‘ਆਰੰਭਿਕ ਅਰਦਾਸ ਦਿਵਸ’ ਧਾਰਮਿਕ ਸਮਾਗਮ ਕਰਵਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਵਿਖੇ ਨਵੇਂ ਅਕਾਦਮਿਕ ਸ਼ਾਸਨ ਦੀ ਆਰੰਭਤਾ ਮੌਕੇ ਕਰਵਾਇਆ ਗਿਆ ਆਰੰਭਿਕ ਅਰਦਾਸ ਦਿਵਸ ਸਾਡੇ ਲਈ ਅਧਿਆਤਮਿਕ ਤੌਰ ’ਤੇ ਮਹੱਤਵਪੂਰਨ ਹੈ। ਅਰਦਾਸ ਸਾਨੂੰ ਆਪਣੇ ਕਾਰਜਾਂ ਦੀ
Publish Date: Tue, 22 Sep 2026 04:26 PM (IST)
Updated Date: Tue, 22 Sep 2026 04:27 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਵਿਖੇ ਨਵੇਂ ਅਕਾਦਮਿਕ ਸ਼ਾਸਨ ਦੀ ਆਰੰਭਤਾ ਮੌਕੇ ਕਰਵਾਇਆ ਗਿਆ ਆਰੰਭਿਕ ਅਰਦਾਸ ਦਿਵਸ ਸਾਡੇ ਲਈ ਅਧਿਆਤਮਿਕ ਤੌਰ ’ਤੇ ਮਹੱਤਵਪੂਰਨ ਹੈ। ਅਰਦਾਸ ਸਾਨੂੰ ਆਪਣੇ ਕਾਰਜਾਂ ਦੀ ਸ਼ੁਰੂਆਤ ਗੁਰੂ ਸਾਹਿਬ ਦੀ ਹਜ਼ੂਰੀ ਅਤੇ ਅਸੀਸ ਨਾਲ ਕਰਨ ਦੀ ਪ੍ਰੇਰਣਾ ਦਿੰਦੀ ਹੈ। ਸਿੱਖਿਆ ਦਾ ਉਦੇਸ਼ ਸਿਰਫ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਅੰਦਰ ਚੰਗੇ ਸੰਸਕਾਰ, ਨੈਤਿਕ ਕਦਰਾਂ-ਕੀਮਤਾਂ, ਸੇਵਾ ਭਾਵਨਾ ਅਤੇ ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਵੀ ਹੈ। ਉਕਤ ਸ਼ਬਦਾਂ ਦਾ ਇਜ਼ਹਾਰ ਅੱਜ ਇੱਥੇ ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਆਰੰਭਤਾ ਦੇ ਸਬੰਧ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ਼ਰਧਾ ਤੇ ਭਾਵਨਾ ਸਹਿਤ ਕਰਵਾਏ ਗਏ ‘ਆਰੰਭਿਕ ਅਰਦਾਸ ਦਿਵਸ’ ਧਾਰਮਿਕ ਸਮਾਗਮ ਮੌਕੇ ਖਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਦੀ ਮਹਾਨ ਵਿਰਾਸਤ ਸਿੱਖਿਆ ਦੇ ਨਾਲ-ਨਾਲ ਗੁਰਮਤਿ ਸਿਧਾਂਤਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਹੈ।ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਅਤੇ ਵਿਿਦਆਰਥੀਆਂ ਨੂੰ ਮਿਹਨਤ, ਇਮਾਨਦਾਰੀ ਤੇ ਸੇਵਾ ਦੇ ਮਾਰਗ ’ਤੇ ਅੱਗੇ ਵਧਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ ਛੀਨਾ ਨੇ ਜਿੱਥੇ ਵਿੱਦਿਅਕ ਅਦਾਰੇ ’ਚ ਪ੍ਰੰਪਰਾ ਸਬੰਧੀ ਸੰਬੋਧਨ ਕੀਤਾ, ਉਥੇ ਉਨ੍ਹਾਂ ਨੂੰ ਲੜਕੀ ਦਾ ਅਸਲੀ ਧਨ ਉਸ ਦੀ ਵਿੱਦਿਆ ਦੱਸੀ। ਉਨ੍ਹਾਂ ਵਿਿਦਆਰਥੀਆਂ ਨੂੰ ਪੜ੍ਹਾਈ ਸਬੰਧੀ ਉਤਸ਼ਾਹਿਤ ਕਰਦਿਆਂ ਕਿਹਾ ਕਿ ਨੰਬਰਾਂ ਨਾਲ ਪਾਸ ਹੋਣ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਹੁਣ ਤਾਂ ਸਿਰਫ਼ ਪ੍ਰਸੈਂਟ ਦਾ ਦੌਰ ਹੈ ਅਤੇ ਪੜ੍ਹਾਈ ਹੀ ਇਕ ਅਜਿਹੇ ਸਾਧਨ ਹੈ, ਜਿਸ ਨਾਲ ਬੱਚਾ ਆਪਣੇ ਜ਼ਿੰਦਗੀ ਦੇ ਉਚ ਮੁਕਾਮ ਨੂੰ ਹਾਸਲ ਕਰਦਾ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਦੇਸ਼ ਤੇ ਕੌਮ ਦਾ ਭਵਿੱਖ ਹਨ। ਇਸ ਲਈ ਉਨ੍ਹਾਂ ਪੜ੍ਹ-ਲਿਖ ਕੇ ਆਤਮ-ਨਿਰਭਰ ਹੋਣਾ ਚਾਹੀਦਾ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਗੁਰੂਘਰ ਨਾਲ਼ ਜੁੜਨ ਅਤੇ ਮਿਹਨਤ ਨਾਲ਼ ਵਿੱਦਿਆ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਗੁਰਮਤਿ ਦੀ ਰੌਸ਼ਨੀ ’ਚ ਵਿੱਦਿਆ ਦੇ ਮਹੱਤਵ ਦੀ ਗੱਲ ਕਰਦਿਆਂ ਵਿਿਦਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਪਰਮਾਰਥ ਤੋਂ ਬਿਨ੍ਹਾਂ ਵਿੱਦਿਆ ਸਮੇਤ ਕੋਈ ਵੀ ਯੋਗਤਾ ਕਲਿਆਣਕਾਰੀ ਨਹੀਂ।ਉਨ੍ਹਾਂ ਕਿਹਾ ਕਿ ਅਧਿਆਪਕ ਦਾ ਦਰਜਾ ਵਿਿਦਆਰਥੀ ਦੇ ਜੀਵਨ ’ਚ ਸਭ ਤੋਂ ਉੱਚਾ ਹੁੰਦਾ ਹੈ।ਅਧਿਆਪਕ ਦੇ ਮਾਰਗਦਰਸ਼ਨ ਤੋਂ ਬਿਨਾਂ ਵਿਿਦਆਰਥੀ ਲਈ ਕੁਝ ਵੀ ਹਾਸਲ ਕਰਨਾ ਸੰਭਵ ਨਹੀਂ, ਇਸ ਲਈ ਵਿਿਦਆਰਾਥੀ ਨੂੰ ਅਧਿਆਪਕ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੇ ਜੀਵਨ ’ਚ ਗੁਰੂ ਦਾ ਮਾਰਗਦਰਸ਼ਨ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਸੱਚ, ਨਿਮਰਤਾ, ਸੇਵਾ, ਸਿਮਰਨ ਅਤੇ ਆਪਸੀ ਪਿਆਰ ਦਾ ਸੰਦੇਸ਼ ਦਿੰਦੀ ਹੈ। ਇਸ ਤੋਂ ਪਹਿਲਾਂ ਪਰਸੋਂ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਧਾਰਮਿਕ ਸਮਾਗਮ ਦੌਰਾਨ ਵਿਿਦਆਰਥੀਆਂ ਵੱਲੋਂ ਤੰਤੀ ਸਾਜ਼ਾਂ ਨਾਲ਼ ਕੀਤੇ ਗੁਰਬਾਣੀ ਦੇ ਮਨੋਹਰ ਕੀਰਤਨ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ’ਚ ਗੁਰਦੁਆਰਾ ਬੇਰ ਸਾਹਿਬ ਤੋਂ ਬਾਬਾ ਸੱਜਣ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਿਿਦਆਰਥੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ, ਸ਼ਖ਼ਸੀਅਤਾਂ, ਅਧਿਆਪਕਾਂ ਅਤੇ ਵਿਿਦਆਰਥੀਆਂ ਦਾ ਧੰਨਵਾਦ ਅਤੇ ਸਨਮਾਨ ਕੀਤਾ। ਇਸ ਸਮਾਗਮ ਦੇ ਅੰਤ ’ਚ ਸਰਬੱਤ ਦੇ ਭਲੇ ਅਤੇ ਨਵੇਂ ਸੈਸ਼ਨ ਦੀ ਸਫ਼ਲਤਾ ਲਈ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਆ ਸਿੰਘ ਭਾਈ ਸਾਹਿਬ ਗਿਆਨੀ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ, ਜਿਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਿਲੀਅਜਸ ਸਟੱਡੀ ਡੀਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਲਖਵਿੰਦਰ ਸਿੰਘ ਢਿੱਲੋਂ, ਸੰਤੋਖ ਸਿੰਘ ਸੇਠੀ, ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਸਮੂਹ ਕਾਲਜ ਸਟਾਫ ਤੇ ਵਿਿਦਆਰਥੀ ਹਾਜ਼ਰ ਸਨ।