- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਨਿਗਮ ਦੀ ਸ਼ਹਿਰ ਦੀਆਂ ਚਾਰ ਲੱਖ ਜਾਇਦਾਦਾਂ ਦਾ ਜਿਓਗ੍ਰਾਫਿਕਲ ਇਨਫਰਮੇਸ਼ਨ ਸਿਸਟਮ (ਜੀਆਈਐਸ) ਸਰਵੇ ਕਰਨ ਦੀ ਯੋਜਨਾ ਅੱਧ

ਸ਼ਹਿਰ ਦੀਆਂ ਚਾਰ ਲੱਖ ਜਾਇਦਾਦਾਂ ਵਿੱਚੋਂ ਅਜੇ ਤੱਕ 2.11 ਲੱਖ ਦਾ ਹੀ ਡੋਰ ਟੂ ਡੋਰ ਸਰਵੇ ਹੋਇਆ, 85 ਵਿੱਚੋਂ 9 ਵਾਰਡਾਂ ਦਾ ਹੀ ਡਾਟਾ ਸਬਮਿਟ ਹੋਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਨਗਰ ਨਿਗਮ ਦੀ ਸ਼ਹਿਰ ਦੀਆਂ ਚਾਰ ਲੱਖ ਜਾਇਦਾਦਾਂ ਦਾ ਜਿਓਗ੍ਰਾਫਿਕਲ ਇਨਫਰਮੇਸ਼ਨ ਸਿਸਟਮ (ਜੀਆਈਐਸ) ਸਰਵੇ ਕਰਨ ਦੀ ਯੋਜਨਾ ਅੱਧ ਵਿਚ ਲਟਕੀ ਹੋਈ ਹੈ। ਇਸ ਵਿਚ ਨਿਰਧਾਰਤ ਸਮਾਂ-ਸੀਮਾ ਬੀਤੇ 9 ਮਹੀਨੇ ਗੁਜ਼ਰ ਚੁੱਕੇ ਹਨ, ਪਰ ਅਜੇ ਤੱਕ ਸਰਵੇ ਸਿਰੇ ਨਹੀਂ ਚੜ੍ਹ ਸਕਿਆ ਹੈ। ਇਸ ਵਿਚ 4 ਲੱਖ ਜਾਇਦਾਦ ਵਿੱਚੋਂ ਸਿਰਫ਼ 2.11 ਲੱਖ ਜਾਇਦਾਦ ਦਾ ਹੀ ਡੋਰ ਟੂ ਡੋਰ ਸਰਵੇ ਹੋ ਸਕਿਆ ਹੈ। ਉੱਥੇ ਹੀ ਸ਼ਹਿਰ ਦੇ 85 ਵਾਰਡਾਂ ਵਿੱਚੋਂ ਮਾਤਰ 9 ਵਾਰਡਾਂ ਦਾ ਡਾਟਾ ਹੀ ਸਬਮਿਟ ਕੀਤਾ ਗਿਆ ਹੈ। ਇਹ ਸਰਵੇ 6 ਮਹੀਨੇ ਵਿਚ ਯਾਨੀ ਕਿ ਮਾਰਚ 2026 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਦਿੱਤਾ ਗਿਆ ਸੀ। ਇਸ ਵਿਚ ਕੰਪਨੀ ਨੇ ਕੁਝ ਕਾਰਨਾਂ ਦਾ ਹਵਾਲਾ ਦਿੰਦਿਆਂ ਐਕਸਟੈਂਸ਼ਨ ਮੰਗੀ ਸੀ, ਪਰ ਅਜੇ ਤੱਕ ਐਕਸਟੈਂਸ਼ਨ ਦੇਣ 'ਤੇ ਕੋਈ ਫ਼ੈਸਲਾ ਨਹੀਂ ਹੋਇਆ ਹੈ।
6 ਵਾਰਡਾਂ ’ਚ ਚੱਲ ਰਿਹਾ ਸਰਵੇ
ਨਿਗਮ ਅਨੁਸਾਰ ਵਰਤਮਾਨ ਵਿਚ ਸ਼ਹਿਰ ਦੇ ਅੰਦਰ 6 ਵਾਰਡਾਂ ਵਿੱਚ ਡੋਰ ਟੂ ਡੋਰ ਸਰਵੇ ਚੱਲ ਰਿਹਾ ਹੈ। ਇਸ ਵਿਚ ਵਾਰਡ ਨੰਬਰ 27, 45, 49, 52, 58 ਅਤੇ 85 ਵਿਚ ਕੰਪਨੀ ਦੀਆਂ ਟੀਮਾਂ ਸਰਵੇ ਕਰ ਰਹੀਆਂ ਹਨ। ਉੱਥੇ ਹੀ ਸ਼ਹਿਰ ਦੇ 85 ਵਾਰਡਾਂ ਦੀ ਗੱਲ ਕਰੀਏ ਤਾਂ ਅਜੇ ਤੱਕ 9 ਵਾਰਡਾਂ ਦਾ ਹੀ ਡਾਟਾ ਜਮ੍ਹਾਂ ਕਰਵਾਇਆ ਗਿਆ ਹੈ। ਇਸ ਵਿਚ ਵਾਰਡ ਨੰਬਰ 4, 8, 9, 12, 13, 14, 25, 31 ਅਤੇ 32 ਦਾ ਡਾਟਾ ਨਿਗਮ ਨੂੰ ਜਮ੍ਹਾਂ ਕਰਵਾਇਆ ਗਿਆ ਸੀ। ਨਿਗਮ ਵੱਲੋਂ 10 ਫ਼ੀਸਦੀ ਜਾਇਦਾਦ ਦਾ ਡਾਟਾ ਕਰਾਸ ਚੈੱਕ ਕੀਤਾ ਜਾ ਰਿਹਾ ਹੈ। ਇਸ ਵਿਚ ਕੁਝ ਜਾਇਦਾਦਾਂ ਦੇ ਡਾਟੇ ਵਿਚ ਅਸਮਾਨਤਾ ਪਾਈ ਗਈ ਹੈ। ਇਸ ਵਿੱਚ ਸਾਰੀਆਂ ਮੰਜ਼ਿਲਾਂ ਦੀ ਫੋਟੋ ਨਾ ਹੋਣਾ, ਪੂਰੀ ਮੰਜ਼ਿਲ ਜਾਂ ਏਰੀਆ ਕਵਰਡ ਜਾਂ ਅਨਕਵਰਡ, ਪ੍ਰਾਪਰਟੀ ਰਿਹਾਇਸ਼ੀ ਜਾਂ ਵਪਾਰਕ ਹੋਣ ਨੂੰ ਲੈ ਕੇ ਗਲਤੀਆਂ ਪਾਈਆਂ ਗਈਆਂ ਹਨ। ਜਿਸ ਤੋਂ ਬਾਅਦ ਨਿਗਮ ਨੇ ਕੰਪਨੀ ਨੂੰ ਦੁਬਾਰਾ ਤੋਂ ਸਬੰਧਤ ਜਾਇਦਾਦਾਂ ਦਾ ਡਾਟਾ ਠੀਕ ਕਰਕੇ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਜੀਆਈਐਸ ਸਰਵੇ ਨਾਲ ਨਿਗਮ ਦੀ ਆਮਦਨ ਵਧਣੀ ਸੀ
ਜੀਆਈਐਸ ਸਰਵੇ ਦਾ ਮਕਸਦ ਸ਼ਹਿਰ ਦੀ ਹਰ ਜਾਇਦਾਦ ਦਾ ਪੂਰਾ ਵੇਰਵਾ ਇਕੱਠਾ ਕਰਨਾ ਸੀ। ਇਸ ਨਾਲ ਨਿਗਮ ਕੋਲ ਹਰ ਪ੍ਰਾਪਰਟੀ ਦਾ ਡਾਟਾ ਇਕੱਠਾ ਹੋਣਾ ਹੈ। ਜਿਸ ਵਿਚ ਨਿਗਮ ਦੇ ਦਫ਼ਤਰ ਵਿੱਚ ਬੈਠੇ ਹੀ ਕਿਸੇ ਵੀ ਪ੍ਰਾਪਰਟੀ ਦੇ ਫਲੋਰ, ਉਸ ਦੇ ਰਿਹਾਇਸ਼ੀ ਜਾਂ ਕਮਰਸ਼ੀਅਲ ਹੋਣ ਸਮੇਤ ਹੋਰ ਡਿਟੇਲ ਦਾ ਪਤਾ ਲੱਗ ਸਕੇਗਾ। ਇਸ ਵਿੱਚ ਸਰਵੇ ਪੂਰਾ ਹੋਣ 'ਤੇ ਨਿਗਮ ਦੇ ਪ੍ਰਾਪਰਟੀ ਟੈਕਸ, ਲਾਇਸੈਂਸ, ਪਾਣੀ-ਸੀਵਰੇਜ ਸਮੇਤ ਹੋਰ ਵਿਭਾਗਾਂ ਦੀ ਆਮਦਨ ਵਧਣ ਦੀ ਉਮੀਦ ਜਤਾਈ ਗਈ ਸੀ। ਵਰਤਮਾਨ ਵਿੱਚ ਕੰਪਨੀ ਨੇ ਅਜੇ ਤੱਕ ਵਾਲਡ ਸਿਟੀ ਵਿੱਚ ਲਿਡਾਰ ਸਰਵੇ ਅਤੇ ਸ਼ਹਿਰ ਵਿੱਚ ਡਰੋਨ ਸਰਵੇ ਦਾ ਕੰਮ ਹੀ ਪੂਰਾ ਕੀਤਾ ਹੈ।
ਪੱਛਮੀ ਬੰਗਾਲ ਦੀ ਕੰਪਨੀ ਨੂੰ ਮਿਲਿਆ ਹੋਇਆ ਠੇਕਾ
