ਯੂਨੀਅਨ ਬੈਂਕ ’ਚ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਨਾਕਾਮ ਕੋਸ਼ਿਸ਼ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲ਼ਾ ਗੁਰੂ : ਜੰਡਿਆਲਾ ਗੁਰੂ ਸਥਾਨਕ ਘਾਹ ਮੰਡੀ ਚੌਂਕ ਨੇੜੇ ਸਥਿਤ ਯੂਨੀਅਨ ਬੈਂਕ ਵਿਚ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੇ ਸਕਿਓਰਟੀ
Publish Date: Thu, 10 Sep 2026 04:25 PM (IST)
Updated Date: Thu, 10 Sep 2026 04:28 PM (IST)
ਸਕਿਓਰਿਟੀ ਗਾਰਡ ਦੀ ਬਹਾਦਰੀ ਨਾਲ ਵੱਡੀ ਵਾਰਦਾਤ ਹੋਣੋਂ ਟਲੀ ਐੱਸਐੱਚਓ ਹਰਪਾਲ ਸਿੰਘ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲ਼ਾ ਗੁਰੂ : ਜੰਡਿਆਲਾ ਗੁਰੂ ਸਥਾਨਕ ਘਾਹ ਮੰਡੀ ਚੌਂਕ ਨੇੜੇ ਸਥਿਤ ਯੂਨੀਅਨ ਬੈਂਕ ਵਿਚ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੇ ਸਕਿਓਰਟੀ ਗਾਰਡ ਵੱਲੋਂ ਦਿਖਾਈ ਗਈ ਹਿੰਮਤ ਅਤੇ ਤੁਰੰਤ ਕਾਰਵਾਈ ਕਾਰਨ ਲੁਟੇਰੇ ਬਿਨਾਂ ਕੋਈ ਲੁੱਟ ਕੀਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਨਾਲ ਬੈਂਕ ਵਿਚ ਵੱਡੀ ਵਾਰਦਾਤ ਹੋਣੋਂ ਟਲ ਗਈ। ਬੈਂਕ ਮੈਨੇਜਰ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਵਿਚ ਰੋਜ਼ਾਨਾ ਦੀ ਤਰ੍ਹਾਂ ਬੈਂਕਿੰਗ ਦਾ ਕੰਮ ਚੱਲ ਰਿਹਾ ਸੀ। ਕਰੀਬ ਸਵਾ 11 ਵਜੇ ਚਾਰ ਵਿਅਕਤੀ ਬੈਂਕ ਵਿਚ ਦਾਖਲ ਹੋ ਕੇ ਗ੍ਰਾਹਕਾਂ ਵਾਲੀ ਕਤਾਰ ਵਿਚ ਬੈਠ ਗਏ ਅਤੇ ਵਾਊਚਰ ਭਰਨ ਲੱਗ ਪਏ। ਸਕਿਉਰਟੀ ਗਾਰਡ ਵੱਲੋਂ ਜਦੋਂ ਉਨ੍ਹਾਂ ਨੂੰ ਮੂੰਹ ਤੋਂ ਮਾਸਕ ਹਟਾਉਣ ਲਈ ਕਿਹਾ ਗਿਆ ਤਾਂ ਇਸੇ ਦੌਰਾਨ ੱਿਕ ਹੋਰ ਵਿਅਕਤੀ ਬੈਂਕ ਵਿਚ ਦਾਖਲ ਹੋਇਆ। ਦੱਸਿਆ ਜਾਂਦਾ ਹੈ ਕਿ ਲੁਟੇਰਿਆਂ ਵਿੱਚੋਂ ਇਕ ਨੇ ਗਾਰਡ ਦੇ ਪਿੱਛੇ ਜਾ ਕੇ ਉਸ ਦੇ ਮੂੰਹ ’ਤੇ ਕੋਈ ਸਪਰੇਅ ਛਿੜਕ ਦਿੱਤੀ। ਸਪਰੇਅ ਕੀਤੇ ਜਾਣ ਦੇ ਬਾਵਜੂਦ ਸਕਿਓਰਟੀ ਗਾਰਡ ਨੇ ਹਿੰਮਤ ਨਹੀਂ ਹਾਰੀ ਅਤੇ ਤੁਰੰਤ ਆਪਣੀ ਰਾਈਫਲ ਚੁੱਕ ਲਈ। ਗਾਰਡ ਵੱਲੋਂ ਰਾਈਫਲ ਚੁੱਕਦਿਆਂ ਹੀ ਸਾਰੇ ਲੁਟੇਰੇ ਘਬਰਾ ਕੇ ਬੈਂਕ ਵਿੱਚੋਂ ਬਾਹਰ ਦੌੜ ਗਏ। ਇਸ ਤਰ੍ਹਾਂ ਬੈਂਕ ਦਾ ਕਿਸੇ ਵੀ ਕਿਸਮ ਦਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਜੰਡਿਆਲਾ ਗੁਰੂ ਦੇ ਐੱਸਐੱਚਓ ਹਰਪਾਲ ਸਿੰਘ ਤੁਰੰਤ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਬੈਂਕ ਅੰਦਰ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਐੱਸਐੱਚਓ ਹਰਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਕਿਉਰਟੀ ਗਾਰਡ ਵੱਲੋਂ ਦਿਖਾਈ ਗਈ ਤੁਰੰਤ ਹਿੰਮਤ ਅਤੇ ਸੂਝ-ਬੂਝ ਨਾਲ ਵੱਡੀ ਵਾਰਦਾਤ ਟਲ ਗਈ। ਐੱਸਐੱਚਓ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।