ਗੱਤਕਾ ਸਾਡੇ ਗੁਰੂਆਂ ਵੱਲੋਂ ਬਖਸ਼ੀ ਇਕ ਵਿਲੱਖਣ ਕਲਾ : ਜੀਤ ਸਲੂਜਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੱਤਕਾ ਅਖਾੜਾ ਸਕੱਤਰੀ ਬਾਗ ਚਾਟੀਵਿੰਡ ਚੌਂਕ ਵਿਖੇ ਉਸਤਾਦ ਬਾਬਾ ਦਲੇਰ ਸਿੰਘ ਗਤਕਾ ਮਾਸਟਰ ਦੀ ਅਗਵਾਈ ਵਿਚ ‘ਸਲਾਨਾ ਨੈਸ਼ਨਲ ਗਤਕਾ ਕੱਪ ਪੰਜਾਬ’ ਕਰਵਾਇਆ
Publish Date: Mon, 28 Sep 2026 06:27 PM (IST)
Updated Date: Mon, 28 Sep 2026 06:30 PM (IST)
ਸਾਲਾਨਾ ਨੈਸ਼ਨਲ ਗੱਤਕਾ ਕੱਪ ਪੰਜਾਬ ਕਰਵਾਇਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੱਤਕਾ ਅਖਾੜਾ ਸਕੱਤਰੀ ਬਾਗ ਚਾਟੀਵਿੰਡ ਚੌਂਕ ਵਿਖੇ ਉਸਤਾਦ ਬਾਬਾ ਦਲੇਰ ਸਿੰਘ ਗਤਕਾ ਮਾਸਟਰ ਦੀ ਅਗਵਾਈ ਵਿਚ ‘ਸਲਾਨਾ ਨੈਸ਼ਨਲ ਗਤਕਾ ਕੱਪ ਪੰਜਾਬ’ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਗਤਕਾ ਪਾਰਟੀਆਂ ਨੇ ਪਹੁੰਚ ਕੇ ਆਪਣੀ ਕਲਾ ਦੇ ਕਰਤੱਬ ਦਿਖਾਏ। ਇਸ ਦੌਰਾਨ ਉਸਤਾਦ ਹਰਬੰਸ ਸਿੰਘ, ਉਸਤਾਦ ਸੰਤੋਖ ਸਿੰਘ ਅਕਾਲੀ, ਉਸਤਾਦ ਪਰਵਿੰਦਰ ਸਿੰਘ ਮਿੰਟੂ ਅਤੇ ਰਾਈਜਿੰਗ ਸੰਨ ਦੇ ਐੱਮਡੀ ਤੇ ਸਮਾਜ ਸੇਵਕ ਜੀਤ ਸਲੂਜਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਜੀਤ ਸਲੂਜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਤਕਾ ਸਾਡੇ ਗੁਰੂਆਂ ਵਲੋਂ ਬਖਸ਼ੀ ਇਕ ਵਿਲੱਖਣ ਕਲਾ ਹੈ। ਗੱਤਕਾ ਕੇਵਲ ਇਕ ਖੇਡ ਜਾਂ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਇਹ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਉਹ ਯੁੱਧ ਕਲਾ ਹੈ ਜਿਸ ਨੇ ਪੰਜਾਬ ਦੀ ਹੀ ਨਹੀਂ ਬਲਕਿ ਸਮੁੱਚੀ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ ਰੱਖਿਆ ਕੀਤੀ ਹੈ। ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਸਾਰੀਆਂ ਨਵੀਆਂ ਖੇਡਾਂ ਨੇ ਜਨਮ ਲਿਆ ਅਤੇ ਬਹੁਤ ਸਾਰੀਆਂ ਪੁਰਾਤਨ ਖੇਡਾਂ ਨੇ ਵੀ ਵਿਕਾਸ ਕਰ ਕੇ ਇਕ ਨਵਾਂ ਮੁਕਾਮ ਹਾਸਲ ਕੀਤਾ। ਇਨ੍ਹਾਂ ਚੋਂ ਜੋ ਖੇਡ ਬਹੁਤ ਹੀ ਛੇਤੀ ਹਰਮਨਪਿਆਰੀ ਹੋ ਰਹੀ ਹੈ, ਉਹ ਹੈ ਗੱਤਕਾ। ਗੱਤਕਾ ਖੇਡ ਦਾ ਪਿਛੋਕੜ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ ਇਹ ਖੇਡ ਓਨੀ ਹੀ ਪੁਰਾਣੀ ਹੈ ਜਿੰਨਾ ਕਿ ਸਿੱਖ ਇਤਿਹਾਸ। ਜਦੋਂ ਅਸੀਂ ਗੱਤਕੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਰਵਾਇਤੀ ਬਾਣੇ ਵਿਚ ਸਜੇ ਸਿੰਘ ਘੋੜ ਸਵਾਰੀ ਕਰਦੇ, ਨੇਜਾਬਾਜ਼ੀ ਕਰਦੇ, ਤੀਰਅੰਦਾਜ਼ੀ ਕਰਦੇ, ਕਿੱਲਾ ਪੁੱਟਦੇ, ਢਾਲ ਕਿਰਪਾਨ ਨਾਲ ਵੱਖ-ਵੱਖ ਪੈਂਤੜਿਆਂ ਤੇ ਖੇਡਦਿਆਂ ਦਾ ਚਿੱਤਰ ਪੇਸ਼ ਹੋ ਜਾਂਦਾ ਹੈ ਪਰ ਅਸਲ ਵਿਚ ਗੱਤਕਾ ਸ਼ਬਦ ਤਿੰਨ ਹੱਥ ਲੰਮੇ ਡੰਡੇ (ਸੋਟੀ) ਲਈ ਵਰਤਿਆ ਜਾਂਦਾ ਸੀ। ਬਾਅਦ ਵਿਚ ਇਹ ਸ਼ਬਦ ਇੰਨਾ ਹਰਮਨਪਿਆਰਾ ਹੋਇਆ ਕਿ ਸਮੁੱਚੀ ਸਿੱਖ ਸ਼ਸਤਰ ਵਿੱਦਿਆ ਲਈ ਇਹ ਵਰਤਿਆ ਜਾਣ ਲੱਗਾ ਅਤੇ ਸਿੱਖ ਸ਼ਸਤਰ ਵਿੱਦਿਆ ਦੀਆਂ ਸਾਰੀਆਂ ਕਲਾਵਾਂ ਅੱਜ ਗੱਤਕਾ ਸ਼ਬਦ ਦੇ ਦਾਇਰੇ ਵਿਚ ਆਉਂਦੀਆਂ ਹਨ। ਅੰਤ ਵਿਚ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੁੱਖ ਪ੍ਰਬੰਧਕ ਉਸਤਾਦ ਬਾਬਾ ਦਲੇਰ ਸਿੰਘ ਵਲੋਂ ਜੀਤ ਸਲੂਜਾ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।