ਵਿਵਾਦਾਂ ’ਚ ਘਿਰੇ ਭਾਈ ਅਮਨਦੀਪ ਸਿੰਘ ਨੇ ਆਪਣਾ ਜਨਮ ਦਿਨ ਮਨਾਉਣ ਲਈ ਸੰਗਤ ਨੂੰ ਕੀਤਾ ਉਤਸ਼ਾਹਿਤ
ਗੁਰੂ ਘਰ ਦੇ ਕੀਰਤਨੀਆਂ ਦਾ ਮੂਲ ਉਦੇਸ਼ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਇਤਿਹਾਸ ਰਾਹੀਂ ਗੁਰ ਦੇ ਲੜ ਲਾਉਂਣਾ ਹੈ ਪਰ ਭਾਈ ਅਮਨਦੀਪ ਸਿੰਘ ਨੇ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਆਪਣੇ ਜਨਮ ਦਿਨ ਨੂੰ ਮਨਾਉਂਣ ਲਈ ਸੰਗਤਾਂ ਨੂੰ ਉਤਸ਼ਾਹਿਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭਾਈ ਅਮਨਦੀਪ ਸਿੰਘ ਕਈ ਵਿਵਾਦਾਂ ’ਚ ਘਿਰ ਚੁੱਕੇ ਹਨ ਤੇ ਆਪਣਾ ਸਪੱਸ਼ਟੀਕਰਨ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਰੂਪ ਵਿਚ ਦੇ ਚੱਕੇ ਹਨ।
Publish Date: Tue, 08 Sep 2026 11:21 AM (IST)
Updated Date: Tue, 08 Sep 2026 11:24 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਦੇ ਨਾਲ ਰਹਿ ਕੇ ਬਣੇ ਕੀਰਤਨੀਏ ਭਾਈ ਅਮਨਦੀਪ ਸਿੰਘ ਨੇ ਗੁਰੂ ਆਸ਼ੇ ਤੋਂ ਭਟਕੀਆਂ ਸੰਗਤਾਂ ਨੂੰ ਹੋਰ ਭਟਕਾਉਂਣ ਦਾ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈ।
ਗੁਰੂ ਘਰ ਦੇ ਕੀਰਤਨੀਆਂ ਦਾ ਮੂਲ ਉਦੇਸ਼ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਇਤਿਹਾਸ ਰਾਹੀਂ ਗੁਰ ਦੇ ਲੜ ਲਾਉਂਣਾ ਹੈ ਪਰ ਭਾਈ ਅਮਨਦੀਪ ਸਿੰਘ ਨੇ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਆਪਣੇ ਜਨਮ ਦਿਨ ਨੂੰ ਮਨਾਉਂਣ ਲਈ ਸੰਗਤਾਂ ਨੂੰ ਉਤਸ਼ਾਹਿਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭਾਈ ਅਮਨਦੀਪ ਸਿੰਘ ਕਈ ਵਿਵਾਦਾਂ ’ਚ ਘਿਰ ਚੁੱਕੇ ਹਨ ਤੇ ਆਪਣਾ ਸਪੱਸ਼ਟੀਕਰਨ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਰੂਪ ਵਿਚ ਦੇ ਚੱਕੇ ਹਨ।
ਅੱਜ 8 ਸਤੰਬਰ ਨੂੰ ਭਾਈ ਅਮਨਦੀਪ ਸਿੰਘ ਦਾ ਜਨਮ ਦਿਨ ਫਰੀਦਾਬਾਦ ਦੀਆਂ ਸੰਗਤਾਂ ਵੱਲੋਂ ਵੱਡੇ ਧਾਰਮਿਕ ਦੀਵਾਨ ਰੱਖ ਕੇ ਮਨਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਉਪਰੋਕਤ ਫਰੀਦਾਬਾਦ ਦੀਆਂ ਸੰਗਤਾਂ ਧਾਰਮਿਕ ਦੀਵਾਨ ਰਾਹੀਂ ਨਾ ਤਾਂ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਮਨਾਉਂਦੀਆਂ ਹਨ ਤੇ ਨਾ ਹੀ ਭਗਤਾਂ ਤੇ ਹੋਰ ਸਿੰਘਾਂ ਦੇ ਇਤਿਹਾਸਕ ਦਿਹਾੜਿਆਂ ਨੂੰ ਮਨਾਉਂਦੀਆਂ ਹਨ।
ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਭਾਈ ਅਮਨਦੀਪ ਸਿੰਘ ਦਾ ਜਨਮ ਦਿਨ ਫਰੀਦਾਬਾਦ ਦੀਆਂ ਸੰਗਤਾਂ ਕਿਉਂ ਮਨਾ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਭਾਈ ਅਮਨਦੀਪ ਸਿੰਘ ਵੱਲੋਂ ਆਪਣੇ ਵਿਅਕਤੀ ਵਿਸ਼ੇਸ਼ ਦੀ ਅਹਿਮੀਅਤ ਨੂੰ ਚੁੱਕਣ ਲਈ ਇਹ ਸਮਾਗਮ ਰਖਵਾਏ ਗਏ ਹਨ।
ਇਸ ਸਬੰਧੀ ਜਦੋਂ ਭਾਈ ਅਮਨਦੀਪ ਸਿੰਘ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਦੇ ਸਹਾਇਕ ਭਾਈ ਅਮਤੇਸ਼ਵਰ ਸਿੰਘ ਨੇ ਕਿਹਾ ਕਿ ਫਰੀਦਾਬਾਦ ਵਿਖੇ ਰੱਖਿਆ ਗਿਆ ਸਮਾਗਮ ਪਹਿਲੋਂ ਤੋਂ ਹੀ ਤੈਅ ਸੀ। ਇਸੇ ਦਿਨ ਭਾਈ ਅਮਨਦੀਪ ਸਿੰਘ ਦਾ ਜਨਮ ਦਿਨ ਵੀ ਹੈ, ਸੰਗਤਾਂ ਵੱਲੋਂ ਭਾਈ ਅਮਨਦੀਪ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ।
ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਰੱਖਿਆ ਗਿਆ ਹੈ। ਸਾਰੇ ਮਹਾਂਪੁਰਖ ਆਪਣਾ ਜਨਮ ਦਿਨ ਮਨਾਉਂਣ ਲਈ ਸੰਗਤਾਂ ਨੂੰ ਕਹਿੰਦੇ ਹਨ, ਜਦਕਿ ਸ਼ੋਸ਼ਲ ਮੀਡੀਆ ’ਤੇ ਕੀਤੇ ਜਾਣ ਵਾਲੇ ਪ੍ਰਚਾਰ ਸਬੰਧੀ ਭਾਈ ਅਮਤੇਸ਼ਵਰ ਸਿੰਘ ਕੋਈ ਵੀ ਸਾਰਥਕ ਜਵਾਬ ਨਹੀਂ ਦੇ ਸਕੇ।