ਡੀਆਰ ਮਾਡਰਨ ਸਕੂਲ ’ਚ ਇੰਟਰੈਕਟ ਕਲੱਬ ਦੀ ਸਥਾਪਨਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਵੱਲੋਂ ਡੀਆਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਚ
Publish Date: Tue, 22 Sep 2026 04:20 PM (IST)
Updated Date: Tue, 22 Sep 2026 04:24 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਵੱਲੋਂ ਡੀਆਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਚ ‘ਡੀਆਰ ਹੈਲਪਿੰਗ ਹਾਰਟ ਇੰਟਰੈਕਟ ਕਲੱਬ’ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਤੇ ਸਕੂਲ ਦੇ 20 ਵਿਦਿਆਰਥੀਆਂ ਨੂੰ ਇੰਟਰੈਕਟ ਕਲੱਬ ਦਾ ਮੈਂਬਰ ਬਣਾਇਆ ਗਿਆ। ਕਲੱਬ ਦੀ ਕਾਰਜਕਾਰਨੀ ਵਿਚ ਸ੍ਰਿਸ਼ਟੀ ਨੂੰ ਸਕੱਤਰ, ਪਰੀ ਨੂੰ ਸੰਯੁਕਤ ਸਕੱਤਰ ਅਤੇ ਸਲੋਨੀ ਨੂੰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ, ਜਦਕਿ ਬਾਕੀ ਵਿਦਿਆਰਥੀਆਂ ਨੂੰ ਕਲੱਬ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਸਮਾਰੋਹ ਦੌਰਾਨ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਅਨਿਲ ਸਿੰਗਲ ਨੇ ਕਲੱਬ ਦੀ ਨਵ-ਨਿਯੁਕਤ ਪ੍ਰਧਾਨ ਸਲੋਨੀ ਨੂੰ ਕਾਲਰ ਪਹਿਨਾ ਕੇ ਉਸ ਨੂੰ ਪ੍ਰਧਾਨ ਦੇ ਅਹੁਦੇ ਦੀ ਸਹੁੰ ਚੁਕਵਾਈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ, ਲੀਡਰਸ਼ਿਪ ਦੀ ਭਾਵਨਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਪ੍ਰਧਾਨ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸਲੋਨੀ ਨੇ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਅਤੇ ਆਪਣੇ ਸਕੂਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੀ ਹੈ ਕਿ ਕਲੱਬ ਅਤੇ ਸਕੂਲ ਨੇ ਉਸ ਨੂੰ ਇਸ ਜ਼ਿੰਮੇਵਾਰੀ ਦੇ ਯੋਗ ਸਮਝਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਹੋਣਾ ਇਸ ਗੱਲ ਦਾ ਪ੍ਰਤੀਕ ਨਹੀਂ ਹੈ ਕਿ ਉਹ ਸਭ ਤੋਂ ਵੱਡੀ ਹੈ ਅਤੇ ਦੂਜਿਆਂ ਨੂੰ ਹੁਕਮ ਦੇਵੇ, ਸਗੋਂ ਇਸ ਦਾ ਅਰਥ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਅਤੇ ਮਿਲ-ਜੁਲ ਕੇ ਵੱਧ ਤੋਂ ਵੱਧ ਕੰਮ ਕਰੇ। ਉਨ੍ਹਾਂ ਨੇ ਪ੍ਰਣ ਲਿਆ ਕਿ ਉਹ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਦੇਸ਼, ਸਮਾਜ ਅਤੇ ਆਪਣੇ ਸਕੂਲ ਦੇ ਹਿੱਤ ਵਿੱਚ ਸਕਾਰਾਤਮਕ ਅਤੇ ਰਚਨਾਤਮਕ ਕੰਮ ਕਰਨ ਦੀ ਕੋਸ਼ਿਸ਼ ਕਰੇਗੀ। ਸਮਾਰੋਹ ਵਿਚ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦੇ ਕਈ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਰਹੇ। ਇਨ੍ਹਾਂ ਵਿਚ ਮੁੱਖ ਸਕੱਤਰ ਰੋਟੇਰੀਅਨ ਭੁਪਿੰਦਰ ਸਿੰਘ, ਚੇਅਰਮੈਨ ਰਾਕੇਸ਼ ਕਪੂਰ, ਡਿਸਟ੍ਰਿਕਟ ਚੇਅਰ ਰੋਟੇਰੀਅਨ ਰਵਿੰਦਰ ਪਠਾਨੀਆ, ਪ੍ਰਧਾਨ ਰੋਟੇਰੀਅਨ ਗੁਰਪ੍ਰੀਤ ਸਿੰਘ ਛਾਬੜਾ, ਅਤੇ ਰੋਟੇਰੀਅਨ ਪਰਵੀਨ ਮਹਿਰਾ, ਪਰਵੀਨ ਅਗਰਵਾਲ, ਰਾਕੇਸ਼ ਅਰੋੜਾ, ਰਾਜੇਸ਼ ਖੰਨਾ ਸਮੇਤ ਹੋਰ ਮੈਂਬਰ ਸ਼ਾਮਲ ਰਹੇ। ਸਕੂਲ ਦੇ ਪ੍ਰਧਾਨ ਦਲਜੀਤ ਪਠਾਨੀਆ ਨੇ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੰਟਰੈਕਟ ਕਲੱਬ ਦੇ ਜ਼ਰੀਏ ਵਿਦਿਆਰਥੀਆਂ ਵਿਚ ਲੀਡਰਸ਼ਿਪ ਸਮਰੱਥਾ, ਸਮਾਜਿਕ ਜ਼ਿੰਮੇਵਾਰੀ, ਸੇਵਾ ਭਾਵਨਾ ਅਤੇ ਟੀਮਵਰਕ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਮੌਕਾ ਮਿਲੇਗਾ। ਵਿਦਿਆਰਥੀਆਂ ਵਿਚ ਵੀ ਕਲੱਬ ਦੀ ਸਥਾਪਨਾ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਿਲਆ ਅਤੇ ਉਨ੍ਹਾਂ ਨੇ ਸਮਾਜ ਹਿੱਤ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਪ੍ਰਣ ਲਿਆ। ਪ੍ਰਿੰਸੀਪਲ ਮਾਧੁਰੀ ਠਾਕੁਰ ਨੇ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ‘ਹੈਲਪਿੰਗ ਹਾਰਟ ਇੰਟਰੈਕਟ ਕਲੱਬ’ ਦੀ ਸਥਾਪਨਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਕਲੱਬ ਬੱਚਿਆਂ ਵਿੱਚ ਸੇਵਾ, ਲੀਡਰਸ਼ਿਪ, ਸਹਿਯੋਗ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ ਅਤੇ ਉਨ੍ਹਾਂ ਨੂੰ ਸਮਾਜ ਲਈ ਕੁਝ ਸਕਾਰਾਤਮਕ ਕਰਨ ਲਈ ਪ੍ਰੇਰਿਤ ਕਰੇਗਾ। ਡਾਇਰੈਕਟਰ ਰਵਿੰਦਰ ਪਠਾਨੀਆ ਨੇ ਕਲੱਬ ਦੀ ਸਥਾਪਨਾ ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਨੌਜਵਾਨ ਸ਼ਕਤੀ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਆਪਣੇ ਵਿਕਾਸ ਤੱਕ ਸੀਮਤ ਨਾ ਰਹਿਣ, ਸਗੋਂ ਸਮਾਜ ਅਤੇ ਦੇਸ਼ ਦੇ ਹਿੱਤ ਵਿੱਚ ਵੀ ਆਪਣੀ ਭੂਮਿਕਾ ਨਿਭਾਉਣ। ਉਨ੍ਹਾਂ ਨੇ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਲੱਬ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।