ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ’ਚ ਡਾ. ਸਵਰਾਜ ਗਰੋਵਰ ਦਾ ਨਾਂ ਦਰਜ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਇੰਟਰਨੈਸ਼ਨਲ
Publish Date: Tue, 01 Sep 2026 04:22 PM (IST)
Updated Date: Tue, 01 Sep 2026 04:25 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਇੰਟਰਨੈਸ਼ਨਲ ਸੈਕਟਰੀ, ਯੂਐਸਏ ਦੇ ਸ਼੍ਰੀ ਟੌਮ ਵਾਸ਼ਿੰਗਟਨ, ਇੰਟਰਨੈਸ਼ਨਲ ਚੇਅਰਮੈਨ ਡਾ. ਅਵਿਨਾਸ਼ ਡੀ. ਸਕੁੰਡੇ ਤੇ ਉਨ੍ਹਾਂ ਦੀ ਵੈਰੀਫਿਕੇਸ਼ਨ ਕਮੇਟੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਸਾਲ 1968 ਤੋਂ ਲਗਾਤਾਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਨਿਸ਼ਕਾਮ ਤੇ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਲੋਕ-ਭਲਾਈ ਦੇ ਕਾਰਜਾਂ ਲਈ ਡਾ. ਸਵਰਾਜ ਗਰੋਵਰ ਦਾ ਨਾਮ ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਸ਼ਾਮਲ ਕੀਤਾ ਗਿਆ ਹੈ। ਡਾ. ਸਵਰਾਜ ਗਰੋਵਰ ਨੇ ਆਪਣੇ ਜੀਵਨ ਦੇ ਲਗਭਗ ਛੇ ਦਹਾਕਿਆਂ ਦੌਰਾਨ 25,000 ਤੋਂ ਵੱਧ ਟੁੱਟੇ ਹੋਏ ਪਰਿਵਾਰਾਂ ਨੂੰ ਜੋੜਣ, ਘਰੇਲੂ ਹਿੰਸਾ, ਭਰੂਣ ਹੱਤਿਆ, ਨਸ਼ਾਖੋਰੀ, ਦਾਜ ਪ੍ਰਥਾ ਅਤੇ ਬਾਲ ਵਿਆਹ ਦੇ ਵਿਰੁੱਧ ਕਾਰਜ ਕਰਨ ਦੇ ਨਾਲ-ਨਾਲ ਦਾਜ ਰਹਿਤ ਵਿਆਹ ਸੰਪੰਨ ਕਰਵਾਉਣ ਅਤੇ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਦੇ ਮੁੜ ਵਿਆਹ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਝੁੱਗੀ-ਝੋਂਪੜੀ ਵਾਲੇ ਤੇ ਪੇਂਡੂ ਖੇਤਰਾਂ ਵਿਚ ਲੋਕ-ਭਲਾਈ ਦੇ ਕਾਰਜ ਕਰਦੇ ਹੋਏ ਹਜ਼ਾਰਾਂ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਬਜ਼ੁਰਗਾਂ, ਦਿਵਿਆਂਗਜਨਾਂ, ਸਿਹਤ, ਵਾਤਾਵਰਣ ਅਤੇ ਸਮਾਜਿਕ ਜਾਗਰੂਕਤਾ ਦੇ ਖੇਤਰਾਂ ਵਿਚ ਵੀ ਲਗਾਤਾਰ ਸੇਵਾ ਕਾਰਜ ਕੀਤੇ ਹਨ। ਉਨ੍ਹਾਂ ਦੀ ਸਮਾਜ ਸੇਵਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੀ ਵਿਸ਼ੇਸ਼ ਪਹਿਚਾਣ ਮਿਲੀ ਹੈ। ਦੱਖਣੀ ਅਮਰੀਕਾ, ਹਾਲੈਂਡ, ਮੌਰੀਸ਼ਸ, ਚੀਨ, ਸਿੰਗਾਪੁਰ, ਨੇਪਾਲ, ਥਾਈਲੈਂਡ, ਮੈਲਬਰਨ, ਸਿਡਨੀ, ਸ੍ਰੀਲੰਕਾ ਅਤੇ ਮਿਆਂਮਾਰ ਸਮੇਤ ਕਈ ਦੇਸ਼ਾਂ ਅਤੇ ਭਾਰਤ ਦੇ ਲਗਭਗ ਸਾਰੇ ਰਾਜਾਂ ਵਿਚ ਉਨ੍ਹਾਂ ਨੂੰ ਵੱਖ-ਵੱਖ ਸਮਾਜਿਕ ਤੇ ਲੋਕ-ਭਲਾਈ ਦੇ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਅੰਤਰਰਾਸ਼ਟਰੀ ਉਪਲਬਧੀ ਨੂੰ ਡਾ. ਸਵਰਾਜ ਗਰੋਵਰ ਨੇ ਭਾਰਤ ਮਾਤਾ ਦੇ ਚਰਨਾਂ ਵਿਚ ਸਮਰਪਿਤ ਕਰਦਿਆਂ ਕਿਹਾ ਕਿ ਆਖਰੀ ਸਾਹ ਤੱਕ ਪੀੜਤਾਂ ਦੀ ਪੀੜਾ ਦੂਰ ਕਰਨ ਦਾ ਉਨ੍ਹਾਂ ਦਾ ਸੰਕਲਪ ਜਾਰੀ ਰਹੇਗਾ।