ਸਾਬਕਾ ਰਾਜਦੂਤ ਸਰਨਾ ਆਈਐੱਫਐੱਸ ਨੇ ਯੂਨੀਵਰਸਿਟੀ ਵਿਖੇ ਨਾਨਕ ਸਿੰਘ ਸੈਂਟਰ ਦਾ ਦੌਰਾ ਕੀਤਾ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਬਕਾ ਰਾਜਦੂਤ ਨਵਤੇਜ ਸਿੰਘ ਸਰਨਾ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ
Publish Date: Tue, 01 Sep 2026 05:01 PM (IST)
Updated Date: Tue, 01 Sep 2026 05:04 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਬਕਾ ਰਾਜਦੂਤ ਨਵਤੇਜ ਸਿੰਘ ਸਰਨਾ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਸ. ਨਾਨਕ ਸਿੰਘ ਸੈਂਟਰ ਦਾ ਦੌਰਾ ਕੀਤਾ। ਉਪ-ਕੁਲਪਤੀ ਪ੍ਰੋਫ਼ੈਸਰ (ਡਾ.) ਕਰਮਜੀਤ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਇਸ ਨਾਵਲਕਾਰ ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ, ਅਸਿਸਟੈਂਟ ਪ੍ਰੋਫ਼ੈਸਰ ,ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਮਹਿਮਾਨਾਂ ਦਾ ਨਾਨਕ ਸਿੰਘ ਦੀ ਗਲਪਕਾਰੀ: ਖੋਜ -ਦ੍ਰਿਸ਼ਟੀ (ਸੰਪਾ. ਡਾ. ਹਰਿੰਦਰ ਕੌਰ ਸੋਹਲ) ਪੁਸਤਕ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ। ਡਾ. ਸੋਹਲ ਨੇ ਦੱਸਿਆ ਨਵਤੇਜ ਸਿੰਘ ਸਰਨਾ 2002 ਤੋਂ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਵਿੱਚ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਰਹੇ ਹਨ। ਉਨ੍ਹਾਂ ਕਿਹਾ ਸਰਨਾ ਇਕ ਡਿਪਲੋਮੈਟ ਵਜੋਂ ਮਾਸਕੋ, ਵਾਰਸਾ, ਥਿੰਫੂ,ਜਨੇਵਾ, ਤਹਿਰਾਨ ਅਤੇ ਵਾਸ਼ਿੰਗਟਨ ਡੀਸੀ ਵਿੱਚ ਸੇਵਾ ਨਿਭਾ ਚੁੱਕੇ ਹਨ। ਲੇਖਕ ਦੇ ਤੌਰ ‘ਤੇ ਉਹ ਕਹਾਣੀਕਾਰ, ਨਾਵਲਕਾਰ ਅਤੇ ਪੁਸਤਕ ਸਮੀਖਿਅਕ ਹਨ। ਉਨ੍ਹਾਂ ਦਾ ਪਹਿਲਾ ਨਾਵਲ ਵੀ ਵਾਰ ਨਾਟ ਲਵਰ ਲਾਈਕ ਦੈਟ 2003 ਚ ਛਪਿਆ ਹੈ। ਨਵਤੇਜ ਸਿੰਘ ਨੇ ਨਾਵਲਕਾਰ ਨਾਨਕ ਸਿੰਘ ਸੈਂਟਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੀਆਂ ਰਚਨਾਵਾਂ ਨੂੰ ਸਾਂਭਣ ਦਾ ਇਹ ਇਕ ਸ਼ਲਾਘਾਯੋਗ ਯਤਨ ਹੈ। ਨਾਨਕ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਾਨਕ ਸਿੰਘ ਦੇ ਨਾਵਲਾਂ ਦਾ ਕੇਂਦਰ ਬਿੰਦੂ ਮਨੁੱਖੀ ਜੀਵਨ ਹੈ। ਉਹ ਧਰਮ, ਜਾਤ-ਪਾਤ, ਅਮੀਰੀ-ਗਰੀਬੀ ਤੇ ਸਮਾਜਿਕ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖੀ ਮੁੱਲਾਂ, ਪਿਆਰ, ਦਇਆ, ਸਹਾਨਭੂਤੀ ਅਤੇ ਨੈਤਿਕਤਾ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਹਨ। ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਲਈ ਹਮੇਸ਼ਾ ਪ੍ਰਤੀਬੱਧ ਹੈ। ਉਨ੍ਹਾਂ ਇਸ ਸੈਂਟਰ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਲਈ ਉਪ ਕੁਲਪਤੀ ਪ੍ਰੋ. ਡਾ.ਕਰਮਜੀਤ ਸਿੰਘ ਦੀ ਪ੍ਰਸੰਸਾ ਕੀਤੀ। ਇਸ ਮੌਕੇ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ (ਅੰਬੈਸਡਰ ਆ਼ਫ਼ ਇੰਡੀਆ ਟੂ ਯੂਨਾਈਟਿਡ ਅਰਬ ਅਮੈਰੀਟਸ) ਨੇ ਇਸ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੈਂਟਰ ਦੀ ਸਥਾਪਤੀ ਰਾਹੀਂ ਸ. ਨਾਨਕ ਸਿੰਘ ਦੀਆਂ ਪੁਰਾਣੀਆਂ ਤੇ ਅਣਮੁੱਲੀਆਂ ਕਿਰਤਾਂ ਨੂੰ ਸਾਂਭਿਆ ਗਿਆ ਹੈ। ਉਨ੍ਹਾਂ ਕਿਹਾ ਨਾਵਲਕਾਰ ਨਾਨਕ ਸਿੰਘ ਹੁਰਾਂ ਦੀ ਸਾਹਿਤਕ ਵਿਰਾਸਤ ਨੂੰ ਸਾਂਭਣ ਦੇ ਪਰਿਵਾਰ ਵੱਲੋਂ ਕੀਤੇ ਗਏ ਇਸ ਯਤਨ ਨੂੰ ਯਕੀਨੀ ਬਣਾਉਣ ਵਿਚ ਉਪ-ਕੁਲਪਤੀ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੀ ਸੁਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਸਦਕਾ ਇਸ ਸੈਂਟਰ ਵੱਲੋਂ ਸਮੇਂ ਸਮੇਂ ਕੀਤੀਆਂ ਜਾਂਦੀਆਂ ਅਕਾਦਮਿਕ ਗਤੀਵਿਧੀਆਂ ਸੰਭਵ ਹੋ ਸਕੀਆਂ ਹਨ। ਉਨ੍ਹਾਂ ਨਾਲ ਉਨ੍ਹਾਂ ਦੇ ਧਰਮ ਪਤਨੀ ਮਨੀ ਸੂਰੀ ਵੀ ਸਨ। ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ ਕਿਹਾ ਕਿ ਨਾਨਕ ਸਿੰਘ ਸੈਂਟਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਤੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਡਮੁੱਲੇ ਸਰੋਤਾਂ ਦੀ ਸੰਭਾਲ ਲਈ ਸੰਜੀਦਾ ਬਿਰਤੀ ਨੂੰ ਪੇਸ਼ ਕਰਦੀ ਹੈ। ਉਨ੍ਹਾਂ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹੱਲਾ-ਸ਼ੇਰੀ ਸਦਕਾ ਪੰਜਾਬੀ ਅਧਿਐਨ ਸਕੂਲ ਦੀਆਂ ਸਾਹਿਤਕ ਸਰਗਰਮੀਆਂ ਵਿਚ ਹੋਰ ਵੀ ਵਾਧਾ ਹੋਇਆ ਹੈ। ਇਸ ਸੈਂਟਰ ਦੀ ਸਥਾਪਤੀ ਤੇ ਹੋਰ ਗਤੀਵਿਧੀਆਂ ਰਾਹੀਂ ਉਹਨਾਂ ਦੀ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਪ੍ਰਤੀ ਪ੍ਰਤੀਬੱਧਤਾ ਸਪਸ਼ਟ ਹੁੰਦੀ ਹੈ। ਡਾ. ਸੋਹਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੈਂਟਰ ਨਾਨਕ ਸਿੰਘ ਦੇ ਸਮੁੱਚੇ ਰਚਨਾਤਮਕ ਜਗਤ ਦੀ ਜਿਉਂਦੀ ਜਾਗਦੀ ਤਸਵੀਰ ਹੈ। ਇਸ ਮੌਕੇ ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਕੰਵਲਦੀਪ ਕੌਰ, ਖੋਜਾਰਥੀ, ਵਿਦਿਆਰਥੀ ਤੇ ਲਾਇਬ੍ਰੇਰੀ ਸਟਾਫ ਮੈਂਬਰ ਹਾਜ਼ਰ ਸਨ।