ਅੰਮ੍ਰਿਤਸਰ ਨੂੰ ਵਿਸ਼ਵ ਪੱਧਰੀ ਪਛਾਣ ਦਿਵਾਉਣ ਲਈ ਤਰੁਣ ਚੁੱਘ ਨੂੰ ਦਿੱਤਾ ਮੰਗ ਪੱਤਰ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਦਫ਼ਤਰ ਇੰਚਾਰਜ ਤਰੁਣ ਚੁੱਘ ਨੇ ਅੰਮ੍ਰਿਤਸਰ ਵਿਕਾਸ ਮੰਚ ਦੀ ਇਕੱਤਰਤਾ ਵਿਚ ਸ਼ਾਮਲ ਹੋ ਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਸਬੰਧੀ ਭਖਦੀਆਂ ਮੰਗਾਂ
Publish Date: Fri, 25 Sep 2026 04:20 PM (IST)
Updated Date: Fri, 25 Sep 2026 04:21 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਦਫ਼ਤਰ ਇੰਚਾਰਜ ਤਰੁਣ ਚੁੱਘ ਨੇ ਅੰਮ੍ਰਿਤਸਰ ਵਿਕਾਸ ਮੰਚ ਦੀ ਇਕੱਤਰਤਾ ਵਿਚ ਸ਼ਾਮਲ ਹੋ ਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਸਬੰਧੀ ਭਖਦੀਆਂ ਮੰਗਾਂ ਉਜਾਗਰ ਕਰਦੇ ਮੰਗ ਪੱਤਰ ਲਏ ਅਤੇ ਯਕੀਨ ਦਿੱਤਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਨਾਲ ਸਬੰਧਤ ਇਨ੍ਹਾਂ ਮਹੱਤਵਪੂਰਨ ਮਸਲਿਆਂ ਦੇ ਨਿਪਟਾਰੇ ਲਈ ਸਬੰਧਤ ਕੇਂਦਰੀ ਮੰਤਰੀਆਂ ਨੂੰ ਮਿਲਣਗੇ। ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਦੇ ਪ੍ਰਸ਼ਾਸਨਿਕ, ਅਕਾਦਮਿਕ ਅਤੇ ਰਹਾਇਸ਼ੀ ਬਲਾਕਾਂ ਦੀ ਉਸਾਰੀ ਲਈ ਲਈ ਲੋੜੀਂਦੀ ਜ਼ਮੀਨ ਦੀ ਖ਼ਰਦਦਾਰੀ ਕਰਨ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਪ੍ਰਾਪਤੀ ਐਕਟ ਦੇ ਸੈਕਸ਼ਨ 19 ਅਧੀਨ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਜ਼ਮੀਨ ਦੀ ਖਰੀਦ ਕਰਨ ਦੀ ਉਮੀਦ ਧੁੰਦਲੀ ਹੋ ਗਈ ਹੈ। ਇਸ ਲਈ ਕਿਸਾਨੀ ਲਈ ਵਰਦਾਨ ਸਾਬਿਤ ਹੋਣ ਵਾਲੇ ਇਸ ਕੇਂਦਰੀ ਬਾਗਬਾਨੀ ਵਿੱਦਿਅਕ ਅਤੇ ਖੋਜ ਸੰਸਥਾਨ, ਅੰਮ੍ਰਿਤਸਰ ਦੀ ਸਥਾਪਨਾ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਹੀ ਜ਼ਮੀਨ ਦੀ ਖ਼ਰੀਦ ਕਰ ਲੈਣੀ ਚਾਹੀਦੀ ਹੈ। ਸਰਪ੍ਰਸਤ ਮਨਮੋਹਣ ਸਿੰਘ ਬਰਾੜ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ਮੌਕੇ ਕੇਂਦਰੀ ਸਰਕਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਏਮਜ਼ ਜਾਂ ਪੀਜੀਆਈ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੈਡੀਕਲ ਟੂਰਿਜ਼ਮ ਲਈ ਪ੍ਰਫੁੱਲਿਤ ਕਰਨ ਲਈ ਭਾਰਤ ਦੇ ਜਿਹੜੇ 17 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ, ਉਨ੍ਹਾਂ ਵਿੱਚ ਅੰਮ੍ਰਿਤਸਰ ਵੀ ਸ਼ਾਮਲ ਹੈ। ਕੁਲਦੀਪ ਸਿੰਘ ਬੋਪਾਰਾਏ, ਜਵਾਹਰਲਾਲ ਸਿੰਘ ਅਤੇ ਜਸਪਾਲ ਸਿੰਘ ਨੇ ਹਜ਼ਾਰਾਂ ਹਵਾਈ ਯਾਤਰੀਆਂ ਅਤੇ ਹਵਾਈ ਅਮਲੇ ਨੂੰ ਦਰਪੇਸ਼ ਮੁਸ਼ਕਲਾਂ ਦਾ ਵਰਨਣ ਕਰਦਿਆਂ ਹੋਇਆਂ ਮੰਗ ਕੀਤੀ ਕਿ ਗੁਮਟਾਲਾ ਬਾਈਪਾਸ ਤੋਂ ਹਵਾਈ ਅੱਡਾ ਅੰਮ੍ਰਿਤਸਰ ਤਕ ਐਲੀਵੇਟਿਡ ਰੋਡ ਦਾ ਨਿਰਮਾਣ ਕਰਨ ਲਈ ਕੇਂਦਰੀ ਮੰਤਰੀ ਸ਼੍ਰੀ ਨਿਿਤਨ ਗਡਕਰੀ ਪਾਸੋਂ ਪ੍ਰਵਾਨਗੀ ਲਈ ਜਾਵੇ। ਪ੍ਰਧਾਨ ਸੁਰਿੰਦਰਜੀਤ ਸਿੰਘ, ਗੁਰਮੀਤ ਸਿੰਘ ਭੱਟੀ ਅਤੇ ਪ੍ਰੋ. ਰਾਜਵਿੰਦਰਜੀਤ ਸਿੰਘ ਨੇ ਕਿਹਾ ਕਿ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੇਂਦਰੀ ਸਰਕਾਰ ਵੱਲੋਂ ਲੋੜੀਂਦੇ ਫੰਡ ਜਾਰੀ ਕਰਕੇ ਪ੍ਰਭਾਵੀ ਕਾਰਵਾਈ ਕੀਤੀ ਜਾਵੇ। ਜਤਿੰਦਰਪਾਲ ਸਿੰਘ ਨਿਊ ਅੰਮ੍ਰਿਤਸਰ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਭਗਤਾਂਵਾਲਾ ਡੰਪ ਨੂੰ ਸ਼ਹਿਰੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ। ਜਤਿੰਦਰਪਾਲ ਸਿੰਘ ਤਿਲਕ ਨਗਰ ਵੱਲੋਂ ਦੇਸ਼ ਦੀ ਸੁਰੱਖਿਆ ਅਤੇ ਵਕਾਰ ਲਈ ਅਹਿਮ ਮਹੱਤਵ ਰੱਖਦੇ, ਰੇਡੀਓ ਅਤੇ ਟੀਵੀ ਸਟੇਸ਼ਨ, ਘਰਿੰਡਾ ਦੇ ਟਾਵਰ ਨੂੰ ਤਿੰਨ ਸੌ ਮੀਟਰ ਦੀ ਉਚਾਈ ਤੱਕ ਉਸਾਰਨ ਅਤੇ ਅੰਮ੍ਰਿਤਸਰ ਵਿੱਚ ਰਿਕਾਰਡਿੰਗ ਸਟੂਡੀਓ ਅਤੇ ਹੋਰ ਸਾਜ਼ੋ ਸਾਮਾਨ ਮੁੱਹਈਆ ਕਰਵਾਉਣ ਦੀ ਮੰਗ ਪੇਸ਼ ਕੀਤੀ। ਤਰੁਣ ਚੁੱਘ ਨੇ ਸਾਰੇ ਮਸਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਾਰੀਆਂ ਜ਼ਰੂਰਤਾਂ ਨੂੰ ਦਰਸਾਉਂਦੇ ਮੰਗ ਪੱਤਰ ਹਾਸਲ ਕਰਕੇ ਯਕੀਨ ਦਿੱਤਾ ਹੈ ਉਹ ਖ਼ੁਦ ਕੇਂਦਰੀ ਮੰਤਰੀਆਂ ਦੇ ਸਹਿਯੋਗ ਸਦਕਾ ਗੁਰੂ ਨਗਰੀ ਅੰਮ੍ਰਿਤਸਰ ਨੂੰ ਵਿਸ਼ਵ ਪੱਧਰੀ ਪਹਿਚਾਣ ਦਿਵਾਉਣ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸੁਹਿਰਦ ਯਤਨ ਕਰਨਗੇ। ਇਸ ਮੌਕੇ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੱਖ ਸਟੱਡੀਜ਼ ਵਿਭਾਗ ਦੇ ਡੀਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ, ਕੁਲਵਿੰਦਰ ਸਿੰਘ ਮਰਵਾਹਾ, ਸੰਗੀਤ ਉਦਯੋਗਪਤੀ ਇੰਦਰਬੀਰ ਸਿੰਘ, ਡਾ. ਸਵਿੰਦਰਜੀਤ ਸਿੰਘ ਜੋਸਨ, ਕਰਨਲ ਗਗਨਦੀਪ ਸਿੰਘ, ਤਰਸੇਮ ਕੁਮਾਰ ਸ਼ਰਮਾ ਆਦਿ ਮੌਜੂਦ ਸਨ।