- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਲ੍ਹਾ ਗੋਬਿੰਦਗੜ੍ਹ ਦੇ ਨੇੜੇ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਵਿਵਸਥਾਵਾਂ ਵਿਚ ਸੁਧਾਰ ਹੋਣ ਨਾਲ ਇੱਥੇ ਹਰ ਰੋਜ਼ ਡਰਾਈਵਿੰਗ ਟੈਸਟ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਕਿਲ੍ਹਾ ਗੋਬਿੰਦਗੜ੍ਹ ਦੇ ਨੇੜੇ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਵਿਵਸਥਾਵਾਂ ਵਿਚ ਸੁਧਾਰ ਹੋਣ ਨਾਲ ਇੱਥੇ ਹਰ ਰੋਜ਼ ਡਰਾਈਵਿੰਗ ਟੈਸਟ ਦੇਣ ਆਉਣ ਵਾਲੇ ਲਗਭਗ 250 ਲੋਕਾਂ ਨੂੰ ਰਾਹਤ ਮਿਲਣ ਲੱਗੀ ਹੈ। ਡਰਾਈਵਿੰਗ ਟਰੈਕ ਵਿਚ ਵੱਖ-ਵੱਖ ਥਾਵਾਂ ’ਤੇ ਲੰਬੇ ਸਮੇਂ ਤੋਂ ਉੱਗੀਆਂ ਤਿੰਨ-ਤਿੰਨ ਫੁੱਟ ਉੱਚੀਆਂ ਜੰਗਲੀ ਬੂਟੀ-ਝਾੜੀਆਂ ਦਾ ਸਫ਼ਾਇਆ ਕਰਨ ਦਾ ਕੰਮ ਜਾਰੀ ਹੈ। ਇਸ ਦੇ ਨਾਲ ਹੀ ਸ਼ੌਚਾਲਿਆ ਦੀ ਸਾਫ਼-ਸਫ਼ਾਈ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਫ਼ਾਈ ਤੇ ਸੁਧਾਰ ਦਾ ਕੰਮ ਅਜੇ ਜਾਰੀ ਹੈ। ਦਫ਼ਤਰੀ ਕੰਮਕਾਜ ਪ੍ਰਭਾਵਿਤ ਨਾ ਹੋਵੇ ਤੇ ਡਰਾਈਵਿੰਗ ਟੈਸਟ ਦੇਣ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪਵੇ, ਇਸ ਲਈ ਸਫ਼ਾਈ ਵਿਵਸਥਾ ਦੇ ਇਹ ਕੰਮ ਸਰਕਾਰੀ ਛੁੱਟੀ ਦੌਰਾਨ ਕਰਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਟਰੈਕ ਕੰਪਲੈਕਸ ਵਿਚ ਪਹਿਲਾਂ ਥਾਂ-ਥਾਂ ਜੰਗਲੀ ਬੂਟੀਆਂ ਤੇ ਝਾੜੀਆਂ ਉੱਗੀਆਂ ਹੋਣ ਕਾਰਨ ਗੰਦਗੀ ਦਾ ਮਾਹੌਲ ਸੀ। ਸੁਰੱਖਿਆ ਸਬੰਧੀ ਪ੍ਰੇਸ਼ਾਨੀਆਂ ਵੀ ਬਣੀਆਂ ਰਹਿੰਦੀਆਂ ਸਨ। ਝਾੜੀਆਂ ਦੀ ਆੜ ਵਿਚ ਸਮਾਜ ਵਿਰੋਧੀ ਤੱਤਾਂ ਨੂੰ ਲੁਕਣ ਦਾ ਮੌਕਾ ਮਿਲਦਾ ਸੀ। ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਸਮੇਂ ਦੌਰਾਨ ਅਕਸਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਝਾੜੀਆਂ ਦਾ ਸਫ਼ਾਇਆ ਹੋਣ ਨਾਲ ਟਰੈਕ ਕੰਪਲੈਕਸ ਖੁੱਲ੍ਹਾ ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਇਸ ਨਾਲ ਚੋਰੀ ਦੀਆਂ ਵਾਰਦਾਤਾਂ ’ਤੇ ਵੀ ਕਾਫ਼ੀ ਹੱਦ ਤੱਕ ਰੋਕ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉੱਥੇ ਹੀ ਬਾਥਰੂਮਾਂ ਦੀ ਰੈਗੂਲਰ ਸਫ਼ਾਈ ਹੋਣ ਨਾਲ ਗੰਦਗੀ ਤੇ ਬਦਬੂ ਦੀ ਸਮੱਸਿਆ ਘੱਟ ਹੋਈ ਹੈ। ਪਹਿਲਾਂ ਲੋਕ ਇਨ੍ਹਾਂ ਦੇ ਇਸਤੇਮਾਲ ਤੋਂ ਕਤਰਾਉਂਦੇ ਸਨ, ਪਰ ਹੁਣ ਬਿਨਾਂ ਝਿਜਕ ਬਾਥਰੂਮਾਂ ਦਾ ਇਸਤੇਮਾਲ ਕਰ ਪਾ ਰਹੇ ਹਨ। ਜਗਤਾਰ ਸਿੰਘ, ਪਿੰਡ ਬੋਲੀਆਂ ਜ਼ਿਲ੍ਹਾ ਅੰਮ੍ਰਿਤਸਰ ਨੇ ਕਿਹਾ ਕਿ ਡਰਾਈਵਿੰਗ ਟਰੈਕ ਕੰਪਲੈਕਸ ਵਿਚ ਝਾੜੀਆਂ ਤੇ ਗੰਦਗੀ ਦੇਖ ਕੇ ਕਾਫ਼ੀ ਪ੍ਰੇਸ਼ਾਨੀ ਹੁੰਦੀ ਸੀ। ਹੁਣ ਸਫ਼ਾਈ ਹੋਣ ਨਾਲ ਮਾਹੌਲ ਬਿਹਤਰ ਹੋਇਆ ਹੈ। ਬਾਥਰੂਮ ਵੀ ਸਾਫ਼ ਹਨ, ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ ਮਿਲ ਰਹੀ ਹੈ। ਰੁਪਿੰਦਰ ਸਿੰਘ, ਸੁਲਤਾਨਵਿੰਡ ਰੋਡ ਨੇ ਕਿਹਾ ਕਿ ਪਹਿਲਾਂ ਚੋਰੀ ਦੀਆਂ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਸੀ। ਝਾੜੀਆਂ ਦੀ ਵਜ੍ਹਾ ਨਾਲ ਕੰਪਲੈਕਸ ਦੇ ਕਈ ਹਿੱਸਿਆਂ ’ਤੇ ਨਜ਼ਰ ਰੱਖਣਾ ਮੁਸ਼ਕਲ ਸੀ। ਹੁਣ ਝਾੜੀਆਂ ਹਟਣ ਨਾਲ ਖੁੱਲ੍ਹਾਪਣ ਆਇਆ ਹੈ ਤੇ ਸੁਰੱਖਿਆ ਦੇ ਲਿਹਾਜ਼ ਨਾਲ ਵੀ ਸਥਿਤੀ ਬਿਹਤਰ ਹੋਈ ਹੈ।
ਮਨਿੰਦਰ ਸਿੰਘ, ਏਟੀਓ ਤੇ ਟਰੈਕ ਇੰਚਾਰਜ ਨੇ ਕਿਹਾ ਕਿ ਆਰਟੀਓ ਹਿਤੇਸ਼ਵੀਰ ਗੁਪਤਾ ਦੀ ਸਪੱਸ਼ਟ ਹਦਾਇਤ ਹੈ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਵਿੱਚ ਆਉਂਦੇ ਲੋਕਾਂ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ ਤੇ ਸਵੱਛ ਵਾਤਾਵਰਣ ਉਪਲਬਧ ਕਰਵਾਇਆ ਜਾਵੇ। ਇੱਥੇ ਸਫ਼ਾਈ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ’ਤੇ ਕੰਮ ਕੀਤਾ ਜਾ ਰਿਹਾ ਹੈ। ਹਾਲਾਕਿ ਦਫ਼ਤਰੀ ਕੰਮਕਾਜ ਪ੍ਰਭਾਵਿਤ ਨਾ ਹੋਵੇ ਤੇ ਡਰਾਈਵਿੰਗ ਟੈਸਟ ਬਿਨਾਂ ਰੁਕਾਵਟ ਚਲਦੇ ਰੱਖਣ ਦੀ ਵੱਡੀ ਚੁਣੌਤੀ ਸੀ। ਇਸੇ ਲਈ ਹੀ ਇਹ ਸਾਰੇ ਸੁਧਾਰਕ ਕੰਮ ਸਰਕਾਰੀ ਛੁੱਟੀ ਦੌਰਾਨ ਕਰਵਾਏ ਜਾ ਰਹੇ ਹਨ। ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਡਰਾਈਵਿੰਗ ਟਰੈਕ ਦਾ ਮਾਹੌਲ ਸਾਫ਼-ਸੁਥਰਾ ਦੇਖਣ ਨੂੰ ਮਿਲੇਗਾ।