ਡਰੱਗ ਵਿਭਾਗ ਨੇ ਪੰਜ ਮੈਡੀਕਲ ਸਟੋਰਾਂ ’ਤੇ ਕੀਤੀ ਛਾਪੇਮਾਰੀ, ਇਕ ਦੁਕਾਨ ਸੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਡਰੱਗ ਵਿਭਾਗ ਦੀ ਇਕ ਟੀਮ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਪੰਜ ਮੈਡੀਕਲ ਸਟੋਰਾਂ ਦੀ ਅਚਨਚੇਤ ਜਾਂਚ ਕੀਤੀ। ਥਾਣਾ ਮੋਹਕਮਪੁਰਾ ਅਤੇ ਥਾਣਾ
Publish Date: Tue, 01 Sep 2026 08:10 PM (IST)
Updated Date: Tue, 01 Sep 2026 08:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਡਰੱਗ ਵਿਭਾਗ ਦੀ ਇਕ ਟੀਮ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਪੰਜ ਮੈਡੀਕਲ ਸਟੋਰਾਂ ਦੀ ਅਚਨਚੇਤ ਜਾਂਚ ਕੀਤੀ। ਥਾਣਾ ਮੋਹਕਮਪੁਰਾ ਅਤੇ ਥਾਣਾ ਏ ਡਿਵੀਜ਼ਨ ਰਾਮਬਾਗ ਦੇ ਅਧਿਕਾਰ ਖੇਤਰ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਮੈਡੀਕਲ ਸਟੋਰਾਂ ਦੇ ਖਰੀਦ-ਵੇਚ ਰਿਕਾਰਡਾਂ ਅਤੇ ਸ਼ਡਿਊਲ ਐਚ-1 ਰਜਿਸਟਰਾਂ ਵਿਚ ਬੇਨਿਯਮੀਆਂ ਪਾਈਆਂ ਗਈਆਂ। ਇਕ ਮੈਡੀਕਲ ਸਟੋਰ ਤੋਂ ਦਸ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਅਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ। ਇਹ ਕਾਰਵਾਈ ਕੁਲਵਿੰਦਰ ਸਿੰਘ, ਜ਼ੋਨਲ ਲਾਇਸੈਂਸਿੰਗ ਅਥਾਰਟੀ, ਡਰੱਗਜ਼ ਅੰਮ੍ਰਿਤਸਰ ਜ਼ੋਨ ਦੀ ਨਿਗਰਾਨੀ ਹੇਠ ਕੀਤੀ ਗਈ। ਟੀਮ ਵਿਚ ਡਰੱਗ ਕੰਟਰੋਲ ਅਫ਼ਸਰ ਅੰਮ੍ਰਿਤਸਰ-3 ਸੁਖਦੀਪ ਸਿੰਘ, ਡਰੱਗ ਕੰਟਰੋਲ ਅਫ਼ਸਰ ਅੰਮ੍ਰਿਤਸਰ-2 ਬਬਲੀਨ ਕੌਰ ਅਤੇ ਡਰੱਗ ਕੰਟਰੋਲ ਅਫ਼ਸਰ ਅੰਮ੍ਰਿਤਸਰ-1 ਰੋਹਿਤ ਸ਼ਰਮਾ ਸ਼ਾਮਲ ਸਨ। ਤਿਲਕ ਨਗਰ ਵਿਚ ਐਮਐਸ ਓਮ ਸਾਈਂ ਰਾਮ ਕੈਮਿਸਟ ਵਿਖੇ ਨਿਰੀਖਣ ਦੌਰਾਨ ਫਰਮ ਦੇ ਇੰਚਾਰਜ ਰਵੀਸ਼ ਵਿਜੇ ਕੁਮਾਰ ਕੋਹਲੀ ਮੌਜੂਦ ਪਾਏ ਗਏ, ਜਦੋਂ ਕਿ ਫਰਮ ਦਾ ਇਕਲੌਤਾ ਪ੍ਰੋਪਰਾਇਟਰ ਅਤੇ ਕੁਆਲੀਫਾਇਡ ਪਰਸਨ ਮੋਹਿਲ ਗੈਰਹਾਜ਼ਰ ਸੀ। ਤਲਾਸ਼ੀ ਦੌਰਾਨ ਦੋ ਕਿਸਮਾਂ ਦੇ ਪ੍ਰੀਗਾਬਾਲਿਨ 300 ਮਿਲੀਗ੍ਰਾਮ, ਤਿੰਨ ਕਿਸਮਾਂ ਦੇ ਪ੍ਰੀਗਾਬਾਲਿਨ 75 ਮਿਲੀਗ੍ਰਾਮ, ਇੱਕ ਕਿਸਮ ਦਾ ਗੈਬਾਪੈਂਟਿਨ ਐਨਟੀ-400 ਅਤੇ ਚਾਰ ਕਿਸਮਾਂ ਦੇ ਡਾਈਸਾਈਕਲੋਮਾਈਨ ਬਰਾਮਦ ਕੀਤੇ ਗਏ। ਫਰਮ ਦਾ ਇੰਚਾਰਜ ਪ੍ਰੀਗਾਬਾਲਿਨ 300 ਮਿਲੀਗ੍ਰਾਮ ਲਈ ਖਰੀਦ ਰਿਕਾਰਡ ਪ੍ਰਦਾਨ ਨਹੀਂ ਕਰ ਸਕਿਆ। ਹੋਰ ਦਵਾਈਆਂ ਲਈ ਵਿਕਰੀ ਰਿਕਾਰਡ ਵੀ ਪ੍ਰਦਾਨ ਨਹੀਂ ਕੀਤੇ ਗਏ। ਟੀਮ ਨੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਨਿਯਮਾਂ ਦੇ ਤਹਿਤ ਫਾਰਮ 16 ਤੇ 10 ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ। ਸ਼ਡਿਊਲ ਐਚ-1 ਰਜਿਸਟਰ ਵੀ ਪੇਸ਼ ਨਹੀਂ ਕੀਤਾ ਗਿਆ। ਵਿਭਾਗ ਨੇ ਦੁਕਾਨ ਨੂੰ ਸੀਲ ਕਰ ਦਿੱਤਾ। ਐਸਜੀਟੀਬੀ ਹਸਪਤਾਲ ਦੇ ਸਾਹਮਣੇ ਸਥਿਤ ਐਮਐਸ ਰਘੂਨਾਥ ਓਮ ਪ੍ਰਕਾਸ਼ ਵਿਖੇ ਮਾਲਕ ਰਵੀ ਸ਼ਰਮਾ ਮੌਜੂਦ ਸੀ, ਜਦੋਂ ਕਿ ਕੁਆਲੀਫਾਇਡ ਪਰਸਨ ਜਰਨੈਲ ਸਿੰਘ ਗੈਰਹਾਜ਼ਰ ਸੀ। ਇਕ ਦਵਾਈ ਲਈ ਖਰੀਦ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਵਿਕਰੀ ਰਿਕਾਰਡ ਅੱਪਡੇਟ ਨਹੀਂ ਕੀਤੇ ਗਏ ਸਨ, ਅਤੇ ਸ਼ਡਿਊਲ ਐਚ-1 ਰਜਿਸਟਰ ਗਾਇਬ ਸੀ। ਇਸੇ ਤਰ੍ਹਾਂ ਹੋਰ ਦੁਕਾਨਾਂ ’ਤੇ ਵੀ ਛਾਪਾਮਾਰੀ ਦੌਰਾਨ ਕਾਰਵਾਈ ਕੀਤੀ ਗਈ। ਵਿਭਾਗ ਨੇ ਸਪੱਸ਼ਟ ਕੀਤਾ ਕਿ ਦਵਾਈਆਂ ਦੀ ਖਰੀਦ ਅਤੇ ਵਿਕਰੀ ਦੇ ਨਿਰਧਾਰਤ ਰਿਕਾਰਡ ਨੂੰ ਬਣਾਈ ਰੱਖਣਾ ਅਤੇ ਨਿਯਮਾਂ ਅਨੁਸਾਰ ਸ਼ਡਿਊਲ ਐਚ-1 ਦਵਾਈਆਂ ਦਾ ਲੇਖਾ-ਜੋਖਾ ਰੱਖਣਾ ਜ਼ਰੂਰੀ ਹੈ। ਨਿਰੀਖਣ ਦੌਰਾਨ ਸਾਹਮਣੇ ਆਈਆਂ ਕਮੀਆਂ ਦੇ ਆਧਾਰ ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।