- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਸੋਮਵਾਰ ਦੁਪਹਿਰ ਥਾਣਾ ਸਿਵਲ ਲਾਈਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਕਾਂਗਰਸੀ ਬੋਲੇ, ਬੇਟੇ ’ਤੇ ਦਰਜ ਮਾਮਲੇ ’ਚ ਰਾਜਨੀਤਕ ਦਬਾਅ ’ਚ ਪਾਈ ਗ੍ਰਿਫਤਾਰੀ, ਕੌਂਸਲਰਾਂ ਨੂੰ ਧੱਕੇ ਮਾਰ ਬਾਹਰ ਕੱਢ ਥਾਣੇ ਦਾ ਗੇਟ ਕੀਤਾ ਬੰਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਸੋਮਵਾਰ ਦੁਪਹਿਰ ਥਾਣਾ ਸਿਵਲ ਲਾਈਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਦੇ ਵਿਰੋਧ 'ਚ ਕਾਂਗਰਸ ਕੌਂਸਲਰਾਂ ਅਤੇ ਹੋਰ ਵਰਕਰਾਂ ਨੇ ਥਾਣਾ ਸਿਵਲ ਲਾਈਨ ਦੇ ਬਾਹਰ ਧਰਨਾ ਦਿੱਤਾ। ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਬੱਸੀ ਨੂੰ ਉਸ ਦੇ ਬੇਟੇ 'ਤੇ ਦਰਜ ਧੋਖਾਧੜੀ ਮਾਮਲੇ ਦੇ ਸਬੰਧ 'ਚ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ। ਉਥੇ ਬੱਸੀ ਦੇ ਨਾਲ 5 ਕੌਂਸਲਰ ਵੀ ਥਾਣੇ ਗਏ ਸਨ। ਥਾਣੇ 'ਚ ਕਾਂਗਰਸੀ ਕੌਂਸਲਰਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਗੇਟ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੱਸੀ ਦੀ ਗ੍ਰਿਫਤਾਰੀ ਪਾ ਦਿੱਤੀ ਗਈ, ਜਿਸ ਦੇ ਵਿਰੋਧ 'ਚ ਕਾਂਗਰਸੀ ਦੁਪਹਿਰ 12.30 ਵਜੇ ਥਾਣੇ ਦੇ ਗੇਟ 'ਤੇ ਹੀ ਧਰਨੇ 'ਤੇ ਬੈਠ ਗਏ। ਦੁਪਹਿਰ ਸਾਢੇ ਤਿੰਨ ਵਜੇ ਧਰਨਾ ਖਤਮ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 22 ਸਤੰਬਰ ਦੀ ਰਾਤ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦਿਨੇਸ਼ ਬੱਸੀ ਦੇ ਬੇਟੇ ਵੰਸ਼ ਬੱਸੀ ਅਤੇ ਉਸ ਦੇ ਦੋਸਤ ਮਾਣਿਕ ਬਜਾਜ ਖਿਲਾਫ ਇਕ ਕਰੋੜ ਦੀ ਠੱਗੀ ਦੇ ਦੋਸ਼ 'ਚ ਕੇਸ ਦਰਜ ਕੀਤਾ ਸੀ। ਦੁਪਹਿਰ ਵੇਲੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਕੌਂਸਲਰ ਵਿਕਾਸ ਸੋਨੀ ਤੇ ਹੋਰਨਾਂ ਨੇ ਥਾਣੇ 'ਚ ਜਾ ਕੇ ਦਿਨੇਸ਼ ਬੱਸੀ ਨਾਲ ਮੁਲਾਕਾਤ ਵੀ ਕੀਤੀ। ਬੱਸੀ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਸਿਵਲ ਲਾਈਨ ਥਾਣਾ ਪਹੁੰਚੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੱਸੀ ਨੂੰ ਦੱਸਿਆ ਨਹੀਂ ਗਿਆ ਕਿ ਉਸ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਰਾਜਨੀਤੀ 'ਚ ਇੰਨੀ ਗਿਰਾਵਟ ਆ ਗਈ ਕਿ ਭਾਈਵਾਲਾਂ ਦੇ ਆਪਸੀ ਝਗੜੇ 'ਚ ਪਹਿਲਾਂ ਬੇਟੇ 'ਤੇ ਪਰਚਾ ਦਰਜ ਹੋਇਆ। ਇਸ ਤੋਂ ਬਾਅਦ ਬੱਸੀ ਦੀ ਵੀ ਉਸੇ ਕੇਸ 'ਚ ਗ੍ਰਿਫਤਾਰੀ ਪਾ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਕਾਂਗਰਸੀਆਂ 'ਤੇ ਪਰਚੇ ਦਰਜ ਕਰਨ ਲਈ ਬਹਾਨੇ ਲੱਭ ਰਹੀ ਹੈ। ਹਾਲ ਹੀ 'ਚ ਮਹਿਲਾ ਕਾਂਗਰਸ ਆਗੂ ਨਾਲ ਆਪਸੀ ਝਗੜੇ 'ਚ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੌਰਭ ਮਦਾਨ ਮਿੱਠੂ ਖਿਲਾਫ ਕੇਸ ਦਰਜ ਕੀਤਾ ਗਿਆ। ਇਸ 'ਚ ਆਪਸੀ ਰਾਜ਼ੀਨਾਮਾ ਹੋ ਜਾਣਾ ਸੀ, ਪਰ ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਕੇਸ ਦਰਜ ਕਰ ਦਿੱਤਾ। ਆਮ ਤੌਰ 'ਤੇ ਪੁਲਿਸ ਸ਼ਿਕਾਇਤ ਨੂੰ ਲੈ ਕੇ ਮਹੀਨਾ ਭਰ ਜਾਂਚ ਚੱਲਣ ਦਾ ਹਵਾਲਾ ਦਿੰਦੀ ਰਹਿੰਦੀ ਹੈ। ਬੱਸੀ ਵਾਲੇ ਮਾਮਲੇ 'ਚ ਡੀਜੀਪੀ ਵੱਲੋਂ ਜਾਂਚ ਵੀ ਲੱਗੀ ਹੋਈ ਹੈ।
ਕੌਂਸਲਰ ਬੋਲੇ, ਪੁਲਿਸ ਨੇ ਧੱਕੇ ਮਾਰ ਬਾਹਰ ਕੱਢਿਆ
ਕਾਂਗਰਸ ਕੌਂਸਲਰ ਸੁਜਿੰਦਰ ਬਿਡਲਾਨ, ਕੌਂਸਲਰ ਪਤੀ ਸਤੀਸ਼ ਬੱਲੂ, ਕੌਂਸਲਰ ਰਮਨ ਰੰਮੀ, ਕੌਂਸਲਰ ਪਤੀ ਰਾਜੀਵ ਛਾਬੜਾ ਨੇ ਕਿਹਾ ਕਿ ਦੁਪਹਿਰ ਕਰੀਬ 12.30 ਵਜੇ ਪੁਲਿਸ ਬੱਸੀ ਦੇ ਗੋਲਡਨ ਗੇਟ ਸਥਿਤ ਦਫਤਰ 'ਚ ਪਹੁੰਚੀ ਸੀ। ਉਥੇ ਕੇਸ 'ਚ ਪੁੱਛਗਿੱਛ ਨੂੰ ਲੈ ਕੇ ਨਾਲ ਚੱਲਣ ਲਈ ਕਿਹਾ। ਬੱਸੀ ਜਦੋਂ ਥਾਣੇ ਪਹੁੰਚੇ ਤਾਂ ਪੰਜ ਕੌਂਸਲਰ-ਕੌਂਸਲਰ ਪਤੀ ਵੀ ਨਾਲ ਆਏ ਸਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਕੌਂਸਲਰਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਥਾਣੇ ਦਾ ਗੇਟ ਵੀ ਬੰਦ ਕਰ ਦਿੱਤਾ ਗਿਆ। ਕਾਂਗਰਸੀਆਂ ਨੇ ਕਿਹਾ ਕਿ ਬੱਸੀ ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਲੜਣਾ ਚਾਹੁੰਦੇ ਹਨ, ਇਸ ਲਈ ਰਾਜਨੀਤਿਕ ਰੰਜਿਸ਼ 'ਚ ਉਨ੍ਹਾਂ ਨੂੰ ਫਸਾਇਆ ਗਿਆ ਹੈ। ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਸੀਨੀਅਰ ਕਾਂਗਰਸੀ ਬਲਬੀਰ ਬੱਬੀ ਪਹਿਲਵਾਨ, ਕੌਂਸਲਰ ਵਿਕਾਸ ਸੋਨੀ, ਪੰਕਜ ਚੌਹਾਨ, ਕੌਂਸਲਰ ਪਤੀ ਰਾਜੀਵ ਛਾਬੜਾ ਨੇ ਕਿਹਾ ਕਿ ਸਰਕਾਰ ਦੇ ਦੋ ਮਹੀਨੇ ਰਹਿ ਗਏ ਹਨ। ਪੁਲਿਸ ਵੱਲੋਂ ਝੂਠੇ ਕੇਸ ਦਰਜ ਹੋਣ ਨਾਲ ਕਾਂਗਰਸੀਆਂ ਦਾ ਹੌਂਸਲਾ ਡਿੱਗ ਨਹੀਂ ਸਕਦਾ। ਉਥੇ ਥਾਣੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ, ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਕਿੱਥੇ ਜਾਵੇਗਾ।
ਇਕ ਕਰੋੜ ਦੀ ਠੱਗੀ ’ਚ ਹੋਈ ਗ੍ਰਿਫਤਾਰੀ : ਏਡੀਸੀਪੀ
ਏਡੀਸੀਪੀ ਸ਼੍ਰੀਵਿਨੇਲਾ ਮੁਤਾਬਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਸਾਜ਼ਿਸ਼ ਰਚਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ 'ਚ ਪਹਿਲਾਂ ਧੋਖਾਧੜੀ ਦੀਆਂ ਧਾਰਾਵਾਂ 'ਚ ਉਨ੍ਹਾਂ ਦੇ ਬੇਟੇ ਅਤੇ ਉਸ ਦੇ ਸਹਿਯੋਗੀ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸੇ ਪੁਰਾਣੀ ਐਫਆਈਆਰ 'ਚ ਇਹ ਨਵੀਆਂ ਧਾਰਾਵਾਂ ਸ਼ਾਮਲ ਕੀਤੀਆਂ ਹਨ।