ਸ਼੍ਰੀ ਵਾਲਮੀਕਿ ਤੀਰਥ ਵਿਖੇ ਲੱਗਣ ਵਾਲੇ ਮੇਲੇ ’ਚ ਪਰਕਰਮਾ ਮਾਰਗ ’ਤੇ ਲਟਕ ਰਹੀਆਂ ਨੰਗੀਆਂ ਤਾਰਾਂ, ਸ਼ਰਧਾਲੂਆਂ ਦੀ ਸੁਰੱਖਿਆ ’ਤੇ ਖ਼ਤਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀਤਾ ਮਾਤਾ, ਲਵ-ਕੁਸ਼ ਦੀ ਜਨਮਭੂਮੀ ਤੇ ਰਾਮਾਇਣ ਰਚਇਤਾ ਭਗਵਾਨ ਵਾਲਮੀਕਿ ਦੀ ਤਪੋਸਥਲੀ ਇਤਿਹਾਸਕ ਸ਼੍ਰੀ ਵਾਲਮੀਕਿ ਤੀਰਥ ਵਿਖੇ
Publish Date: Tue, 17 Nov 2026 04:27 PM (IST)
Updated Date: Tue, 17 Nov 2026 04:30 PM (IST)
95 ਲੱਖ ਰੁਪਏ ਖ਼ਰਚ ਕਰਨ ਦੇ ਬਾਵਜੂਦ ਕਈ ਸਾਲਾਂ ਤੋਂ ਬੰਦ ਪਿਆ ਵਾਟਰ ਟ੍ਰੀਟਮੈਂਟ ਪਲਾਂਟ, ਜਨਰਲ ਮੈਨੇਜਰ ਨੂੰ ਬਦਲਣ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀਤਾ ਮਾਤਾ, ਲਵ-ਕੁਸ਼ ਦੀ ਜਨਮਭੂਮੀ ਤੇ ਰਾਮਾਇਣ ਰਚਇਤਾ ਭਗਵਾਨ ਵਾਲਮੀਕਿ ਦੀ ਤਪੋਸਥਲੀ ਇਤਿਹਾਸਕ ਸ਼੍ਰੀ ਵਾਲਮੀਕਿ ਤੀਰਥ ਵਿਖੇ ਲੱਗਣ ਵਾਲੇ ਮੇਲੇ ਦੇ ਸ਼ੁਰੂ ਹੁੰਦਿਆਂ ਹੀ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਵੱਖ-ਵੱਖ ਧਾਰਮਿਕ ਮੰਦਰਾਂ ਵਿਚ ਮੱਥਾ ਟੇਕਣ ਪਹੁੰਚ ਰਹੇ ਹਨ। ਹਾਲਾਕਿ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਗੱਦੀਨਸ਼ੀਨ ਮਹੰਤਾਂ ਅਤੇ ਸੰਤ ਸਮਾਜ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਤੇ ਸਵਾਲ ਚੁੱਕੇ ਹਨ। ਸੰਤ ਸਮਾਜ ਦਾ ਦੋਸ਼ ਹੈ ਕਿ ਕਰੋੜਾਂ ਰੁਪਏ ਖ਼ਰਚ ਹੋਣ ਦੇ ਬਾਵਜੂਦ ਤੀਰਥ ਕੰਪਲੈਕਸ ਵਿਚ ਕਈ ਜ਼ਰੂਰੀ ਵਿਕਾਸ ਕਾਰਜ ਅਧੂਰੇ ਪਏ ਹਨ। ਜ਼ਿਕਰਯੋਗ ਹੈ ਕਿ ਕਰੀਬ 300 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਤਿਹਾਸਕ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਤਤਕਾਲੀ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2016 ਵਿਚ ਪ੍ਰਗਟ ਦਿਵਸ ਦੇ ਮੌਕੇ ਤੇ ਸੰਗਤ ਨੂੰ ਸਮਰਪਿਤ ਕੀਤਾ ਸੀ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪ੍ਰਸਾਦ ਯੋਜਨਾ ਤਹਿਤ ਵੀ ਹੋਰ ਤੀਰਥ ਸਥਲਾਂ ਦੀ ਤਰਜ਼ ਤੇ ਇੱਥੇ ਕਰੋੜਾਂ ਰੁਪਏ ਦੀ ਰਾਸ਼ੀ ਭੇਜੀ ਗਈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ, ਪਰ ਸੰਤ ਸਮਾਜ ਅਨੁਸਾਰ ਕਈ ਕੰਮ ਅਜੇ ਵੀ ਅਧੂਰੇ ਹਨ। ਧੂਣਾ ਸਾਹਿਬ ਟਰੱਸਟ ਦੇ ਗੱਦੀਨਸ਼ੀਨ ਸੰਤ ਮਲਕੀਤ ਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਤੀਰਥ ਕੰਪਲੈਕਸ ਦੀਆਂ ਸਮੱਸਿਆਵਾਂ ਨੂੰ ਉਠਾਉਂਦਿਆਂ ਦੱਸਿਆ ਕਿ ਧਾਰਮਿਕ ਸਰੋਵਰ ਦਾ ਜਲ-ਪੱਧਰ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਹੈ। ਸੀਤਾ ਮਾਤਾ ਦੀ ਇਤਿਹਾਸਕ ਧਾਰਮਿਕ ਬਾਉਲੀ ਦੇ ਵਿਕਾਸ ਕਾਰਜ ਵੀ ਅਧੂਰੇ ਹਨ। ਮਾਨਤਾ ਹੈ ਕਿ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਇਸ ਬਾਉਲੀ ਵਿਚ ਇਸ਼ਨਾਨ ਕਰਦੀਆਂ ਹਨ। ਕਾਰਤਿਕ ਪੂਰਨਮਾਸ਼ੀ ਦੇ ਮੌਕੇ ਤੇ ਵੀ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਇਸ਼ਨਾਨ ਕਰਨ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਧਾਰਮਿਕ ਪ੍ਰਕਰਮਾ ਮਾਰਗ ਵਿਚ ਬਿਜਲੀ ਦੀਆਂ ਨੰਗੀਆਂ ਤਾਰਾਂ ਦੇ ਜੋੜ ਖੁੱਲ੍ਹੇ ਪਏ ਹਨ ਅਤੇ ਬਿਜਲੀ ਦੇ ਬਾਕਸ ਵੀ ਖੁੱਲ੍ਹੇ ਦਿਖਾਈ ਦੇ ਰਹੇ ਹਨ। ਇਨ੍ਹਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਇਸ ਦੇ ਬਾਵਜੂਦ ਸਬੰਧਤ ਵਿਭਾਗ ਅਤੇ ਸ਼ਰਾਈਨ ਬੋਰਡ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਜ਼ਰ ਨਹੀਂ ਆ ਰਹੇ। ਸੰਤ ਸਮਾਜ ਨੇ ਦੱਸਿਆ ਕਿ ਧਾਰਮਿਕ ਸਰੋਵਰ ਦੀ ਸਫ਼ਾਈ ਲਈ ਸਾਲ 2017 ਵਿਚ ਸੈਰ-ਸਪਾਟਾ ਵਿਭਾਗ ਵੱਲੋਂ 95 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਸੀ। ਇਹ ਪਲਾਂਟ ਸਾਲ 2022 ਤੋਂ ਬੰਦ ਪਿਆ ਹੈ, ਜਿਸ ਕਾਰਨ ਸਰੋਵਰ ਦੇ ਪਾਣੀ ਦੀ ਸਫ਼ਾਈ ਨਹੀਂ ਹੋ ਪਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ 24 ਸਤੰਬਰ ਨੂੰ ਸਰੋਵਰ ਵਿਚ ਜਲ ਭਰਨ ਦੀ ਪ੍ਰਕਿਿਰਆ ਸ਼ੁਰੂ ਕੀਤੀ ਗਈ ਸੀ, ਪਰ ਢਾਈ ਮਹੀਨੇ ਬੀਤਣ ਦੇ ਬਾਵਜੂਦ ਜਲ-ਪੱਧਰ ਕਰੀਬ ਸੱਤ ਫੁੱਟ ਘੱਟ ਹੈ। ਇਸ ਕਾਰਨ ਸ਼ਰਧਾਲੂ ਟਿੱਕਾ, ਭਾਈ ਦੂਜ ਅਤੇ ਛੱਠ ਪੂਜਾ ਵਰਗੇ ਮੌਕਿਆਂ ਤੇ ਬਿਨਾਂ ਇਸ਼ਨਾਨ ਕੀਤੇ ਹੀ ਪਰਤਣ ਲਈ ਮਜਬੂਰ ਹੋਏ। ਸੰਤ ਸਮਾਜ ਨੇ ਦੋਸ਼ ਲਗਾਇਆ ਕਿ ਸਰੋਵਰ ਵਿਚ ਇਸ਼ਨਾਨ ਕਰਨ ਅਤੇ ਜਲ ਲੈਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਬਾਲਟੀਆਂ ਸਮੇਤ ਜ਼ਰੂਰੀ ਸਹੂਲਤਾਂ ਤੱਕ ਉਪਲਬਧ ਨਹੀਂ ਕਰਵਾਈਆਂ ਗਈਆਂ ਹਨ। ਉੱਥੇ ਹੀ ਠੇਕੇਦਾਰਾਂ ਨੂੰ ਭੁਗਤਾਨ ਨਾ ਹੋਣ ਕਾਰਨ ਵਾਲਮੀਕਿ ਤੀਰਥ ਕੰਪਲੈਕਸ ਦੇ ਕਈ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਵੀਆਈਪੀ ਗੇਟ, ਬਾਥਰੂਮ ਅਤੇ ਹੋਰ ਸਹੂਲਤਾਂ ਨਾਲ ਜੁੜੇ ਕੰਮ ਅਧੂਰੇ ਪਏ ਹਨ। ਮੇਲੇ ਦੌਰਾਨ ਕੀਤੀ ਜਾਣ ਵਾਲੀ ਦੀਪਮਾਲਾ ਦੇ ਪ੍ਰਬੰਧ ਵੀ ਨਜ਼ਰ ਨਹੀਂ ਆ ਰਹੇ। ਧਾਰਮਿਕ ਮੰਦਰਾਂ ਦੇ ਮਹੰਤਾਂ ਅਤੇ ਸੰਤ ਸਮਾਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੇਲੇ ਦੇ ਸੰਚਾਲਨ ਲਈ ਕੰਟਰੋਲ ਰੂਮ, ਛਬੀਲ ਅਤੇ ਅਸਥਾਈ ਪਖਾਨਿਆਂ ਸਮੇਤ ਜ਼ਰੂਰੀ ਸਹੂਲਤਾਂ ਤੁਰੰਤ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਸ਼ਰਾਈਨ ਬੋਰਡ ਦੇ ਜਨਰਲ ਮੈਨੇਜਰ ਨੂੰ ਬਦਲਣ ਦੀ ਮੰਗ ਵੀ ਉਠਾਈ। ਮਹੰਤਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਮੌਜੂਦ ਕਮੀਆਂ ਨੂੰ ਦੂਰ ਕਰਕੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਗਾਮੀ ਧਾਰਮਿਕ ਪ੍ਰੋਗਰਾਮ ਸ਼੍ਰੀ ਵਾਲਮੀਕਿ ਤੀਰਥ ਦੇ ਮੇਲੇ ਦੌਰਾਨ 22 ਨਵੰਬਰ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ। 23 ਨਵੰਬਰ ਨੂੰ ਧੂਣਾ ਸਾਹਿਬ ਟਰੱਸਟ ਵੱਲੋਂ ਸਰੋਵਰ ਪੂਜਾ ਅਤੇ ਸੋਨੇ ਦੀ ਨੱਥ ਵਾਲੀ ਮੱਛੀ ਦਾ ਜਲ ਪ੍ਰਵਾਹ ਕੀਤਾ ਜਾਵੇਗਾ, ਜਦੋਂ ਕਿ 24 ਨਵੰਬਰ ਨੂੰ ਕਾਰਤਿਕ ਪੂਰਨਮਾਸ਼ੀ ਦਾ ਪਰਵ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਸਨਾਤਨੀ ਧਰਮ ਮਹਾਵੀਰ ਮੰਦਰ, ਆਰਤੀ ਦੇਵਾ, ਲਵ-ਕੁਸ਼ ਮੰਦਰ, ਮੋਹਣੀ ਆਸ਼ਰਮ ਮੰਦਰ, ਬਾਬਾ ਭੌੜੇ ਵਾਲਾ, ਮਾਡਲ ਟਾਊਨ, ਭਗਵਾਨ ਵਾਲਮੀਕਿ ਮੰਦਰ ਅਤੇ ਗਿਆਨ ਆਸ਼ਰਮ ਵਿਚ ਵੀ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਹਨ।