ਆਲ ਇੰਡੀਆ ਰੇਡੀਓ ’ਤੇ ਗੂੰਜੇਗੀ ਡੀਏਵੀ ਦੀ ਆਵਾਜ਼ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਦੀ ਲੋਕ-ਸੰਪਰਕ ਤੇ ਜਾਗਰੂਕਤਾ ਮੁਹਿੰਮ (ਆਊਟਰੀਚ
Publish Date: Mon, 05 Oct 2026 04:14 PM (IST)
Updated Date: Mon, 05 Oct 2026 04:17 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਦੀ ਲੋਕ-ਸੰਪਰਕ ਤੇ ਜਾਗਰੂਕਤਾ ਮੁਹਿੰਮ (ਆਊਟਰੀਚ ਪਹਿਲਕਦਮੀ) ਦੇ ਹਿੱਸੇ ਵਜੋਂ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਸੰਦੀਪ ਕੁਮਾਰ ਸ਼ਰਮਾ ਈ-ਵੇਸਟ ਦੇ ਖਤਰਨਾਕ ਪ੍ਰਭਾਵਾਂ ਬਾਰੇ ਇੱਕ ਜਾਣਕਾਰੀ ਭਰਪੂਰ ਭਾਸ਼ਣ ਰਿਕਾਰਡ ਕਰਨਗੇ। ਇਹ ਪ੍ਰੋਗਰਾਮ 8 ਅਕਤੂਬਰ 2026 ਨੂੰ ਆਲ ਇੰਡੀਆ ਰੇਡੀਓ ਜਲੰਧਰ ਦੇ ਸਟੂਡੀਓ ਵਿੱਚ ਰਿਕਾਰਡ ਕੀਤਾ ਜਾਵੇਗਾ। ਇਸ ਨੂੰ 25 ਅਕਤੂਬਰ 2026 ਨੂੰ ਸਵੇਰੇ ਨੌ ਵਜੇ ਆਲ ਇੰਡੀਆ ਰੇਡੀਓ ਜਲੰਧਰ ਦੁਆਰਾ ਮੀਡੀਅਮ ਵੇਵ ਅਤੇ ਐਫ਼ਐਮ ਚੈਨਲ ਦੋਵਾਂ ਤੇ ਪ੍ਰਸਾਰਿਤ ਕੀਤਾ ਜਾਵੇਗਾ। ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਕਾਲਜ ਦੀ ਲੋਕ-ਸੰਪਰਕ ਮੁਹਿੰਮ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ, ਵਿਦਿਆਰਥੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਈ-ਵੇਸਟ ਤੋਂ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਪ੍ਰੋਗਰਾਮ ਵਿੱਚ ਈ-ਵੇਸਟ ਦੇ ਸਰੋਤਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ, ਜਿਸ ਵਿੱਚ ਪੁਰਾਣੇ ਕੰਪਿਊਟਰਾਂ, ਮੋਬਾਈਲ ਫੋਨਾਂ, ਬੈਟਰੀਆਂ, ਚਾਰਜਰਾਂ, ਟੈਲੀਵਿਜ਼ਨਾਂ, ਫਰਿੱਜਾਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਤੋਂ ਪੈਦਾ ਹੋਣ ਵਾਲੇ ਕੂੜੇ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਆਪਣੇ ਪ੍ਰੋਗਰਾਮ ਵਿੱਚ ਪ੍ਰੋ. ਸੰਦੀਪ ਕੁਮਾਰ ਸ਼ਰਮਾ ਦੱਸਣਗੇ ਕਿ ਈ-ਵੇਸਟ ਵਿੱਚ ਸਿੱਕਾ, ਪਾਰਾ, ਕੈਡਮੀਅਮ, ਕ੍ਰੋਮੀਅਮ ਅਤੇ ਹੋਰ ਹਾਨੀਕਾਰਕ ਰਸਾਇਣ ਹੁੰਦੇ ਹਨ ਜੋ ਮਿੱਟੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਈ-ਵੇਸਟ ਦਾ ਗਲਤ ਢੰਗ ਨਾਲ ਨਿਪਟਾਰਾ ਕਰਨ ਨਾਲ ਮਨੁੱਖਾਂ ਦੀ ਸਿਹਤ ਤੇ ਗੰਭੀਰ ਅਸਰ ਪੈ ਸਕਦਾ ਹੈ, ਜਿਸ ਵਿੱਚ ਸਾਹ ਦੀਆਂ ਬਿਮਾਰੀਆਂ, ਨਸਾਂ ਦੇ ਸਿਸਟਮ ਨਾਲ ਜੁੜੀਆਂ ਸਮੱਸਿਆਵਾਂ, ਗੁਰਦੇ ਦੀਆਂ ਬਿਮਾਰੀਆਂ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਸ਼ਾਮਲ ਹਨ। ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਈ-ਵੇਸਟ ਵਰਤਮਾਨ ਵਿੱਚ ਵਿਸ਼ਵ ਪੱਧਰ ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਕੂੜੇ ਦੀਆਂ ਕਿਸਮਾਂ ਵਿੱਚੋਂ ਇੱਕ ਹੈ ਅਤੇ ਇਸ ਮੁੱਦੇ ਬਾਰੇ ਜਾਗਰੂਕਤਾ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਡੀਏਵੀ ਕਾਲਜ ਅੰਮ੍ਰਿਤਸਰ ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਸੰਭਾਲ ਲਈ ਵਚਨਬੱਧ ਹੈ। ਇਹ ਜਾਗਰੂਕਤਾ ਮੁਹਿੰਮ ਕੈਂਪਸ ਤੋਂ ਬਾਹਰ ਆਮ ਲੋਕਾਂ ਤੱਕ ਸਿੱਖਿਆ ਅਤੇ ਜਾਗਰੂਕਤਾ ਪਹੁੰਚਾਉਣ ਦਾ ਇੱਕ ਅਰਥਪੂਰਨ ਉਪਰਾਲਾ ਹੈ।