ਕਿਸਾਨ ਕ੍ਰੈਡਿਟ ਕਾਰਡ ਨੀਤੀ ਵਾਪਸ ਲੈਣ ਦੇ ਫ਼ੈਸਲੇ ਦਾ ਕੀਤਾ ਸਵਾਗਤ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 100 ਫੁੱਟੀ ਸੜਕ
Publish Date: Mon, 02 Nov 2026 04:29 PM (IST)
Updated Date: Mon, 02 Nov 2026 04:32 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 100 ਫੁੱਟੀ ਸੜਕ ਸਥਿਤ ਡੀਆਰ ਕੋਆਪ੍ਰੇਟਿਵ ਸੁਸਾਇਟੀਆਂ ਦੇ ਦਫ਼ਤਰ ਅੱਗੇ ਪੰਜਾਬ ਸਰਕਾਰ ਦੀ ਕਿਸਾਨ ਕ੍ਰੈਡਿਟ ਕਾਰਡ ਨੀਤੀ-2026 ਨੂੰ ਸਹਿਕਾਰੀ ਸਭਾਵਾਂ ਅਤੇ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਧਰਨਾ ਦਿੱਤਾ ਗਿਆ ਤੇ ਮੰਗ ਪੱਤਰ ਡੀਆਰ ਦੀ ਗੈਰ-ਹਾਜ਼ਰੀ ਵਿਚ ਏਆਰ ਅਜਨਾਲਾ ਅਤਿੰਦਰਪਾਲ ਸਿੰਘ ਨੂੰ ਸੌਂਪਿਆ ਗਿਆ। ਭਾਵੇਂ ਕਿਸਾਨਾਂ ਦੇ ਤਿੱਖੇ ਵਿਰੋਧ ਦੇ ਚੱਲਦਿਆਂ ਬੀਤੀ ਰਾਤ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਦੀ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਇਸ ਨੀਤੀ ਨੂੰ ਵਾਪਸ ਲੈਣ ਦਾ ਫੈਸਲਾ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਅੱਜ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਜੇਤੂ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਲਖਬੀਰ ਸਿੰਘ ਨਿਜ਼ਾਮਪੁਰ, ਸੁੱਚਾ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਹਰਜੀਤ ਸਿੰਘ ਝੀਤਾ ਤੇ ਮਾਸਟਰ ਅਮਰੀਕ ਸਿੰਘ ਸੰਗਤਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਲਗਾਤਾਰ ਸਹਿਕਾਰਤਾ ਲਹਿਰ ’ਤੇ ਮਾਰੂ ਹਮਲੇ ਕਰਕੇ ਕਿਸਾਨਾਂ ਨੂੰ ਮਿਲ ਰਹੀਆਂ ਪਹਿਲਾਂ ਤੋਂ ਪ੍ਰਾਪਤ ਸਹੂਲਤਾਂ ਖੋਹਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿਸਾਨਾਂ ਨੂੰ ਸਹਿਕਾਰਤਾ ਲਹਿਰ ਦਾ ਹਿੱਸਾ ਬਣਾਉਣ ਦੀ ਬਜਾਏ ਇਸ ਨੂੰ ਅਫ਼ਸਰਸ਼ਾਹੀ ਦੇ ਹਵਾਲੇ ਕਰਕੇ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਬੰਦ ਪਈਆਂ ਡਿਫਾਲਟਰ ਸਹਿਕਾਰੀ ਸਭਾਵਾਂ ਨੂੰ ਮੁੜ ਚਾਲੂ ਕੀਤਾ ਜਾਵੇ ਅਤੇ ਇਸ ਲਈ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਪਿਛਲੇ ਸਾਲ ਜ਼ਿਲ੍ਹੇ ਅੰਦਰ ਫੜੀਆਂ ਗਈਆਂ 600 ਬੋਰੀਆਂ ਯੂਰੀਆ ਖਾਦ ਤੇ ਹੁਣ ਇਕ ਨਿੱਜੀ ਗੋਦਾਮ ਵਿੱਚੋਂ ਬਰਾਮਦ ਹੋਈਆਂ 3300 ਬੋਰੀਆਂ ਯੂਰੀਆ ਖਾਦ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਸਕੈਂਡਲ ਦੇ ਅਸਲ ਦੋਸ਼ੀਆਂ ਨੂੰ ਬੇਨਕਾਬ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਭੁਪਿੰਦਰ ਸਿੰਘ ਤੀਰਥਪੁਰ, ਦਲਬੀਰ ਸਿੰਘ ਬੇਦਾਦਪੁਰ, ਸਵਿੰਦਰ ਸਿੰਘ ਮੀਰਾਂਕੋਟ, ਮੁਲਾਜ਼ਮ ਆਗੂ ਹਰਪਾਲ ਸਿੰਘ ਥੋਬਾ, ਅਜੀਤ ਸਿੰਘ ਤਲਵੰਡੀ, ਰਾਜਬੀਰ ਸਿੰਘ ਫਤਿਹਪੁਰ, ਸਰਬਜੀਤ ਸਿੰਘ ਗਦਲੀ ਅਤੇ ਭੁਪਿੰਦਰ ਸਿੰਘ ਬਾਲੀਆ ਆਦਿ ਹਾਜ਼ਰ ਸਨ।