ਸੰਘਣੀ ਧੁੰਦ ’ਚ ਵੱਧ ਰਹੇ ਸੜਕ ਹਾਦਸੇ ਰੋਕਣ ਲਈ ਜਾਗਰੂਕਤਾ ਤੇ ਸਹਿਣਸ਼ੀਲਤਾ ਜ਼ਰੂਰੀ
ਸੰਘਣੀ ਧੁੰਦ ’ਚ ਵੱਧ ਰਹੇ ਸੜਕ ਹਾਦਸੇ ਰੋਕਣ ਲਈ ਜਾਗਰੂਕਤਾ ਤੇ ਸਹਿਣਸ਼ੀਲਤਾ ਜਰੂਰੀ
Publish Date: Sat, 17 Jan 2026 04:49 PM (IST)
Updated Date: Sun, 18 Jan 2026 04:07 AM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਉੱਤਰੀ ਭਾਰਤ ਅਤੇ ਪੰਜਾਬ ਵਿਚ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਸੰਘਦੀ ਧੁੰਦ ਤੇ ਕੋਰੇ ਨੇ ਆਪਣੇ ਸ਼ਿਖਰਾਂ ’ਤੇ ਹੈ ਤੇ ਸੰਘਣੀ ਧੁੰਦ ਨਾਲ ਮੌਸਮ ਖਰਾਬ ਹੋ ਜਾਣ ਕਾਰਨ ਕਈ ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਦਾ ਸਫ਼ਰ ਕਰਨ ਵਾਲੇ ਮੁਸਾਫਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਠੰਢ ਤੇ ਧੁੰਦ ਪੈਣ ਕਾਰਨ ਮਨੁੱਖੀ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਸੀਂ ਆਮ ਤੌਰ ’ਤੇ ਆਪਣੇ ਰੋਜ਼ ਦੇ ਕੰਮ ਲਈ ਤੇ ਆਸਪਾਸ ਜਾਣ ਲਈ ਸੜਕੀ ਸਾਧਨਾਂ ਦੀ ਹੀ ਜ਼ਿਆਦਾ ਵਰਤੋਂ ਕਰਦੇ ਹਾਂ। ਸੰਘਣੀ ਧੁੰਦ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਤੇ ਸਹਿਣਸ਼ੀਲਤਾ ਹੋਣਾ ਬੇਹੱਦ ਜਰੂਰੀ ਹੈ। ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ‘ਪੰਜਾਬੀ ਜਾਗਰਣ’ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸੁਝਾਅ ਦਿੱਤੇ। ਬਾਕਸ ਆਪਣੀ ਗੱਡੀ ਦੀ ਸਪੀਡ ਨੂੰ ਹੌਲੀ ਰੱਖੋ : ਪ੍ਰੈਟੀ ਜੈਨ ਕਿਡਸ ਪ੍ਰਾਈਡ ਸਕੂਲ ਦੀ ਪ੍ਰਿੰਸੀਪਲ ਪ੍ਰੈਟੀ ਜੈਨ ਨੇ ਕਿਹਾ ਕਿ ਸੰਘਣੀ ਧੁੰਦ ਪੈਣ ਕਾਰਨ ਸੜਕਾਂ ਉੱਤੇ ਅੱਗੇ-ਪਿੱਛੇ ਕੁੱਝ ਵਿਖਾਈ ਨਹੀਂ ਦਿੰਦਾ, ਇਸੇ ਕਰ ਕੇ ਹੀ ਪਿਛਲੇ ਸਾਲਾਂ ਵਿਚ ਕਈ ਭਿਆਨਕ ਸੜਕੀ ਹਾਦਸੇ ਹੋਏ ਹਨ। ਸਾਡੀ ਕੁੱਝ ਮਿੰਟਾਂ ਦੀ ਕਾਹਲੀ ਤੇ ਡਰਾਈਵਰ ਦੀ ਲਾਪ੍ਰਵਾਹੀ ਦੁਖਦਾਈ ਘਟਨਾ ਨੂੰ ਅੰਜ਼ਾਮ ਦੇ ਸਕਦੀ ਹੈ। ਧੁੰਦ ਦੇ ਦਿਨਾਂ ਦੌਰਾਨ ਆਪਣੀ ਗੱਡੀ ਦੀ ਸਪੀਡ ਨੂੰ ਹੌਲੀ ਰੱਖੋ, ਤਾਂ ਜੋ ਲੋੜ ਪੈਣ ’ਤੇ ਉਸ ਨੂੰ ਰੋਕਿਆ ਜਾ ਸਕੇ ਤੇ ਦੂਸਰੀਆਂ ਗੱਡੀਆਂ ਨੂੰ ਜੇ ਹੋ ਸਕੇ ਤਾਂ ਓਵਰਟੇਕ ਨਾ ਕਰੋ। ਬਾਕਸ ਆਪਣੀ ਗੱਡੀ ਦੀਆਂ ਲਾਈਟਾਂ ਹਮੇਸ਼ਾ ਠੀਕ ਰੱਖੋ : ਅਮਨਦੀਪ ਕੌਰ ਕਿਡਸ ਹੈਬੀਟੇਟ ਸਕੂਲ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਜੇਕਰ ਤੁਹਾਡੀ ਗੱਡੀ ਅਤੇ ਟੂ ਵੀਲਰ ਦੀਆਂ ਲਾਈਟਾਂ ਖ਼ਰਾਬ ਹਨ ਤਾਂ ਉਨ੍ਹਾਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਅਤੇ ਟੂ ਵੀਲਰ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਜ਼ਰੂਰ ਕਰੋ। ਹੈੱਡ ਲਾਈਟ ਨੂੰ ਲੋ ਬੀਮ ’ਤੇ ਰੱਖਣਾ ਚਾਹੀਦਾ ਤਾਂ ਜੋ ਦੂਜੇ ਪਾਸੇ ਤੋਂ ਆ ਰਹੀ ਗੱਡੀ ਆਸਾਨੀ ਨਾਲ ਦੇਖ ਸਕੇ ਅਤੇ ਉਸ ਦੀ ਸਥਿਤੀ ਬਾਰੇ ਵੀ ਪਤਾ ਲੱਗ ਸਕੇ। ਬਾਕਸ ਸਫ਼ੇਦ ਪੱਟੀ ਦੇ ਨਾਲ ਹੀ ਵਾਹਨ ਨੂੰ ਚਲਾਉਣਾ ਚਾਹੀਦਾ : ਗੀਤਾ ਨਰਸਿੰਗ ਸਟਾਫ ਗੀਤਾ ਭੱਟੀ ਨੇ ਕਿਹਾ ਕਿ ਸੜਕ ’ਤੇ ਧੁੰਦ ਦੀ ਵਜ੍ਹਾ ਨਾਲ ਦੇਖਣਾ ਕਾਫ਼ੀ ਔਖਾ ਹੋ ਜਾਂਦਾ ਹੈ। ਇਸ ਸਥਿਤੀ ਵਿਚ ਸੜਕ ਤੇ ਬਣੀ ਸਫ਼ੇਦ ਪੱਟੀ ਦੇ ਨਾਲ ਹੀ ਵਾਹਨ ਨੂੰ ਚਲਾਉਣਾ ਚਾਹੀਦਾ ਹੈ। ਸੜਕ ਉੱਤੇ ਅਪਣੀ ਗੱਡੀ ਅਤੇ ਦੂਸਰੀ ਗੱਡੀ ਦੇ ਵਿਚਕਾਰ ਦੂਰੀ ਬਣਾ ਕੇ ਹੀ ਚੱਲਣਾ ਚਾਹੀਦਾ ਹੈ ਤਾਂ ਜੋ ਕਿਤੇ ਅਚਾਨਕ ਬਰੇਕ ਲਗਾਉਣੀ ਪੈ ਜਾਵੇ ਤਾਂ ਜਗ੍ਹਾ ਮਿਲ ਜਾਵੇ। ਨਹਿਰਾਂ, ਸੇਮ-ਨਾਲੇ ਅਤੇ ਛੱਪੜਾਂ ਆਦਿ ਕੋਲੋਂ ਦੀ ਲੰਘਦੇ ਸਮੇਂ ਵਾਹਨ ਦੀ ਰਫ਼ਤਾਰ ਘੱਟ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਜਗ੍ਹਾ ’ਤੇ ਪਾਣੀ ਹੋਣ ਕਰ ਕੇ ਧੁੰਦ ਹੋਰ ਵੀ ਸੰਘਣੀ ਹੋ ਜਾਂਦੀ ਹੈ ਜਿਸ ਨਾਲ ਦੁਰਘਟਨਾ ਹੋਣ ਦਾ ਜ਼ਿਆਦਾ ਡਰ ਰਹਿੰਦਾ ਹੈ। ਧੁੰਦ ਅਤੇ ਠੰਢ ਦੇ ਮੌਸਮ ਦੌਰਾਨ ਗੱਡੀ ਦੀ ਵਿੰਡਸ਼ੀਲਡ ਤੇ ਨਮੀ ਜਮ੍ਹਾਂ ਹੋ ਜਾਂਦੀ ਹੈ, ਇਸ ਸਥਿਤੀ ਵਿਚ ਡਰਾਈਵਰ ਅੱਗੇ ਦੇਖ ਨਹੀਂ ਸਕਦਾ। ਅਜਿਹੇ ਵਿਚ ਗੱਡੀ ਦਾ ਹੀਟਰ ਚਲਾ ਕੇ ਇਸ ਨਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਬਾਕਸ ਰੈਫਲੈਕਟਰ ਤੇ ਰੇਡੀਅਮ ਟੇਪ ਗੱਡੀ ਦੇ ਅੱਗੇ-ਪਿੱਛੇ ਜ਼ਰੂਰ ਲਗਾਓ : ਜਸਪਾਲ ਸਿੰਘ ਰੋਟੇਰੀਅਨ ਜਸਪਾਲ ਸਿੰਘ ਨੇ ਕਿਹਾ ਕਿ ਧੁੰਦ ਵਿਚ ਆਪਣੇ ਵਾਹਨ ਦੇ ਚਾਰੋਂ ਇੰਡੀਕੇਟਰ ਇਕੱਠੇ ਜਗਾ ਕੇ ਰੱਖੋ। ਰੈਫਲੈਕਟਰ ਤੇ ਰੇਡੀਅਮ ਟੇਪ ਗੱਡੀ ਦੇ ਅੱਗੇ-ਪਿੱਛੇ ਜ਼ਰੂਰ ਲਗਾਓ। ਗੱਡੀ ਨੂੰ ਹਮੇਸ਼ਾਂ ਅਪਣੀ ਲਾਈਨ ਵਿਚ ਹੀ ਚਲਾਓ ਅਤੇ ਜੇਕਰ ਗੱਡੀ ਨੂੰ ਸੜਕ ’ਤੇ ਰੋਕਣਾ ਹੋਵੇ ਤਾਂ ਉਸ ਨੂੰ ਸੜਕ ਤੋਂ ਥੱਲੇ ਉਤਾਰ ਕੇ ਰੋਕਣਾ ਚਾਹੀਦਾ ਹੈ ਅਤੇ ਗੱਡੀ ਦੇ ਡਿੱਪਰ ਲਾਈਟ ਨੂੰ ਚਲਦੀਆਂ ਰੱਖੋ। ਸੰਭਵ ਹੋ ਸਕੇ ਤਾਂ ਧੁੰਦ ਦੌਰਾਨ ਕਾਰ ਦੀ ਫਾਗ ਲਾਈਟ ਵੀ ਚਾਲੂ ਰੱਖਣੀ ਚਾਹੀਦੀ ਹੈ। ਸੜਕ ’ਤੇ ਗੱਡੀ ਮੋੜਦੇ ਸਮੇਂ ਚੰਗੀ ਤਰ੍ਹਾਂ ਇਧਰ -ਉਧਰ ਦੇਖ ਲਓ ਕਿ ਦੂਜੇ ਪਾਸੇ ਤੋਂ ਕੋਈ ਗੱਡੀ ਤਾਂ ਨਹੀਂ ਆ ਰਹੀ। ਬਾਕਸ ਨਿਰਮਾਣ ਅਧੀਨ ਸੜਕਾਂ ’ਤੇ ਰਿਫਲੈਕਟਰ ਲਗਾਏ ਜਾਣ : ਗੋਰਾ ਰੰਧਾਵਾ ਸਮਾਜ ਸੇਵਕ ਰਣਧੀਰ ਸਿੰਘ ਗੋਰਾ ਰੰਧਾਵਾ ਨੇ ਕਿਹਾ ਕਿ ਕਈ ਸੜਕਾਂ ਅਤੇ ਹਾਈਵੇ ਨਿਰਮਾਣ ਅਧੀਨ ਚੱਲ ਰਹੇ ਹਨ, ਉਨ੍ਹਾਂ ਉਪਰ ਕਈ ਜਗ੍ਹਾ ਓਵਰਬ੍ਰਿਜ ਜਾਂ ਕੋਈ ਹੋਰ ਕੰਮ ਚੱਲ ਰਿਹਾ ਹੈ, ਉਸ ਸੜਕ ’ਤੇ ਸਫ਼ਰ ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਡੇ ਦੁਆਰਾ ਵਰਤੀਆਂ ਗਈਆਂ ਸਾਵਧਾਨੀਆ ਤੁਹਾਨੂੰ ਹੀ ਨਹੀਂ ਸਗੋਂ ਦੂਸਰਿਆਂ ਨੂੰ ਵੀ ਦੁਰਘਟਨਾ ਤੋਂ ਬਚਾ ਸਕਦੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੀਆਂ ਸੜਕਾਂ ਖਰਾਬ ਹਨ, ਉਨ੍ਹਾਂ ਦੀ ਮੁਰੰਮਤ ਕਰਾਉਣ ਅਤੇ ਸੜਕਾਂ ਉੱਤੇ ਚਿੱਟੀ ਪੱਟੀ ਅਤੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਸਫ਼ਰ ਕਰਨ ’ਚ ਸਹੂਲਤ ਮਿਲ ਸਕੇ। ਬਾਕਸ ਖਰਾਬ ਮੌਸਮ ਦੌਰਾਨ ਲੋੜ ਅਨੁਸਾਰ ਹੀ ਸਫ਼ਰ ਕਰੋ : ਰਵੀ ਪ੍ਰਕਾਸ਼ ਆਸ਼ੂ ਸੀਨੀਅਰ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਤੇ ਸਮਾਜ ਸੇਵਕ ਰਵੀ ਪ੍ਰਕਾਸ਼ ਆਸ਼ੂ ਨੇ ਕਿਹਾ ਕਿ ਆਮ ਤੌਰ ’ਤੇ ਸੜਕੀ ਹਾਦਸੇ ਅਪਣੀ ਅਣਗਹਿਲੀ ਕਾਰਨ ਹੁੰਦੇ ਹਨ ਜਿਸ ਕਰ ਕੇ ਸਾਨੂੰ ਆਪਣਾ ਵਾਹਨ ਸੁਚੇਤ ਹੋ ਕੇ ਚਲਾਉਣਾ ਚਾਹੀਦਾ ਹੈ। ਧੁੰਦ ਤੇ ਖਰਾਬ ਮੌਸਮ ਦੌਰਾਨ ਸਾਨੂੰ ਆਪਣੀ ਲੋੜ ਅਨੁਸਾਰ ਹੀ ਸੜਕ ’ਤੇ ਸਫ਼ਰ ਕਰਨਾ ਚਾਹੀਦਾ ਹੈ ਅਤੇ ਸੜਕੀ ਹਾਦਸਿਆਂ ਤੋਂ ਬਚਣ ਲਈ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਈ ਵਾਰ ਤਾਂ ਗੂਗਲ ਲੋਕੇਸ਼ਨ ਵੀ ਸਾਨੂੰ ਗਲਤ ਰਸਤੇ ਲੈ ਜਾਂਦੀ ਹੈ। ਬੀਤੇ ਕੁਝ ਦਿਨ ਪਹਿਲਾਂ ਵੀ ਗੂਗਲ ਲੋਕੇਸ਼ਨ ਦੇ ਆਧਾਰ ’ਤੇ ਜਾਂਦੇ ਨੌਜਵਾਨਾਂ ਦੀ ਕਾਰ ਅਧੂਰੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਰਕੇ ਵੱਡਾ ਹਾਦਸਾ ਵਾਪਰਿਆ ਸੀ। ਇਸ ਅਜਿਹੇ ਮੌਸਮ ਵਿਚ ਵਾਹਨ ਹਮੇਸ਼ਾਂ ਹੌਲੀ ਚਲਾਉਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਵਿਚ ਗੱਡੀ ਨੂੰ ਕੰਟਰੋਲ ਕੀਤਾ ਜਾ ਸਕੇ। ਬਾਕਸ ਆਵਾਰਾ ਪਸ਼ੂ ਵੀ ਬਣਦੇ ਹਨ ਹਾਦਸਿਆਂ ਦਾ ਕਾਰਨ : ਜਤਿੰਦਰ ਸਿੰਘ ਰੋਟੇਰੀਅਨ ਜਤਿੰਦਰ ਸਿੰਘ ਨੇ ਕਿਹਾ ਕਿ ਧੁੰਦ ਦੇ ਮੌਸਮ ਵਿਚ ਆਵਾਰਾ ਪਸ਼ੂ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਸੜਕ ਹਾਦਸਿਆਂ ਤੋਂ ਬਚਣ ਲਈ ਧੁੰਦ ਦੇ ਮੌਸਮ ਵਿਚ ਵਾਹਨ ਚਾਲਕ ਹਮੇਸ਼ਾਂ ਹੌਲੀ ਗਤੀ ਨਾਲ ਗੱਡੀ ਚਲਾਉਣ। ਕਿਉਂਕਿ ਆਵਾਰਾ ਪਸ਼ੂ ਕਈ ਵਾਰ ਇਕਦਮ ਅੱਗੇ ਆ ਜਾਣ ਕਾਰਨ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਅਜਿਹੀ ਸਥਿਤੀ ਵਿਚ ਸੜਕ ਹਾਦਸਾ ਵਾਪਰ ਜਾਂਦਾ ਹੈ। ਅਜਿਹੀ ਘਟਨਾਵਾਂ ਤੋਂ ਬਚਣ ਲਈ ਪਹਿਲਾਂ ਹੀ ਚੌਕਸੀ ਅਤੇ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ।