ਵਿਸ਼ਵ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਿਵਲ ਸਰਜਨ ਅੰਮ੍ਰਿਤਸਰ ਡਾ. ਭਾਰਤੀ ਧਵਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਸ਼ਮੀ ਵਿੱਜ ਦੀ ਅਗਵਾਈ ਹੇਠ ਜ਼ਿਲ੍ਹਾ ਲੈਪ੍ਰੋਸੀ ਅਫਸਰ ਡਾ. ਸੁਨੀਤਾ ਵੱਲੋਂ ਸ੍ਰੀ ਗੁਰੂ ਰਾਮਦਾਸ ਕੁਸ਼ਟ ਆਸ਼ਰਮ
Publish Date: Mon, 05 Oct 2026 04:13 PM (IST)
Updated Date: Mon, 05 Oct 2026 04:14 PM (IST)
100 ਕੁਸ਼ਟ ਰੋਗੀਆਂ ਨੂੰ ਐੱਮਸੀਆਰ ਫੁੱਟਵੇਅਰ ਤੇ ਅਲਸਰ ਕੇਅਰ ਕਿੱਟਾਂ ਵੰਡੀਆਂ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਿਵਲ ਸਰਜਨ ਅੰਮ੍ਰਿਤਸਰ ਡਾ. ਭਾਰਤੀ ਧਵਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਸ਼ਮੀ ਵਿੱਜ ਦੀ ਅਗਵਾਈ ਹੇਠ ਜ਼ਿਲ੍ਹਾ ਲੈਪ੍ਰੋਸੀ ਅਫਸਰ ਡਾ. ਸੁਨੀਤਾ ਵੱਲੋਂ ਸ੍ਰੀ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਅੰਮ੍ਰਿਤਸਰ ਵਿਖੇ ਵਿਸ਼ਵ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਤਹਿਤ ਵਿਸ਼ੇਸ਼ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ। ਰੋਗੀਆਂ ਨੂੰ ਸਿਹਤ ਸਮੱਗਰੀ ਅਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ। ਕੈਂਪ ਦੌਰਾਨ ਆਸ਼ਰਮ ਵਿਚ ਰਹਿ ਰਹੇ ਲਗਭਗ 100 ਕੁਸ਼ਟ ਰੋਗੀਆਂ ਨੂੰ ਐੱਮਸੀਆਰ ਫੁੱਟਵੇਅਰ ਅਤੇ ਅਲਸਰ ਕੇਅਰ ਕਿੱਟਾਂ ਵੰਡੀਆਂ ਗਈਆਂ। ਸਿਹਤ ਵਿਭਾਗ ਦੀ ਟੀਮ ਵੱਲੋਂ ਰੋਗੀਆਂ ਦਾ ਮੈਡੀਕਲ ਚੈਕਅੱਪ ਵੀ ਕੀਤਾ ਗਿਆ। ਡਾ. ਰਸ਼ਮੀ ਵਿੱਜ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗੀਆਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ, ਇਲਾਜ ਅਤੇ ਦੇਖਭਾਲ ਲਈ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਐੱਮਸੀਆਰ ਫੁੱਟਵੇਅਰ ਅਤੇ ਅਲਸਰ ਕੇਅਰ ਕਿੱਟਾਂ ਵੰਡਣ ਦਾ ਮੁੱਖ ਉਦੇਸ਼ ਰੋਗੀਆਂ ਨੂੰ ਪੈਰਾਂ ਨਾਲ ਸਬੰਧਤ ਜਟਿਲਤਾਵਾਂ ਤੋਂ ਬਚਾਉਣਾ ਤੇ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਹੈ। ਜ਼ਿਲ੍ਹਾ ਲੈਪ੍ਰੋਸੀ ਅਫਸਰ ਡਾ. ਸੁਨੀਤਾ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਦੌਰਾਨ ਆਮ ਲੋਕਾਂ ਨੂੰ ਕੁਸ਼ਟ ਰੋਗ ਦੇ ਲੱਛਣਾਂ, ਇਲਾਜ ਅਤੇ ਦਵਾਈਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਲਾਲ, ਚਿੱਟੇ ਜਾਂ ਤਾਂਬੇ ਰੰਗ ਦਾ ਅਜਿਹਾ ਨਿਸ਼ਾਨ, ਜਿਸ ਵਿਚ ਛੋਹ ਜਾਂ ਗਰਮੀ-ਠੰਢ ਦੀ ਮਹਿਸੂਸ ਨਾ ਹੋਵੇ, ਕੁਸ਼ਟ ਰੋਗ ਦੀ ਸੰਭਾਵਿਤ ਨਿਸ਼ਾਨੀ ਹੋ ਸਕਦਾ ਹੈ। ਇਸ ਤੋਂ ਇਲਾਵਾ ਹੱਥਾਂ ਜਾਂ ਪੈਰਾਂ ’ਤੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਛਾਲੇ ਪੈਣਾ ਜਾਂ ਜ਼ਖ਼ਮ ਹੋ ਜਾਣਾ ਵੀ ਇਸ ਰੋਗ ਦੇ ਲੱਛਣਾਂ ਵਿੱਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨ। ਕੁਸ਼ਟ ਰੋਗ ਦਾ ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਉਪਲਬਧ ਹੈ। ਜ਼ਿਲ੍ਹਾ ਐੱਮਈਆਈਓ ਅਮਰਦੀਪ ਸਿੰਘ ਨੇ ਕਿਹਾ ਕਿ ਕੁਸ਼ਟ ਰੋਗ ਨਾਲ ਪੀੜਤ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਜਾਂ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਮਾਜ ਦਾ ਫਰਜ਼ ਹੈ ਕਿ ਕੁਸ਼ਟ ਰੋਗੀਆਂ ਨੂੰ ਸਨਮਾਨ ਤੇ ਸਹਿਯੋਗ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਇਲਾਜ ਵਿਚ ਹਰ ਸੰਭਵ ਮਦਦ ਕੀਤੀ ਜਾਵੇ। ਇਸ ਮੌਕੇ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਮਨਜਿੰਦਰ ਕੌਰ ਸਮੇਤ ਸਿਹਤ ਵਿਭਾਗ ਦਾ ਸਮੂਹ ਸਟਾਫ ਹਾਜ਼ਰ ਸੀ।