ਵੱਲਾ ਫਲਾਈਓਵਰ ਨਿਰਮਾਣ ’ਚ ਦੇਰੀ ਬਣੀ ਰਹੀ ਪਰੇਸ਼ਾਨੀ : ਗੋਰਾ ਰੰਧਾਵਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੱਲਾ ਫਲਾਈਓਵਰ ਦੀ ਲੰਬੇ ਸਮੇਂ ਤੋਂ ਚੱਲ ਰਹੀ ਉਸਾਰੀ ਵਿਚ ਹੋ ਰਹੀ ਦੇਰੀ ਨੂੰ ਭਾਜਪਾ ਦੀ ਨਾਕਾਮ ਕਾਰਗੁਜ਼ਾਰੀ ਅਤੇ ਖੋਖਲੇ ਵਿਕਾਸ ਮਾਡਲ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਇਹ ਪ੍ਰਗਟਾਵਾ ਸ਼੍ਰੋਮਣੀ
Publish Date: Fri, 02 Oct 2026 04:20 PM (IST)
Updated Date: Fri, 02 Oct 2026 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੱਲਾ ਫਲਾਈਓਵਰ ਦੀ ਲੰਬੇ ਸਮੇਂ ਤੋਂ ਚੱਲ ਰਹੀ ਉਸਾਰੀ ਵਿਚ ਹੋ ਰਹੀ ਦੇਰੀ ਨੂੰ ਭਾਜਪਾ ਦੀ ਨਾਕਾਮ ਕਾਰਗੁਜ਼ਾਰੀ ਅਤੇ ਖੋਖਲੇ ਵਿਕਾਸ ਮਾਡਲ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਰਣਧੀਰ ਸਿੰਘ ਗੋਰਾ ਰੰਧਾਵਾ ਨੇ ਕੀਤਾ। ਰਣਧੀਰ ਸਿੰਘ ਗੋਰਾ ਰੰਧਾਵਾ ਨੇ ਕਿਹਾ ਕਿ ਪਿਛਲੇ ਛੇ ਤੋਂ ਸੱਤ ਸਾਲਾਂ ਤੋਂ ਬਣ ਰਿਹਾ ਵੱਲਾ ਫਲਾਈਓਵਰ ਅੱਜ ਵੀ ਅਧੂਰਾ ਪਿਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਹਰ ਰੋਜ਼ ਟਰੈਫਿਕ ਜਾਮ, ਧੂੜ-ਮਿੱਟੀ ਤੇ ਹੋਰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫਲਾਈਓਵਰ ਕੇਂਦਰ ਦੀ ਮੋਦੀ ਸਰਕਾਰ ਦੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਬਣਾਇਆ ਜਾ ਰਿਹਾ ਹੈ । ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਅੱਜ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਅਤੇ ਸਰਕਾਰ ਦੀ ਅਣਗਹਿਲੀ ਦਾ ਪ੍ਰਤੀਕ ਬਣ ਚੁੱਕਾ ਹੈ। ਉਨ੍ਹਾਂ ਕਿਹਾ ਇਹ ਸਿਰਫ਼ ਵੱਲਾ ਫਲਾਈਓਵਰ ਦੀ ਗੱਲ ਨਹੀਂ ਹੈ। ਅੰਮ੍ਰਿਤਸਰ ਵਿੱਚ ਰੀਗੋ ਬ੍ਰਿਜ ਸਮੇਤ ਕਈ ਕੇਂਦਰੀ ਪ੍ਰੋਜੈਕਟ ਸਾਲਾਂ ਤੋਂ ਅਧੂਰੇ ਪਏ ਹਨ। ਭਾਜਪਾ ਦੇ ਆਗੂ ਚੋਣਾਂ ਵੇਲੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਜਦੋਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀ ਕਾਰਗੁਜ਼ਾਰੀ ਜ਼ੀਰੋ ਨਜ਼ਰ ਆਉਂਦੀ ਹੈ। ਰਣਧੀਰ ਸਿੰਘ ਗੋਰਾ ਰੰਧਾਵਾ ਨੇ ਕਿਹਾ ਕਿ ਅੱਜ ਸਥਾਨਕ ਲੋਕਾਂ ਵੱਲੋਂ ਫਲਾਈਓਵਰ ਦੇ ਕੰਮ ਵਿੱਚ ਹੋ ਰਹੀ ਦੇਰੀ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ ਅਤੇ ਪ੍ਰਸ਼ਾਸਨ ਤੋਂ ਇਸ ਨੂੰ ਜਲਦ ਮੁਕੰਮਲ ਕਰਨ ਦੀ ਮੰਗ ਕੀਤੀ ਗਈ। ਪਰ ਅਧਿਕਾਰੀਆਂ ਕੋਲ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਸੀ। ਠੇਕੇਦਾਰ ਵੱਲੋਂ ਕੰਮ ਛੱਡਣ ਤੇ ਨਵੇਂ ਟੈਂਡਰਾਂ ਦੀ ਸੰਭਾਵਨਾ ਇਹ ਦਰਸਾਉਂਦੀ ਹੈ ਕਿ ਲੋਕਾਂ ਨੂੰ ਹਾਲੇ ਹੋਰ ਲੰਬਾ ਸਮਾਂ ਖੱਜਲ-ਖੁਆਰ ਹੋਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਇਸ਼ਤਿਹਾਰਾਂ ਰਾਹੀਂ ਵਿਕਾਸ ਦਾ ਭਰਮ ਪੈਦਾ ਕਰਨ ਦੀ ਬਜਾਏ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ। ਵੱਲਾ ਫਲਾਈਓਵਰ ਵਰਗੇ ਅਧੂਰੇ ਪ੍ਰੋਜੈਕਟ ਭਾਜਪਾ ਦੇ ਵਿਕਾਸ ਮਾਡਲ ਦੀ ਅਸਲ ਸੱਚਾਈ ਨੂੰ ਬੇਨਕਾਬ ਕਰ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਵੱਲਾ ਫਲਾਈਓਵਰ ਦਾ ਕੰਮ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਹੁਣ ਖੋਖਲੇ ਦਾਅਵਿਆਂ ਅਤੇ ਐਲਾਨਾਂ ਤੋਂ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਨਜ਼ਰ ਆਉਣ ਵਾਲੇ ਵਿਕਾਸ ਤੋਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਲੋਕਾਂ ਨੂੰ ਹੋਰ ਉਡੀਕ ਕਰਵਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਅਤੇ ਭਾਜਪਾ ਨੂੰ ਆਪਣੇ ਅਧੂਰੇ ਪ੍ਰੋਜੈਕਟਾਂ ਅਤੇ ਨਾਕਾਮ ਕਾਰਗੁਜ਼ਾਰੀ ਲਈ ਜਨਤਾ ਅੱਗੇ ਜਵਾਬਦੇਹ ਬਣਨਾ ਹੀ ਪਵੇਗਾ।