ ਕੀਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਗਾਤਾਰ ਇਕ ਸਾਲ ਸ਼ਤਾਬਦੀ ਮਨਾਉਂਦੇ ਹੋਏ 13 ਨੁਕਾਤੀ ਪ੍ਰੋਗਰਾਮ ਉਲੀਕੇ ਗਏ ਹਨ, ਪਰ ਹੈਰਾਨੀ ਦੀ ਗੱਲ ਹੈ ਕਿ 50 ਸਾਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜ ਕਰਤਾ ਅੰਮ੍ਰਿਤਸਰ ਦੇ ਸਥਾਪਨਾ ਤੇ ਸੰਪੂਰਨਤਾ ਦਿਨ ਤੇ ਸਾਲ ਦੀਆਂ ਤਰੀਕਾਂ ਦੀ ਭਾਲ ਨਹੀਂ ਕਰ ਸਕੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਦੇ 450 ਸਾਲਾ ਸ਼ਤਾਬਦੀ ਨੂੰ ਮਨਾਉਂਣ ਲਈ ਉਲੀਕੇ ਗਏ 13 ਨੂੰ ਨੁਕਾਤੀ ਪ੍ਰੋਗਰਾਮ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਲਈ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਵੱਲੋਂ ਇਕ ਮਿਲਣੀ ਰੱਖੀ ਗਈ। ਇਸ ਵਿਚ ਉਨ੍ਹਾਂ ਨੇ ਇਸ ਸ਼ਤਾਬਦੀ ਨੂੰ ਮਨਾਉਂਣ ਲਈ 13 ਨੁਕਾਤੀ ਪ੍ਰੋਗਰਾਮ ਸਬੰਧੀ ਸੰਖੇਪ ਜਾਣਕਾਰੀ ਦਿੱਤੀ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਉਨ੍ਹਾਂ ਨੂੰ ਅੰਮ੍ਰਿਤਸਰ ਦਾ 450 ਸਾਲਾ ਸ਼ਤਾਬਦੀ ਮਨਾਉਂਣ ਲਈ ਅਧਿਕਾਰਤ ਦਿਨ ਪੁੱਛਿਆ ਗਿਆ ਤਾਂ ਉਨ੍ਹਾਂ ਪਾਸ ਇਸ ਦਾ ਕੋਈ ਸਾਰਥਕ ਜਵਾਬ ਨਹੀਂ ਸੀ। ਵੀਸੀ ਡਾ. ਕਰਮਜੀਤ ਸਿੰਘ ਸਪੱਸ਼ਟ ਨਹੀਂ ਕਰ ਸਕੇ ਕਿ ਅੰਮ੍ਰਿਤਸਰ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਾਂ ਸੰਪੂਰਨਤਾ ਦਿਵਸ ਮਨਾਇਆ ਜਾ ਰਿਹਾ ਹੈ, ਇਹ ਸ਼ਤਾਬਦੀ ਕਿਹੜੀ ਹੈ?। ਉਨ੍ਹਾਂ ਕਿਹਾ ਕਿ 1977 ਵਿਚ 400 ਸਾਲਾ ਅੰਮ੍ਰਿਤਸਰ ਦਾ ਮਨਾਇਆ ਗਿਆ ਸੀ, ਜਿਸ ਤਰਜ ‘ਤੇ 450 ਸਾਲਾ ਅਰਧ ਸ਼ਤਾਬਦੀ ਮਨਾਉਂਣ ਲਈ ਯੂਨੀਵਰਸਿਟੀ ਨੇ ਉਪਰਾਲਾ ਕੀਤਾ ਹੈ। ਇਹਨਾਂ ਪ੍ਰੋਗਰਾਮਾਂ ਨੂੰ ਉਲੀਕਨ ਵਿਚ ਸ਼ਾਮਲ ਯੂਨੀਵਰਸਟੀ ਦੇ ਡਾ. ਅਮਰਜੀਤ ਸਿੰਘ ਡਾਇਰੈਕਟਰ ਸਿੱਖ ਚੇਅਰ ਨੇ ਵੀ ਸਪੱਸ਼ਟ ਤੌਰ ‘ਤੇ ਨਾ ਤਾਂ ਕਿਸੇ ਸੰਨ ਅਤੇ ਨਾ ਹੀ ਕਿਸੇ ਦਿਨ ਵਾਰ ਨੂੰ ਸਾਰਥਕ ਤੌਰ ‘ਤੇ ਇਸ ਦਿਨ ਲਈ ਨਿਰਧਾਰਤ ਕਰਨ ਸਬੰਧੀ ਜਵਾਬ ਦਿੱਤਾ। ਵੀਸੀ ਵੱਲੋਂ 450 ਸਾਲਾ ਸ਼ਤਾਬਦੀ ਨੂੰ ਮਨਾਉਂਣ ਲਈ ਆਪਣੇ 13 ਨੁਕਾਤੀ ਪ੍ਰੋਗਰਾਮ ਸਬੰਧੀ ਮੀਡੀਆ ਨੂੰ ਜਾਣਕਾਰੀ ਦੇ ਕੇ ਗੱਲ ਖਤਮ ਕੀਤੀ। ਇਸ ਮੌਕੇ ਪ੍ਰੋ. ਐਚਐਸ ਸੈਣੀ ਡੀਨ ਅਕਾਦਮਿਕ ਮਾਮਲੇ, ਪ੍ਰੋ. ਕੇਐਸ ਚਾਹਲ ਰਜਿਸਟਰਾਰ, ਪ੍ਰੋ. ਸਤਨਾਮ ਸਿੰਘ ਦਿਓਲ ਡੀਨ ਵਿਿਦਆਰਥੀ ਭਲਾਈ, ਪ੍ਰੋ. ਵਸੁਧਾ ਸਾਂਬਿਆਲ ਡਿਪਟੀ ਕੋਆਰਡੀਨੇਟਰ, ਪ੍ਰੋ. ਰਵਿੰਦਰ ਕੁਮਾਰ, ਪ੍ਰੋਫੈਸਰ ਇੰਚਾਰਜ ਲੋਕ ਸੰਪਰਕ ਆਦਿ ਮੌਜੂਦ ਸਨ। ਇਤਿਹਾਸਕ ਪੱਖ ਲਿਖਤਾਂ ਰਾਹੀਂ ਕਿਹੜੀ ਹੈ ਤਰੀਕ? ਅੰਮ੍ਰਿਤਸਰ ਦੀ ਸਥਾਪਨਾ ਤੇ ਸੰਪੂਰਨਤਾ ਸਬੰਧੀ ਵੱਖ-ਵੱਖ ਖੋਜ ਕਰਤਾ ਅਤੇ ਕਿਤਾਬਾਂ ਵਿਚ ਵੱਖ-ਵੱਖ ਹਵਾਲਿਆਂ ਰਾਹੀਂ ਸੰਨ ਅਤੇ ਤਰੀਕਾਂ ਦੱਸੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਕ੍ਰਿਪਾਲ ਸਿੰਘ ਨੇ ਵੀ ਆਪਣੀ ਕਿਤਾਬ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਵਿਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਕਈ ਹਵਾਲੇ ਦਿੱਤੇ ਹਨ ਜੋ ਆਪਸ ਵਿਚ ਮੇਲ ਨਹੀਂ ਖਾਂਦੇ। ਇਤਿਹਾਸ ਅਨੁਸਾਰ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਵਸਾਉਂਣ ਲਈ ਕਿਹਾ ਤਾਂ ਗੁਰੂ ਕੇ ਮਹਿਲ ਵਿਖੇ 1570 ਈਸਵੀਂ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਮੋਹੜੀ ਗੱਡੀ ਸੀ, ਜੋ ਅੰਮ੍ਰਿਤਸਰ ਦਾ ਪਹਿਲਾ ਘਰ ਸੀ। ਇਕ ਇਤਿਹਾਸਕ ਪੱਖ ਇਹ ਵੀ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ 1574 ਈਸਵੀਂ ਵਿਚ ਜੋਤੀ ਜੋਤ ਸਮਾ ਜਾਂਦੇ ਹਨ। ਅੰਮ੍ਰਿਤਸਰ ਦੀ ਸਥਾਪਨਾ ਲਈ ਖੋਜ ਕਰਤਾ ਇਤਿਹਾਸਕ ਹਵਾਲਿਆਂ ਰਾਹੀਂ ਲਿਖਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ 1570 ਈਸਵੀਂ ਵਿਚ ‘ਗੁਰੂ ਕਾ ਚੱਕ’ ਲਈ ਪਿੰਡ ਤੁੰਗ, ਗੁਮਟਾਲਾ, ਗੁਰੂਵਾਲੀ ਤੇ ਸੁਲਤਾਨਵਿੰਡ ਦੀ ਜਮੀਨ ਖ੍ਰੀਦ ਕੀਤੀ ਸੀ। ਕਈ ਕਿਤਾਬਾਂ ਵਿਚ ਇਤਿਹਾਸਕਾਰਾਂ ਵੱਲੋਂ ਹਵਾਲੇ 1564 ਈਸਵੀਂ ਵੀ ਦਿੱਤਾ ਹੈ। ਪਰ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਤੇ ਜੀਐਨਡੀਯੂ ਇਸ ‘ਤੇ ਸਪੱਸ਼ਟ ਨਹੀਂ ਹੈ। ਲਕੀਰ ਦੇ ਫਕੀਰ ਵਾਂਗ 1977 ਨੂੰ ਜਿਵੇਂ 400 ਸਾਲਾ ਮਨਾਇਆ ਗਿਆ, ਇਸ ਵਾਰ 2027 ਵਿਚ 450 ਸਾਲਾ ਮਨਾਉਂਣ ਦੀਆਂ ਤਿਆਰੀਆਂ ਕਰ ਰਹੇ ਹਨ, ਪਰ ਤਰੀਖ ਤੇ ਮਹੀਨਾ ਕਹਿੜਾ ਹੈ ਅਜੇ ਤੱਕ ਕੋਈ ਪਤਾ ਨਹੀਂ। ਇਕ ਇਤਿਹਾਸਕ ਹਵਾਲਾ ਕੇਸਰ ਸਿੰਘ ਦੀ ਕਿਤਾਬ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਦਾ’ ਵਿਚ 1577 ਈਸਵੀਂ ਨੂੰ ਅੰਮ੍ਰਿਤ ਸਰੋਵਰ ਤੇ ਅੰਮ੍ਰਿਤਸਰ ਦੀ ਸੰਪੂਰਨਤਾ ਦਾ ਹਵਾਲਾ ਦਿੱਤਾ ਹੈ। ਅੰਮ੍ਰਿਤਸਰ ਨੂੰ ਵਸਾਉਂਣ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ 52 ਕਾਰੋਬਾਰੀ ਕਿਤੇ ਸਥਾਪਿਤ ਕਰਵਾਏ ਅਤੇ ਬਿਨ੍ਹਾਂ ਜਾਤ-ਪਾਤ ਅਤੇ ਊਚ ਨੀਚ ਦੇ ਭੇਦਭਾਵ ਤੋਂ ਸ਼ਹਿਰ ਵਸਾਇਆ ਜਿਸ ਵਿਚ ਵੱਖ-ਵੱਖ ਧਰਮਾਂ ਤੇ ਜਾਤ-ਪਾਤ ਦੇ ਲੋਕ ਆ ਕੇ ਵਸੇ ਸਨ। ਯੂਨੀਵਰਸਿਟੀ ਵੱਲੋਂ ਉਲੀਕੇ 13 ਨੁਕਾਤੀ ਪ੍ਰੋਗਰਾਮ ਵੀਸੀ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਉਦੇਸ਼ ਇਸ ਸਮਾਗਮ ਨੂੰ ਲੋਕ-ਭਾਗੀਦਾਰੀ ਵਾਲਾ, ਬੌਧਿਕ ਪੱਖੋਂ ਸਾਰਥਕ, ਅੰਤਰਰਾਸ਼ਟਰੀ ਪੱਧਰ ’ਤੇ ਦ੍ਰਿਸ਼ਮਾਨ ਅਤੇ 2027 ਤੋਂ ਬਾਅਦ ਵੀ ਸਥਾਈ ਵਿਰਾਸਤ ਛੱਡਣ ਦੇ ਸਮਰੱਥ ਬਣਾਉਂਣਾ ਹੈ। ਪ੍ਰੋ. ਕਰਮਜੀਤ ਸਿੰਘ ਨੇ ਕਿਹਾ “ਸਾਡਾ ਯਤਨ ਹੈ ਕਿ 450ਵੀਂ ਵਰ੍ਹੇਗੰਢ ਦੇ ਸਮਾਪਤ ਹੋਣ ’ਤੇ ਸਾਡੇ ਪਿੱਛੇ ਕੇਵਲ ਸਮਾਗਮਾਂ ਦੀਆਂ ਯਾਦਾਂ ਹੀ ਨਾ ਰਹਿ ਜਾਣ। ਇਹ ਗਿਆਨ, ਪੁਰਾਲੇਖ, ਸੱਭਿਆਚਾਰਕ ਸਰੋਤ, ਵਾਤਾਵਰਣ ਸਬੰਧੀ ਮਾਡਲ, ਅਗਲੇ 25 ਸਾਲਾਂ ਲਈ ਇਕ ਦ੍ਰਿਸ਼ਟੀ ਅਤੇ ਸਭ ਤੋਂ ਵੱਧ ਅੰਮ੍ਰਿਤਸਰ ਵੱਲੋਂ ਦੁਨੀਆ ਨੂੰ ਇਕ ਸੰਦੇਸ਼ ਛੱਡ ਕੇ ਜਾਵੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ 450 ਸ਼ਤਾਬਦੀ ਨੂੰ ਮਨਾਉਂਣ ਲਈ 13 ਨੁਕਾਤੀ ਕਾਰਜ-ਏਜੰਡੇ ਸ਼ਾਮਲ ਹਨ। 1. ਅੰਮ੍ਰਿਤਸਰ 450 ਗਲੋਬਲ ਕਨਕਲੇਵ, 2. ਅੰਮ੍ਰਿਤਸਰ 2052- 25 ਸਾਲਾ ਦ੍ਰਿਸ਼ਟੀ ਦਸਤਾਵੇਜ਼, 3. ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ- “ਅੰਮ੍ਰਿਤਸਰ: ਦੁਨੀਆ ਲਈ ਇਕ ਸ਼ਹਿਰ”, 4. “ਅੰਮ੍ਰਿਤਸਰ ਦੀਆਂ 450 ਆਵਾਜ਼ਾਂ” — ਮੌਖਿਕ ਇਤਿਹਾਸ ਪ੍ਰੋਜੈਕਟ, 5. ਹਰਾ-ਭਰਾ ਅਤੇ ਸਾਫ਼-ਸੁਥਰਾ ਅੰਮ੍ਰਿਤਸਰ- ਮਾਡਲ ਪ੍ਰੋਜੈਕਟ, 6. ਸੱਭਿਆਚਾਰਕ ਵਿਰਾਸਤ ਪ੍ਰੋਗਰਾਮ — ਲਾਈਟ ਐਂਡ ਸਾਊਂਡ, ਪ੍ਰਦਰਸ਼ਨੀਆਂ ਅਤੇ ਵਿਰਾਸਤੀ ਅਨੁਭਵ, 7. ਪੁਸਤਕ ਪ੍ਰਕਾਸ਼ਨ - “450 ਸਾਲਾਂ ਦਾ ਅੰਮ੍ਰਿਤਸਰ”, 8. ਗਲੋਬਲ ਅੰਮ੍ਰਿਤਸਰ ਸੰਵਾਦ - 12 ਗੱਲਬਾਤਾਂ, 12 ਵਿਚਾਰ, 9. ਵਿਰਾਸਤੀ ਸੈਰ -ਅੰਮ੍ਰਿਤਸਰ ਦਾ ਪੁਰਾਣਾ ਸ਼ਹਿਰ, 10. ਭੋਜਨ ਅਤੇ ਸੱਭਿਆਚਾਰਕ ਮੇਲਾ, 11. ਅੰਮ੍ਰਿਤਸਰ 450 ਪੁਸਤਕ ਮੇਲਾ ਅਤੇ ਦੁਰਲੱਭ ਪੁਸਤਕਾਂ, ਚਿੱਤਰਾਂ ਅਤੇ ਪਾਂਡੁਲਿਪੀਆਂ ਦੀ ਪ੍ਰਦਰਸ਼ਨੀ, 12. ਕਵੀ ਦਰਬਾਰ, ਰਾਗ ਦਰਬਾਰ ਅਤੇ ਢਾਡੀ ਦਰਬਾਰ, 13. ਅੰਮ੍ਰਿਤਸਰ ਘੋਸ਼ਣਾ - ਵਿਸ਼ਵ ਪੱਧਰੀ ਯੁੱਗ ਲਈ ਸਰਬੱਤ ਦਾ ਭਲਾ। ਕੈਪਸ਼ਨ: ਗੱਲਬਾਤ ਕਰਦੇ ਹੋਏ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਤੇ ਹੋਰ।