ਵੋਟਾਂ ਕੱਟਣ ਦੇ ਵਿਰੋਧ ’ਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ ’ਤੇ 13 ਕਰੋੜ 40 ਲੱਖ ਵੋਟਾਂ ਕੱਟੇ ਜਾਣ ਦੇ ਦੋਸ਼ਾਂ ਦੇ ਵਿਰੋਧ ਵਿਚ ਸਰਹੱਦੀ ਪਿੰਡ ਅਟਾਰੀ ਦੀ ਸਬ-ਤਹਸੀਲ ਵਿਖੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ
Publish Date: Thu, 08 Oct 2026 06:17 PM (IST)
Updated Date: Thu, 08 Oct 2026 06:20 PM (IST)
ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ ’ਤੇ ਵਿਸ਼ਾਲ ਇਕੱਠ, ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ ’ਤੇ 13 ਕਰੋੜ 40 ਲੱਖ ਵੋਟਾਂ ਕੱਟੇ ਜਾਣ ਦੇ ਦੋਸ਼ਾਂ ਦੇ ਵਿਰੋਧ ਵਿਚ ਸਰਹੱਦੀ ਪਿੰਡ ਅਟਾਰੀ ਦੀ ਸਬ-ਤਹਸੀਲ ਵਿਖੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਅਤੇ ਚੋਣ ਪ੍ਰਕਿਿਰਆ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਇੰਡੀਆ ਬਲਾਕ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਵੀ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕਾਮਰੇਡ ਰਤਨ ਸਿੰਘ ਰੰਧਾਵਾ, ਬਾਬਾ ਅਰਜੁਨ ਸਿੰਘ ਹੁਸ਼ਿਆਰ ਨਗਰ ਅਤੇ ਨਿਰਮਲ ਸਿੰਘ ਮੋਦੇ ਨੇ ਦੋਸ਼ ਲਗਾਇਆ ਕਿ ਦੇਸ਼ ਵਿਚ 13 ਕਰੋੜ 40 ਲੱਖ ਵੋਟਾਂ ਕੱਟੇ ਜਾਣ ਦਾ ਮਾਮਲਾ ਲੋਕਤੰਤਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਵਿਚੋਂ ਯੋਗ ਵੋਟਰਾਂ ਦੇ ਨਾਂ ਕੱਟੇ ਜਾਣ ਨਾਲ ਲੋਕਾਂ ਦੇ ਵੋਟ ਦੇ ਅਧਿਕਾਰ ’ਤੇ ਸਿੱਧਾ ਅਸਰ ਪੈਂਦਾ ਹੈ ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦਿਆਂ ਦੋਸ਼ ਲਗਾਇਆ ਕਿ ਵੱਖ-ਵੱਖ ਸੂਬਿਆਂ ਵਿਚ ਵੋਟਰ ਸੂਚੀਆਂ ਨੂੰ ਲੈ ਕੇ ਗੰਭੀਰ ਬੇ-ਨਿਯਮੀਆਂ ਹੋਈਆਂ ਹਨ। ਉਨ੍ਹਾਂ ਮਹਾਰਾਸ਼ਟਰ, ਦਿੱਲੀ, ਬਿਹਾਰ, ਪੱਛਮੀ ਬੰਗਾਲ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੋਟਾਂ ਕੱਟੇ ਜਾਣ ਦੇ ਮਾਮਲਿਆਂ ਦੀ ਜਾਂਚ ਕਰਕੇ ਲੋਕਾਂ ਦੇ ਸਾਹਮਣੇ ਤੱਥ ਰੱਖੇ ਜਾਣੇ ਚਾਹੀਦੇ ਹਨ। ਉਨ੍ਹਾਂ ਕਰਨਾਟਕ ਅਤੇ ਮਹਾਰਾਸ਼ਟਰ ਵਿਚ ਘਟ ਗਿਣਤੀ ਭਾਈਚਾਰੇ ਦੀਆਂ ਕਥਿਤ ਤੌਰ ਤੇ ਲੱਖਾਂ ਵੋਟਾਂ ਕੱਟੇ ਜਾਣ ਸਬੰਧੀ ਵੀ ਸਵਾਲ ਉਠਾਏ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਖੇਤੀ ਨੀਤੀਆਂ ’ਤੇ ਵੀ ਤਿੱਖਾ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਕਣਕ ਦੇ ਭਾਅ ਵਿਚ 25 ਰੁਪਏ ਦੇ ਵਾਧੇ ਨੂੰ ਕਿਸਾਨਾਂ ਦੀਆਂ ਵਧ ਰਹੀਆਂ ਲਾਗਤਾਂ ਦੇ ਮੁਕਾਬਲੇ ਨਾ ਕਾਫੀ ਦੱਸਦਿਆਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਲਾਭਕਾਰੀ ਭਾਅ ਮਿਲਣਾ ਚਾਹੀਦਾ ਹੈ। ਆਗੂਆਂ ਨੇ ਵਿਦੇਸ਼ਾਂ ਤੋਂ ਫਲਾਂ, ਸਬਜ਼ੀਆਂ ਅਤੇ ਅਨਾਜ ਦੀ ਦਰਾਮਦ ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਕਿਸਾਨਾਂ ਦੀ ਆਰਥਿਕ ਹਾਲਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਉਪਰੰਤ ਨਾਅਰੇਬਾਜ਼ੀ ਦੌਰਾਨ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਨੰਬਰਦਾਰ ਗੁਰਦੇਵ ਸਿੰਘ ਮੁਹਾਵਾ, ਸੁੱਖ ਲਹੌਰੀਮਲ, ਡੀਐਸਪੀ ਕੁਲਜੀਤ ਸਿੰਘ ਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਧਾਰੀਵਾਲ, ਬੂਟਾ ਸਿੰਘ ਰੋੜਾਂਵਾਲਾ, ਸਰਬਜੀਤ ਸਿੰਘ ਮੋਦੇ ਅਤੇ ਮਨਿੰਦਰ ਸਿੰਘ ਸਰਪੰਚ ਨੇਸ਼ਟਾ ਆਦਿ ਨੇ ਵੀ ਸੰਬੋਧਨ ਕੀਤਾ। ਕੈਪਸ਼ਨ:ਸਬ-ਤਹਿਸੀਲ ਅਟਾਰੀ ਵਿਖੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਣ ਵੇਲੇ ਇੱਕਠੇ ਹੋਏ ਕਿਸਾਨ ਆਗੂ।