ਭਾਜਪਾ ਦਾ ਵਿੰਗ ਹੈ ਈਡੀ, 'ਆਪ' ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀ : ਧਾਲੀਵਾਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਵਿਚ ਈਡੀ 'ਤੇ ਭਾਜਪਾ ਦਾ ਵਿੰਗ ਹੋਣ ਦਾ ਦੋਸ਼ ਲਗਾਇਆ।
Publish Date: Wed, 02 Sep 2026 06:10 PM (IST)
Updated Date: Wed, 02 Sep 2026 06:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਵਿਚ ਈਡੀ ਤੇ ਭਾਜਪਾ ਦਾ ਵਿੰਗ ਹੋਣ ਦਾ ਦੋਸ਼ ਲਗਾਇਆ। ਜਿਸ ਤਰ੍ਹਾਂ ਭਾਜਪਾ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਦਿੱਲੀ ਵਿਚ ਝੂਠੇ ਮਾਮਲਿਆਂ ਵਿਚ ਫਸਾਉਣ ਲਈ ਈਡੀ ਦੀ ਵਰਤੋਂ ਕੀਤੀ ਸੀ, ਉਨ੍ਹਾਂ ਨੂੰ ਸਾਲਾਂ ਤੱਕ ਕੈਦ ਰੱਖਿਆ ਸੀ। ਅੰਤ ਵਿਚ ਸੱਚ ਸਾਹਮਣੇ ਆਇਆ ਅਤੇ ਉਨ੍ਹਾਂ ਸਾਰਿਆਂ ਨੂੰ ਕਲੀਨ ਚਿੱਟ ਮਿਲ ਗਈ। ਇਸੇ ਤਰ੍ਹਾਂ ਹੁਣ ਪੰਜਾਬ ਵਿਚ ਮੁੱਖ ਮੰਤਰੀ ਅਤੇ ਹੋਰ ਨੇਤਾਵਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਉਣ ਲਈ ਈਡੀ ਰਾਹੀਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਵਾਰ-ਵਾਰ ਪੱਤਰ ਲਿਖੇ ਜਾ ਰਹੇ ਹਨ। ਧਾਲੀਵਾਲ ਨੇ ਕਿਹਾ ਕਿ 28 ਅਗਸਤ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਨੇ ਈਡੀ ਨੂੰ ਲਿਿਖਆ, ਜਿਸ ਵਿਚ ਕਿਹਾ ਗਿਆ ਸੀ ਕਿ ਭੇਜੇ ਗਏ ਦਸਤਾਵੇਜ਼ ਸਮਝ ਤੋਂ ਬਾਹਰ ਹਨ। 1 ਸਤੰਬਰ ਨੂੰ ਇਕ ਅਧਿਕਾਰੀ ਨੂੰ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ, ਪਰ ਕੋਈ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਈਡੀ ਦਾ ਉਦੇਸ਼ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੇ ਪਰਿਵਾਰ ਅਤੇ ਹੋਰ ਆਗੂਆਂ ਨੂੰ ਬਦਨਾਮ ਕਰਨਾ ਅਤੇ ਪੰਜਾਬ ਦੇ ਵਿਕਾਸ ਵਿਚ ਰੁਕਾਵਟ ਪਾਉਣਾ ਹੈ। ਭਾਜਪਾ ਦੀ ਪੰਜਾਬ ਵਿਚ ਕੋਈ ਹੋਂਦ ਨਹੀਂ ਹੈ। ਕੇਵਲ ਢਿੱਲੋਂ, ਮਨਪ੍ਰੀਤ ਬਾਦਲ, ਰਾਣਾ ਸੋਢੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸਾਡਾ ਪਿੱਛਾ ਕਰਨ ਲਈ ਈਡੀ, ਸੀਬੀਆਈ ਜਾਂ ਕਿਸੇ ਹੋਰ ਏਜੰਸੀ ਦੀ ਵਰਤੋਂ ਕਰੋ। ਅਸੀਂ ਪਹਿਲਾਂ ਕਦੇ ਜੇਲ੍ਹ ਜਾਂ ਝੂਠੇ ਕੇਸਾਂ ਦੇ ਡਰ ਅੱਗੇ ਨਹੀਂ ਝੁਕੇ ਅਤੇ ਨਾ ਹੀ ਹੁਣ ਕੋਈ ਆਪ ਆਗੂ ਜਾਂ ਵਰਕਰ ਈਡੀ ਅੱਗੇ ਝੁਕੇਗਾ। ਸਾਬਕਾ ਮੰਤਰੀ ਧਾਲੀਵਾਲ ਨੇ ਕਿਹਾ ਕਿ ਭਾਜਪਾ ਪੰਜਾਬ ਦੀ ਨੰਬਰ ਇਕ ਦੁਸ਼ਮਣ ਹੈ। ਇਸ ਨੇ 750 ਕਿਸਾਨਾਂ ਨੂੰ ਸ਼ਹੀਦ ਕੀਤਾ ਹੈ, ਪੰਜਾਬ ਦੇ ਫੰਡ ਰੋਕੇ ਹਨ ਅਤੇ ਪੰਜਾਬ ਦੇ ਵਿਕਾਸ ਵਿਚ ਹਰ ਰੁਕਾਵਟ ਖੜ੍ਹੀ ਕੀਤੀ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਜਣ ਕੁਮਾਰ ਦੇ ਭੋਗ ਸਮਾਗਮ ਵਿਚ ਆਪਣੇ ਤਿੰਨ ਸੰਸਦ ਮੈਂਬਰਾਂ ਨੂੰ ਭੇਜ ਕੇ ਆਪਣੇ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਰੁਖ਼ ਨੂੰ ਸਪੱਸ਼ਟ ਤੌਰ ਤੇ ਉਜਾਗਰ ਕੀਤਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਇਕ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਪਾਰਟੀ ਹੈ। ਅਕਾਲੀ-ਭਾਜਪਾ ਗੱਠਜੋੜ ਦੀਆਂ ਅਫਵਾਹਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦਾ ਧੜਾ ਭਾਜਪਾ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਤਿਹਾਸ ਵਿਚ ਪਹਿਲਾਂ ਕਦੇ ਵੀ ਸਿੱਖ ਲੀਡਰਸ਼ਿਪ ਨੂੰ ਇੰਨਾ ਅਪਮਾਨਿਤ ਨਹੀਂ ਕੀਤਾ ਗਿਆ।