ਚੰਡੀਗੜ੍ਹ ਪੱਧਰ ਤੋਂ ਹੋ ਰਹੀ ਮਾਨੀਟਰਿੰਗ ਵਿੱਚ ਪੱਛਮੀ ਬੰਗਾਲ ਦੀ ਸਾਈਬਰ ਸਵਿਫਟ ਕੰਪਨੀ ਨੂੰ ਜੀਆਈਐਸ ਸਰਵੇ ਦਾ ਠੇਕਾ ਦਿੱਤਾ ਗਿਆ ਸੀ। ਜਿਸ ਵਿੱਚ ਕੰਪਨੀ ਨੂੰ 4.05 ਕਰੋੜ ਵਿੱਚ ਸਰਵੇ ਦਾ ਕੰਮ ਅਲਾਟ ਹੋਇਆ ਸੀ। ਇਸ ਕੰਮ ਨੂੰ ਕਰੀਬ 6 ਮਹੀਨੇ ਵਿੱਚ ਪੂਰਾ ਕਰਨਾ ਸੀ। ਇਸ ਵਿੱਚ ਸ਼ਹਿਰ ਦੇ 145 ਵਰਗ ਕਿ.ਮੀ. ਏਰੀਆ ਦਾ ਸਰਵੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਵਾਲਡ ਸਿਟੀ ਦੇ 4.5 ਕਿਲੋਮੀਟਰ ਦੇ ਏਰੀਆ ਵਿੱਚ ਆਧੁਨਿਕ ਤਕਨੀਕ ਵਾਲਾ ਲਿਡਾਰ (ਥ੍ਰੀ ਡੀ) ਸਰਵੇ ਪੂਰਾ ਕਰ ਲਿਆ ਗਿਆ ਹੈ। ਸਰਵੇ ਵਿੱਚ ਕੰਪਨੀ ਨੇ ਰਿਹਾਇਸ਼ੀ, ਵਪਾਰਕ, ਉਦਯੋਗਿਕ ਯੂਨਿਟਾਂ, ਖਾਲੀ ਪਲਾਟਾਂ, ਸਰਕਾਰੀ ਜਾਇਦਾਦ, ਹੈਲਥ ਸੈਂਟਰ, ਇਤਿਹਾਸਕ ਸਮਾਰਕਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਸਟਰੀਟ ਲਾਈਟਸ ਪੁਆਇੰਟ, ਪਾਰਕਿੰਗ ਏਰੀਆ ਦੀ ਡਿਜੀਟਲ ਮੈਪਿੰਗ ਮਾਰਕਿੰਗ ਕਰਨੀ ਹੈ। ਇਸ ਤੋਂ ਇਲਾਵਾ ਡੋਰ ਟੂ ਡੋਰ ਸਰਵੇ ਕਰਕੇ ਹਰ ਪ੍ਰਾਪਰਟੀ ਦੇ ਮਾਲਕ, ਕੁੱਲ ਏਰੀਆ-ਫਲੋਰ-ਫਲੋਰ ਵਾਈਜ਼ ਭਰੇ ਗਏ ਟੈਕਸ ਤੇ ਹੋਰ ਜਾਣਕਾਰੀ ਜੁਟਾਉਣੀ ਜਾਣੀ ਹੈ।
ਜੀਆਈਐਸ ਸਰਵੇ ਅਹਿਮ ਪ੍ਰੋਜੈਕਟ, ਮਾਨੀਟਰਿੰਗ ਕਰਾਂਗੇ : ਮੇਅਰ
ਜਤਿੰਦਰ ਸਿੰਘ ਮੋਤੀ ਭਾਟੀਆ, ਮੇਅਰ ਨੇ ਕਿਹਾ ਕਿ ਜੀਆਈਐਸ ਸਰਵੇ ਸ਼ਹਿਰ ਲਈ ਅਹਿਮ ਪ੍ਰੋਜੈਕਟ ਹੈ। ਇਸ ਨਾਲ ਨਾ ਸਿਰਫ਼ ਨਿਗਮ ਦਾ ਰੈਵੇਨਿਊ ਵਧੇਗਾ, ਉੱਥੇ ਹੀ ਸਾਰੀਆਂ ਜਾਇਦਾਦਾਂ ਦਾ ਵੇਰਵਾ ਆਉਣ ਨਾਲ ਸ਼ਹਿਰ ਦੀਆਂ ਜ਼ਰੂਰਤਾਂ ਬਾਰੇ ਵੀ ਪਤਾ ਚੱਲਣ ਵਿੱਚ ਆਸਾਨੀ ਰਹੇਗੀ। ਇਸ ਵਿੱਚ ਚੰਡੀਗੜ੍ਹ ਪੱਧਰ 'ਤੇ ਵੀ ਗੱਲ ਕੀਤੀ ਜਾਵੇਗੀ ਅਤੇ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਲਈ ਮਾਨੀਟਰਿੰਗ ਕਰਾਂਗੇ।